
ਅਮਰੀਕਾ ਦੇ ਸਿਨਸਿਨਾਟੀ ਵਿੱਚ ਕਿਸਾਨਾਂ ਦੇ ਹੱਕ ਵਿੱਚ ਵਿਸ਼ਾਲ ਰੋਸ ਪ੍ਰਦਰਸ਼ਨ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਦਸੰਬਰ:
ਨਵੀਂ ਦਿੱਲੀ ਵਿਖੇ ਦੇਸ਼ ਭਰ ਦੇ ਕਿਸਾਨਾਂ ਵੱਲੋਂ ਕੇਂਦਰੀ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕੀਤੇ ਜਾ ਰਹੇ ਸੰਘਰਸ਼ ਨੂੰ ਦੇਖਦਿਆਂ ਦੇਸ਼ ਵਿਦੇਸ਼ ਵਿੱਚ ਕਿਸਾਨਾਂ ਦੇ ਹੱਕ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਭਾਵੇਂ ਇਹ ਅੰਦੋਲਨ ਭਾਰਤ ਵਿਚ ਨਵੀਂ ਦਿੱਲੀ ਵਿਖੇ ਹੋ ਰਿਹਾ ਹੈ ਪ੍ਰੰਤੂ ਇਸ ਤਰ੍ਹਾਂ ਜਾਪਦਾ ਹੈ ਜਿਵੇਂ ਦੁਨੀਆਂ ਭਰ ਦੇ ਵੱਖ ਵੱਖ ਦੇਸ਼ਾਂ ਵਿੱਚ ਵੀ ਲੋਕਾਂ ਵਿੱਚ ਭਾਰਤ ਦੀ ਸਰਕਾਰ ਦੇ ਵਿਰੁੱਧ ਲੋਕ ਲਹਿਰ ਖੜ੍ਹੀ ਹੋ ਗਈ ਹੈ। ਲਗਪਗ ਹਰੇਕ ਦੇਸ਼ ਵਿੱਚ ਭਾਰਤੀ ਲੋਕਾਂ ਵੱਲੋਂ ਰੋਸ ਪ੍ਰਦਰਸ਼ਨ ਤੇ ਵਿਖਾਵੇ ਕੀਤੇ ਜਾ ਰਹੇ ਹਨ। ਇਸੇ ਸਬੰਧ ਵਿਚ ਅਮਰੀਕਾ ਦੇ ਸਿਨਸਿਨਾਟੀ ਵਿਖੇ ਭਾਰਤ ਦੇ ਵੱਖ ਵੱਖ ਰਾਜਾਂ ਦੇ ਕਿਸਾਨਾਂ ਵੱਲੋਂ ਦਿੱਲੀ ਸਰਕਾਰ ਦੇ ਕਿਸਾਨ ਮਾਰੂ ਜਬਰ ਵਿਰੁੱਧ ਭਾਰਤੀ ਲੋਕਾਂ ਅਤੇ ਖ਼ਾਸ ਕਰਕੇ ਪੰਜਾਬ ਦੇ ਅਮਰੀਕਾ ਵਿੱਚ ਰਹਿ ਰਹੇ ਲੋਕਾਂ ਨੇ ਵਿਸ਼ਾਲ ਰੈਲੀ ਕੱਢ ਕੇ ਕਿਸਾਨਾਂ ਦੇ ਹੱਕ ਵਿੱਚ ਜ਼ੋਰਦਾਰ ਪ੍ਰਦਰਸ਼ਨ ਕੀਤਾ। ਇਸ ਰੈਲੀ ਸਬੰਧੀ ਅਮਰੀਕਾ ਤੋਂ ਟੈਲੀਫੋਨ ਰਾਹੀਂ ਅੱਜ ਇੱਥੇ ਜਾਣਕਾਰੀ ਦਿੰਦਿਆਂ ਉੱਘੇ ਪੰਜਾਬੀ ਕਵੀ ਤੇ ਸੀਨੀਅਰ ਪੱਤਰਕਾਰ ਧਰਮਪਾਲ ਉਪਾਸ਼ਕ ਨੇ ਦੱਸਿਆ ਕਿ ਇਸ ਰੈਲੀ ਵਿੱਚ ਚਾਰ ਸੌ ਤੋਂ ਵੱਧ ਕਾਰਾਂ ਅਤੇ ਹੋਰ ਸਾਧਨਾਂ ਰਾਹੀਂ ਦੋ ਹਜ਼ਾਰ ਤੋਂ ਵੀ ਵਧੇਰੇ ਲੋਕਾਂ ਨੇ ਸ਼ਮੂਲੀਅਤ ਕੀਤੀ।
ਸ੍ਰੀ ਧਰਮਪਾਲ ਉਪਾਸ਼ਕ ਦੇ ਅਨੁਸਾਰ ਇਹ ਰੈਲੀ ਸਿਨਸਿਨਾਟੀ ਦੇ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ ਵੱਖ ਕੇਂਦਰਾਂ ਤੋਂ ਹੁੰਦੀ ਹੋਈ ਵੈਸਟ ਚੈਸਟਰ ਦੇ ਯੂਨੀਅਨ ਸੁਕੇਅਰ ਵਿਖੇ ਸ਼ਾਮ ਪੰਜ ਵਜੇ ਦੇ ਕਰੀਬ ਸਮਾਪਤ ਹੋਈ। ਰੈਲੀ ਵਿੱਚ ਸਿਨਸਿਨਾਟੀ ਨਾਲ ਲੱਗਦੇ ਡੇਟਨ, ਕੋਲੰਬਸ, ਲੂਈਵਿਲ, ਮਿਸ਼ੀਗਨ, ਇੰਡੀਆਨਾ ਅਤੇ ਹੋਰ ਸ਼ਹਿਰਾਂ ਵਿਚੋਂ ਆਏ ਲੋਕਾਂ ਨੇ ਕਿਸਾਨਾਂ ਦੇ ਹੱਕ ਵਿੱਚ ਜ਼ੋਰਦਾਰ ਵਿਖਾਵਾ ਕਰਦਿਆਂ ਕਿਸਾਨ ਵਿਰੋਧੀ ਕਾਨੂੰਨ ਤੁਰੰਤ ਵਾਪਸ ਲੈਣ ਦੀ ਅਪੀਲ ਕੀਤੀ। ਇਸ ਮੌਕੇ ਰੈਲੀ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਤਰਲੋਚਨ ਸਿੰਘ, ਡਾ ਸਤਿੰਦਰ ਸਿੰਘ, ਭਰਾਜ, ਅਨਮੋਲ ਸਿੰਘ ਮਾਵੀ, ਹਰੀਸ਼ ਵਰਮਾ (ਫ਼ਿਲਮ ਕਲਾਕਾਰ), ਬੌਬ ਖਹਿਰਾ, ਭੁਪਿੰਦਰ ਕੇ. ਮਾਵੀ, ਗੁਰਦੀਪ ਸਿੱਧੂ, ਪਰਮਿੰਦਰ ਬਾਸੀ, ਜਤਿੰਦਰ ਕੌਰ, ਲਵਪ੍ਰੀਤ ਸਿੰਘ ਪਾਬਲਾ, ਐਰਕ ਸਿੰਘ, ਅਸੀਸ ਕੌਰ, ਪ੍ਰਿੰਸੀਪਲ ਰਣਦੀਪ ਧਾਰਨੀ, ਬਲਵਿੰਦਰ ਕੌਰ ਫੰਟੂ ਅਤੇ ਹੈਮਿੰਲਟਨ ਕਾਊਂਟੀ ਕਲਰਕ ਆਪ ਕੋਰਟ ਮਿਸਟਰ ਆਫ਼ਤਾਬ ਪੁਰੇਵਾਲ ਸ਼ਾਮਿਲ ਸਨ।
ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਭਾਰਤ ਦੀ ਕੇਂਦਰ ਸਰਕਾਰ ਤੇ ਦੋਸ਼ ਲਾਇਆ ਕਿ ਉਸ ਵੱਲੋਂ ਅਨੇਕਾਂ ਟੀਵੀ ਚੈਨਲਾਂ ਤੇ ਦਬਾਅ ਪਾ ਕੇ ਕਿਸਾਨ ਸੰਘਰਸ਼ ਵਿਰੁੱਧ ਗਲਤ ਪ੍ਰਚਾਰ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਆਪਣੇ ਬਲਬੂਤੇ ਤੇ ਸੰਘਰਸ਼ ਕਰ ਰਹੇ ਹਨ ਜਿਨ੍ਹਾਂ ਨੂੰ ਦੁਨੀਆ ਭਰ ਦੇ ਲੋਕਾਂ ਅਤੇ ਕਿਸਾਨਾਂ ਦੀ ਪੂਰੀ ਹਮਾਇਤ ਪ੍ਰਾਪਤ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅਤੇ ਦੇਸ਼ ਦੇ ਸਮੂਹ ਲੋਕਾਂ ਵੱਲੋਂ ਮਿਲ ਰਹੇ ਹੁੰਗਾਰੇ ਨੂੰ ੇਂਦਰ ਚੰਗੀ ਤਰ੍ਹਾਂ ਜਾਣ ਰਹੀ ਹੈ ਕਿਸਾਨਾਂ ਦੀ ਜਿੱਤ ਜ਼ਰੂਰੀ ਹੋਵੇਗੀ। ਬੁਲਾਰਿਆ ਨੇ ਕਿਹਾ ਕਿ ਇਸ ਸਮੇਂ ਕੇਂਦਰ ਸਰਕਾਰ ਨਾਲ ਸਬੰਧਤ ਭਾਜਪਾ ਦੇ ਐੱਮਪੀ ਅਤੇ ਹੋਰ ਬੁਲਾਰੇ ਫ਼ਿਰਕੂਪੁਣੇ ਨੂੰ ਹਵਾ ਦੇਣ ਲਈ ਹਰ ਤਰ੍ਹਾਂ ਦੇ ਗਲਤ ਰੁਝਾਨ ਵਿੱਚ ਲੱਗੇ ਹੋਏ ਹਨ।
ਬੁਲਾਰਿਆਂ ਨੇ ਮੁੱਖ ਤੌਰ ’ਤੇ ਕਿਹਾ ਕਿ ਜੇ ਕੇਂਦਰ ਨੇ ਕਿਸਾਨਾਂ ਦੇ ਸ਼ਾਂਤਮਈ ਅੰਦੋਲਨ ਵਿੱਚ ਗ਼ਲਤ ਦਖ਼ਲ ਦੇਣ ਦੀ ਕੋਸ਼ਿਸ਼ ਕੀਤੀ ਤਾਂ ਇਸਦੇ ਗੰਭੀਰ ਸਿੱਟੇ ਨਿਕਲ ਸਕਦੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਦਾ ਹਰ ਵਿਅਕਤੀ ਸਿੱਧੇ ਜਾਂ ਅਸਿੱਧੇ ਤੌਰ ’ਤੇ ਖੇਤੀਬਾੜੀ ਨਾਲ ਜੁੜਿਆ ਹੋਇਆ ਹੈ ਅਤੇ ਇਸੇ ਕਰਕੇ ਸਮੁੱਚੇ ਲੋਕ ਕਿਸਾਨੀ ਸੰਘਰਸ਼ ਨਾਲ ਸਬੰਧਤ ਹਨ। ਉਨ੍ਹਾਂ ਮੰਗ ਕੀਤੀ ਕਿ ਕੇਂਦਰ ਸਰਕਾਰ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਤੁਰੰਤ ਵਾਪਸ ਲਵੇ। ਇਸ ਮੌਕੇ ਰੈਲੀ ਦਾ ਸਟੇਜ ਦਾ ਸੰਚਾਲਨ ਪ੍ਰਸਿੱਧ ਥੀਏਟਰ ਕਲਾਕਾਰ ਕੁਮਾਰ ਪਵਨਦੀਪ ਵੱਲੋਂ ਨਿਭਾਇਆ ਗਿਆ।