ਬਸਪਾ ਵੱਲੋਂ ਵਧੀਕੀਆਂ ਖ਼ਿਲਾਫ਼ ਐਸਐਸਪੀ ਦਫ਼ਤਰ ਦੇ ਬਾਹਰ ਵਿਸ਼ਾਲ ਧਰਨਾ 12 ਜੂਨ ਨੂੰ

ਜੋਤੀ ਸਿੰਗਲਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਜੂਨ:
ਬਹੁਜਨ ਸਮਾਜ ਪਾਰਟੀ (ਬਸਪਾ) ਵੱਲੋਂ ਪੰਜਾਬ ਦੀ ਸੱਤਾਧਾਰੀ ਪਾਰਟੀ ਕਾਂਗਰਸ ਨਾਲ ਸਬੰਧਤ ਵਰਕਰਾਂ ਵੱਲੋਂ ਕਥਿਤ ਤੌਰ ’ਤੇ ਗੈਰ ਕਾਂਗਰਸੀਆਂ ਨਾਲ ਕੀਤੀਆਂ ਜਾ ਰਹੀਆਂ ਵਧੀਕੀਆਂ\ਧੱਕੇਸ਼ਾਹੀਆਂ ਦੇ ਖ਼ਿਲਾਫ਼ 12 ਜੂਨ ਨੂੰ ਮੁਹਾਲੀ ਵਿੱਚ ਐਸਐਸਪੀ ਦਫ਼ਤਰ ਦੇ ਬਾਹਰ ਰੋਸ ਧਰਨਾ ਦਿੱਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਹੁਜਨ ਸਮਾਜ ਪਾਰਟੀ ਜ਼ਿਲ੍ਹਾ ਮੁਹਾਲੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਨੇ ਇੱਕ ਲਿਖਤੀ ਬਿਆਨ ਵਿੱਚ ਦੱਸਿਆ ਕਿ ਇਸ ਸਬੰਧੀ ਫੈਸਲਾ ਸ਼ਹੀਦੀ ਸਮਾਰਕ ਜ਼ਿਲ੍ਹਾ ਦਫ਼ਤਰ ਪਿੰਡ ਦਾਊਂ ਵਿਖੇ ਪੰਜਾਬ ਦੇ ਜਨਰਲ ਸਕੱਤਰ ਰਜਿੰਦਰ ਸਿੰਘ ਰਾਜਾ ਨਨਹੇੜੀਆ ਦੀ ਅਗਵਾਈ ਹੇਠ ਹੋਈ ਬਹੁਜਨ ਸਮਾਜ ਪਾਰਟੀ ਦੇ ਸੀਨੀਅਰ ਅਹੁਦੇਦਾਰਾਂ ਦੀ ਵਿਸ਼ੇਸ਼ ਮੀਟਿੰਗ ਵਿੱਚ ਕੀਤਾ ਗਿਆ ਹੈ।
ਉਹਨਾਂ ਦੱਸਿਆ ਕਿ ਮੀਟਿੰਗ ਦੌਰਾਨ ਕਾਂਗਰਸੀ ਆਗੂਆਂ ਵੱਲੋਂ ਆਮ ਲੋਕਾਂ ਨਾਲ ਕੀਤੀਆਂ ਜਾ ਰਹੀਆਂ ਧੱਕੇਸ਼ਾਹੀਆਂ ਬਾਰੇ ਵਿਚਾਰ ਕੀਤਾ ਗਿਆ ਅਤੇ ਰੋਸ ਜਾਹਿਰ ਕੀਤਾ ਗਿਆ ਕਿ ਕੋਰੋਨਾ ਮਹਾਂਮਾਰੀ ਦੇ ਕਹਿਰ ਦੌਰਾਨ ਕਾਂਗਰਸੀ ਆਗੂਆਂ ਵਲੋੱ ਆਮ ਲੋਕਾਂ ਨਾਲ ਰੱਖੀ ਜਾਂਦੀ ਸਿਆਸੀ ਰੰਜਿਸ਼ ਕਰਕੇ ਉਹਨਾਂ ਨਾਲ ਝਗੜੇ ਕੀਤੇ ਜਾਂਦੇ ਹਨ ਅਤੇ ਥਾਣਿਆਂ ਅਤੇ ਪੁਲੀਸ ਚੌਂਕੀਆਂ ਵਿੱਚ ਵੱਡੇ ਮੰਤਰੀਆਂ ਦੀਆਂ ਸਿਫਾਰਸ਼ਾਂ ਪਵਾ ਕੇ ਆਪਣੇ ਹੱਕ ਵਿੱਚ ਮਨ ਮਰਜੀ ਦੇ ਫੈਸਲੇ ਕਰਵਾਏ ਜਾ ਰਹੇ ਹਨ।
ਉਹਨਾਂ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਬਲਾਕ ਮਾਜਰੀ, ਡੇਰਾਬੱਸੀ ਅਤੇ ਹਲਕਾ ਮੁਹਾਲੀ ਦੇ ਗੁਰੂ ਨਾਨਕ ਕਲੋਨੀ ਉਦਯੋਗਿਕ ਖੇਤਰ ਫੇਜ਼-7 ਵਿਖੇ ਇਨ੍ਹਾਂ ਕਾਂਗਰਸੀ ਆਗੂਆਂ ਵੱਲੋਂ ਨਾਜਾਇਜ਼ ਝਗੜੇ ਕਰਕੇ ਸਥਾਨਕ ਲੀਡਰਾਂ ਦੀ ਸ਼ਹਿ ’ਤੇ ਗਰੀਬ ਪਰਿਵਾਰਾਂ ਨੂੰ ਥਾਣਿਆਂ ਵਿੱਚ ਬਾਰ-ਬਾਰ ਬੁਲਾ ਕੇ ਜ਼ਲੀਲ ਕਰਵਾਇਆ ਜਾ ਰਿਹਾ ਹੈ ਅਤੇ ਥਾਣਿਆਂ ਦੇ ਅਧਿਕਾਰੀਆਂ ਨੂੰ ਵੱਡੇ ਲੀਡਰਾਂ ਦੀਆਂ ਸਿਫਾਰਸ਼ਾਂ ਪਵਾ ਕੇ ਅਤੇ ਆਪਣੀ ਮਰਜੀ ਦੀਆਂ ਧਾਰਾਵਾਂ ਲਗਵਾ ਕੇ ਝੂਠੇ ਮਾਮਲੇ ਦਰਜ ਕਰਵਾਏ ਜਾ ਰਹੇ ਹਨ, ਜਿਸ ਕਰਕੇ ਗੈਰ ਕਾਂਗਰਸੀ ਪਿੰਡ ਅਤੇ ਸ਼ਹਿਰਾਂ ਦੇ ਵਸਨੀਕਾਂ ਨੂੰ ਵੱਡੇ ਪੱਧਰ ’ਤੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਸੱਤਾਧਾਰੀਆਂ ਦੀਆਂ ਇਨ੍ਹਾਂ ਕਾਰਵਾਈਆਂ ਕਰਕੇ ਆਮ ਲੋਕਾਂ ਵਿੱਚ ਕਾਂਗਰਸ ਸਰਕਾਰ ਵਿਰੁੱਧ ਵੱਡੇ ਪੱਧਰ ਤੇ ਰੋਸ ਫੈਲ ਰਿਹਾ ਹੈ ਅਤੇ ਬਹੁਜਨ ਸਮਾਜ ਪਾਰਟੀ ਵੱਲੋਂ 12 ਜੂਨ ਨੂੰ ਐਸਐਸਪੀ ਮੁਹਾਲੀ ਦੇ ਦਫ਼ਤਰ ਦੇ ਬਾਹਰ ਰੋਸ ਧਰਨਾ ਦਿੱਤਾ ਜਾ ਰਿਹਾ ਹੈ ਜਿਸ ਵਿੱਚ ਕੋਰੋਨਾ ਮਹਾਮਾਰੀ ਦੇ ਚਲਦਿਆਂ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਜਾਵੇਗੀ।
ਮੀਟਿੰਗ ਵਿੱਚ ਹੋਰਨਾਂ ਤੋੱ ਇਲਾਵਾ ਮਹਿੰਦਰਪਾਲ ਸਿੰਘ ਸਹੌੜਾਂ ਪ੍ਰਧਾਨ ਮੁਹਾਲੀ, ਮਾਸਟਰ ਨਛੱਤਰ ਸਿੰਘ ਖਰੜ, ਹਰਨੇਕ ਸਿੰਘ ਮੁੰਡੀ ਖਰੜ ਜੋਨ ਇੰਚਾਰਜ, ਕੁਲਦੀਪ ਸਿੰਘ, ਮੋਹਨ ਲਾਲ, ਧਰਮ ਸਿੰਘ, ਹਰਨੇਕ ਸਿੰਘ ਦੇਵਪੁਰੀ, ਚਰਨਜੀਤ ਸਿੰਘ ਹਲਕਾ ਪ੍ਰਧਾਨ ਡੇਰਾਬੱਸੀ, ਜਸਵਿੰਦਰ ਸਿੰਘ ਅਤੇ ਹੋਰ ਪਾਰਟੀ ਵਰਕਰ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ ਨਬਜ਼-ਏ-ਪੰਜਾਬ, ਮ…