
ਮੁਹਾਲੀ ਵਿੱਚ ਡੇਂਗੂ-ਡਾਇਰੀਆ ਹਰਾਓ ਮੁਹਿੰਮ ਨੂੰ ਲੋਕਾਂ ਦਾ ਭਰਵਾਂ ਹੁੰਗਾਰਾ
ਸਾਰੀਆਂ ਸ਼ਿਕਾਇਤਾਂ ਦੀ ਨਿੱਜੀ ਤੌਰ ’ਤੇ ਨਿਗਰਾਨੀ ਕਰਕੇ 24 ਘੰਟੇ ਵਿੱਚ ਕੀਤੀ ਜਾਵੇਗੀ ਕਾਰਵਾਈ
ਨਬਜ਼-ਏ-ਪੰਜਾਬ, ਮੁਹਾਲੀ, 26 ਜੁਲਾਈ:
ਮੁਹਾਲੀ ਦੇ ਮੇਅਰ ਅਮਰਜੀਤ ਸਿੰਘ ਸਿੱਧੂ ਨੇ ਕਿਹਾ ਕਿ ਮੁਹਾਲੀ ਨਗਰ ਨਿਗਮ ਵੱਲੋਂ ਸ਼ਹਿਰ ਵਿੱਚ ਹਾਲ ਹੀ ਵਿੱਚ ਸ਼ੁਰੂ ਕੀਤੀ ‘ਡੇਂਗੂ-ਡਾਇਰੀਆ ਹਰਾਓ’ ਮੁਹਿੰਮ ਨੂੰ ਲੋਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕ ਮੁਹਾਲੀ ’ਚੋਂ ਡੇਂਗੂ ਅਤੇ ਡਾਇਰੀਆ ਖ਼ਤਮ ਕਰਨ ਲਈ ਵਲੰਟੀਅਰ ਵਜੋਂ ਹਰ ਸਹਿਯੋਗ ਦੇਣ ਲਈ ਤਿਆਰ ਹਨ। ਉਨ੍ਹਾਂ ਦੱਸਿਆ ਕਿ ਉਸ ਦੀ ਈਮੇਲ ਨਾਗਰਿਕਾਂ ਦੇ ਸੁਨੇਹਿਆਂ ਨਾਲ ਭਰ ਗਈ ਹੈ। ਜਿਸ ਵਿੱਚ ਉਨ੍ਹਾਂ ਦੇ ਆਲੇ-ਦੁਆਲੇ ਪਾਣੀ ਵਾਲੇ ਪ੍ਰਭਾਵਿਤ ਖੇਤਰਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਨਗਰ ਨਿਗਮ ਸ਼ਹਿਰ ਵਾਸੀਆਂ ਨੂੰ ਉਨ੍ਹਾਂ ਦੇ ਬੂਹੇ ’ਤੇ ਹਰ ਸੰਭਵ ਸਹੂਲਤ ਦੇਣ ਲਈ ਵਚਨਬੱਧ ਹੈ।
ਮੇਅਰ ਨੇ ਇੱਕ ਈਮੇਲ ਸੁਨੇਹੇ ਦਾ ਹਵਾਲਾ ਦਿੰਦਿਆਂ ਕਿਹਾ ਕਿ ਸੈਕਟਰ-80 ਦੇ ਵਸਨੀਕ ਨੇ ਉਸਦੇ ਖੇਤਰ ਵਿੱਚ 5 ਪਲਾਟਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਜਿੱਥੇ ਮੀਂਹ ਦਾ ਪਾਣੀ ਭਰਿਆ ਹੋਇਆ ਸੀ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦਾ ਤੁਰੰਤ ਨੋਟਿਸ ਲੈਂਦਿਆਂ ਨਗਰ ਨਿਗਮ ਤੋਂ ਤੁਰੰਤ ਗਰਾਊਂਡ ਜ਼ੀਰੋ ’ਤੇ ਸਹਾਇਤਾ ਭੇਜ ਕੇ ਖੜ੍ਹੇ ਪਾਣੀ ਦੀ ਨਿਕਾਸੀ ਕਰਵਾਈ ਕੀਤੀ ਗਈ। ਉਨ੍ਹਾਂ ਦੱਸਿਆ ਕਿ ਬਹੁਤ ਸਾਰੀਆਂ ਈਮੇਲ ਆਈਟੀ ਸਿਟੀ, ਸੈਕਟਰ-82 ਅਤੇ ਸੈਕਟਰ-86 ਦੇ ਵਸਨੀਕਾਂ ਦੀਆਂ ਵੀ ਆਈਆਂ ਹਨ ਜੋ ਗਮਾਡਾ ਦੇ ਦਾਇਰੇ ਵਿੱਚ ਆਉਂਦੀਆਂ ਹਨ। ਜਿਨ੍ਹਾਂ ਨੂੰ ਤੁਰੰਤ ਅਗਰੇਲੀ ਕਾਰਵਾਈ ਲਈ ਗਮਾਡਾ ਨੂੰ ਭੇਜ ਦਿੱਤਾ ਗਿਆ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਫੇਜ਼-1 ਤੋਂ ਫੇਜ਼-11, ਸੈਕਟਰ-66 ਤੋਂ ਸੈਕਟਰ-71 ਅਤੇ ਸੈਕਟਰ-76 ਤੋਂ 80 ਮੁਹਾਲੀ ਨਗਰ ਨਿਗਮ ਦੇ ਦਾਇਰੇ ਵਿੱਚ ਆਉਂਦੇ ਹਨ। ਮੇਅਰ ਨੇ ਕਿਹਾ ਕਿ ਸ਼ਹਿਰ ਵਾਸੀ ਬੇਝਿਜਕ ਆਪਣੀਆਂ ਮੁਸ਼ਕਲਾਂ ਦੀ ਜਾਣਕਾਰੀ amarjitsidhu3380gmail.com ਉੱਤੇ ਭੇਜ ਸਕਦੇ ਹਨ। ਉਹ ਨਿੱਜੀ ਤੌਰ ’ਤੇ ਸ਼ਿਕਾਇਤਾਂ ਦੀ ਨਿਗਰਾਨੀ ਕਰ ਕੇ ਉਨ੍ਹਾਂ ਦਾ ਤੁਰੰਤ ਹੱਲ ਕਰਨਾ ਯਕੀਨੀ ਬਣਾਉਣਗੇ।