3582 ਮਾਸਟਰ ਕਾਡਰ ਅਧਿਆਪਕ ਯੂਨੀਅਨ ਪੰਜਾਬ ਦੀ ਹੋਈ ਅਹਿਮ ਮੀਟਿੰਗ

914 ਅੰਗਰੇਜ਼ੀ ਤੇ ਹਿੰਦੀ ਵਿਸ਼ਿਆਂ ਦੇ ਸੈਂਕੜੇ ਉਮੀਦਵਾਰਾਂ ਨੂੰ ਨੌਕਰੀ ਨਾ ਮਿਲਣ ਦਾ ਖਦਸ਼ਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਜੂਨ:
3582 ਮਾਸਟਰ ਕਾਡਰ ਅਧਿਆਪਕ ਯੂਨੀਅਨ ਪੰਜਾਬ ਦੀ ਅਹਿਮ ਮੀਟਿੰਗ ਵਿਚ ਅੱਜ ਪੁੱਡਾ ਪਾਰਕ ਵਿੱਚ ਹੋਈ। ਜਿਸ ਵਿੱਚ ਹਿੰਦੀ ਅਤੇ ਅੰਗਰੇਜ਼ੀ ਵਿਸ਼ਿਆਂ ਦੇ ਉਮੀਦਵਾਰ ਸ਼ਾਮਲ ਹੋਏ। ਯੂਨੀਅਨ ਦੇ ਪ੍ਰਧਾਨ ਰਾਜਪਾਲ ਖਨੌਰੀ ਨੇ ਚਿੰਤਾ ਪ੍ਰਗਟ ਕੀਤੀ ਕਿ 3582 ਅਧਿਆਪਕਾਂ ’ਚੋਂ ਕੁੱਝ ਅਧਿਆਪਕਾਂਨੂੰ 29 ਜੂਨ ਨੂੰ ਨਿਯੁਕਤੀ ਪੱਤਰ ਅੰਮ੍ਰਿਤਸਰ ਵਿੱਚ ਵੰਡੇ ਜਾਣੇ ਹਨ। ਜਦਕਿ ਅੰਗਰੇਜ਼ੀ ਅਤੇ ਹਿੰਦੀ ਵਿਸ਼ਿਆਂ ਦੇ ਅਧਿਆਪਕਾਂ ਨੂੰ ਇਹ ਨਿਯੁਕਤੀ ਪੱਤਰ ਨਹੀਂ ਦਿੱਤੇ ਜਾ ਰਹੇ। ਰਾਜਪਾਲ ਨੇ ਕਿਹਾ ਕਿ ਇਨ੍ਹਾਂ ਦੋ ਵਿਸ਼ਿਆਂ ਬਾਰੇ ਅਦਾਲਤ ਵਿਚ ਕਿਸੇ ਵਿਅਕਤੀ ਵਲੋਂ ਪਟੀਸ਼ਨ ਦਾਇਰ ਕਰਕੇ ਸਟੇਅ ਲੈ ਲਈ ਗਈ ਸੀ ਜੋ ਕਿ ਲੰਮੇ ਸਮੇਂ ਤੋਂ ਅਜੇ ਵੀ ਬਰਕਰਾਰ ਹੈ।
ਉਨ੍ਹਾਂ ਕਿਹਾ ਕਿ ਇਸੇ ਝਗੜੇ ਕਰਕੇ ਅੰਗਰੇਜ਼ੀ ਤੇ ਹਿੰਦੀ ਵਿਸ਼ਿਆਂ ਦੇ 914 ਅਧਿਆਪਕਾਂ ਨੂੰ ਨਿਯੁਕਤੀ ਪੱਤਰ ਨਹੀਂ ਮਿਲ ਰਹੇ। ਇਨ੍ਹਾਂ ਵਿਚ 521 ਹਿੰਦੀ ਅਤੇ 393 ਅੰਗਰੇਜ਼ੀ ਵਿਸ਼ਿਆਂ ਦੇ ਅਧਿਆਪਕ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਵਿਚ 3582 ਅਸਾਮੀਆਂ ਲਈ ਵਿਸ਼ਾ ਵਾਰ ਟੈਸਟ ਪਿਛਲੇ ਸਾਲ 8 ਤੋਂ 10 ਦਸੰਬਰ ਤਕ ਹੋਏ ਸਨ। ਉਨ੍ਹਾਂ ਕਿਹਾ ਕਿ 8 ਦਸੰਬਰ 2017 ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਹਰੀਕੇ ਪਤਨ ਵਿਖੇ ਚੱਕਾ ਜਾਮ ਕਰਕੇ ਧਰਨਾ ਲਗਾਇਆ ਹੋਇਆ ਸੀ। ਜਿਸ ਕਰਕੇ ਕੁੱਝ ਉਮੀਦਵਾਰ ਆਪਣਾ ਟੈਸਟ ਨਾ ਦੇ ਸਕੇ। ਧਰਨੇ ਕਾਰਨ ਟੈਸਟ ਨਾ ਦੇ ਸਕਣ ਵਾਲੇ ਕੁੱਝ ਉਮੀਦਵਾਰਾਂ ਨੇ ਹਿੰਦੀ ਤੇ ਅੰਗਰੇਜ਼ੀ ਵਿਸ਼ੇ ਦੇ ਨਤੀਜੇ ਤੇ ਸਟੇਅ ਲੈ ਲਈ ਜਦਕਿ ਹਾਜ਼ਰ ਉਮੀਦਵਾਰਾਂ ਦੀ ਗਿਣਤੀ 80 ਫੀਸਦੀ ਤੋਂ ਵੱਧ ਸੀ। ਉਨ੍ਹਾਂ ਕਿਹਾ ਕਿ ਹਿੰਦੀ ਤੇ ਅੰਗਰੇਜ਼ੀ ਦਾ ਵਿਸ਼ਾ ਵਾਰ ਟੈਸਟ ਦੇ ਚੁੱਕੇ ਹਜ਼ਾਰਾਂ ਉਮੀਦਵਾਰ ਪਿਛਲੇ 7 ਮਹੀਨੇ ਤੋਂ ਆਪਣੇ ਨਤੀਜੇ ਦੀ ਉਡੀਕ ਕਰ ਰਹੇ ਹਨ ਅਤੇ ਨਤੀਜਾ ਨਾ ਆਉਣ ਕਰਕੇ ਮਾਨਸਿਕ ਸੰਤਾਪ ਹੰਢਾ ਰਹੇ ਹਨ।
ਉਨ੍ਹਾਂ ਸਰਕਾਰ ਅਤੇ ਸਿੱਖਿਆ ਵਿਭਾਗ ਤੋਂ ਮੰਗ ਕੀਤੀ ਕਿ ਨਿੱਜੀ ਦਿਲਚਸਪੀ ਲੈ ਕੇ ਹਿੰਦੀ ਤੇ ਅੰਗਰੇਜ਼ੀ ਦਾ ਇਹ ਮਸਲਾ ਜਲਦੀ ਹੱਲ ਕਰਵਾਵੇ। ਯੂਨੀਅਨ ਨੇ ਮੰਗ ਕੀਤੀ ਕਿ ਪਿਛਲੀਆਂ ਭਰਤੀਆਂ ਦੀ ਤਰ੍ਹਾਂ 3582 ਨਵ ਨਿਯੁਕਤ ਅਧਿਆਪਕਾਂ ਨੂੰ ਉਨ੍ਹਾਂ ਦੇ ਜੱਦੀ ਜ਼ਿਲਿਆਂ ਵਿਚ ਸਟੇਸ਼ਨ ਅਲਾਟ ਕੀਤੇ ਜਾਣ। ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਅਧਿਆਪਕਾਂ ਨੂੰ ਪਹਿਲੇ ਤਿੰਨ ਕੇਵਲ ਬੇਸਿਕ ਤਨਖਾਹ ਹੀ ਦੇਵੇਗੀ ਜਦਕਿ ਇੰਨੀ ਘੱਟ ਤਨਖਾਹ ਨਾਲ ਬਾਰਡਰ ਏਰੀਏ ਵਿਚ ਗੁਜ਼ਾਰਾਂ ਕਰਨਾ ਬਹੁਤ ਅੌਖਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਾਰੇ ਜ਼ਿਲਿਆਂ ਵਿਚ ਮਾਸਟਰ ਕਾਡਰ ਦੀਆਂ ਵੱਡੀ ਗਿਣਤੀ ਵਿਚ ਅਸਾਮੀਆਂ ਖਾਲੀ ਪਈਆਂ ਹਨ। ਇਸ ਲਈ ਇਹ ਸਾਰੀਆਂ ਭਰੀਆਂ ਜਾਣ। 3582 ਅਸਾਮੀਆਂ ਵਿਚੋਂ ਖਿਡਾਰੀਆਂ ਤੇ ਸਾਬਕਾ ਫੌਜੀਆਂ ਦੀਆਂ ਰਾਖਵੀਆਂ ਅਸਾਮੀਆਂ ਦੀ ਡੀ-ਰਿਜਰਵੇਸ਼ਨ ਕੀਤੀ ਜਾਵੇ ਤਾਂ ਜੋ ਵੱਧ ਤੋਂ ਵੱਧ ਬੇਰੁਜ਼ਗਾਰ ਅਧਿਆਪਕਾਂ ਨੂੁੰ ਰੁਜ਼ਗਾਰ ਮਿਲ ਸਕੇ।
ਦੁਪਹਿਰ ਬਾਅਦ ਅਧਿਆਪਕਾਂ ਦੇ ਸੱਤ ਮੈਂਬਰੀ ਵਫਦ ਦੀ ਮੁਲਾਕਾਤ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨਾਲ ਕਰਵਾਈ ਗਈ। ਅਧਿਆਪਕਾਂ ਨੇ ਆਪਣੀਆਂ ਮੰਗਾਂ ਸਿੱਖਿਆ ਸਕੱਤਰ ਅੱਗੇ ਦੁਹਰਾਈਆਂ ਅਤੇ ਕਿਹਾ ਕਿ ਇਹ ਸਟੇਅ ਹਟਾਈ ਜਾਵੇ। ਸਿੱਖਿਆ ਸਕੱਤਰ ਨੇ ਦੱਸਿਆ ਕਿ ਸਰਕਾਰ ਆਪਣਾ ਪੂਰਾ ਯਤਨ ਕਰ ਰਹੀ ਕਿ ਇਹ ਸਟੇਅ ਹੱਟ ਜਾਵੇ। ਇਸ ਸਬੰਧੀ ਸਰਕਾਰ ਵਲੋਂ ਹਲਫੀਆ ਬਿਆਨ ਵੀ ਦਿੱਤੇ ਜਾ ਚੱੁਕੇ ਹਨ। ਇਸ ਮੌਕੇ ਮਨਜੀਤ ਕੰਬੋਜ, ਸ਼ਾਮ ਪਾਤੜਾਂ, ਸੰਦੀਪ ਮਾਨ, ਰਵਿੰਦਰ ਖਨੌਰੀ, ਰਾਜੇਸ਼ ਮਾਨਸਾ, ਅਨਿਲ, ਗੁਰਪ੍ਰੀਤ ਬੋਹਾ, ਜੀਤੂ ਪਟਿਆਲਾ, ਰਮਨ ਸੁਨਾਮ, ਸੰਦੀਪ ਸਰਦੂਲਗੜ੍ਹ, ਰਮਨ ਸਰਦੂਲਗੜ੍ਹ, ਅਮਨ ਅਬੋਹਰ, ਲਖਵਿੰਦਰ ਲਹਿਰਾ, ਸੁਨੀਲ ਅਬੋਹਰ, ਨਰਿੰਦਰ ਮਲੇਰਕੋਟਲਾ, ਮਨਪ੍ਰੀਤ ਕੰਬੋਜ, ਦੀਪਕ ਫਾਜ਼ਿਲਕਾ, ਲਿਪਸੀ ਮਾਨਸਾ, ਅਮਨ ਭੁੱਚੋ ਮੰਡੀ, ਸੰਦੀਪ ਧੂਰੀ, ਜੱਸ ਬਠਿੰਡਾ, ਅਮਨਪ੍ਰੀਤ ਬਠਿੰਡਾ, ਦੀਪਕ ਭਿੱਖੀ, ਅਮਨਦੀਪ ਅਹਿਮਦਪੁਰ, ਬਲਦੇਵ ਅਤੇ ਜਸਵਿੰਦਰ ਲੁਧਿਆਣਾ ਸਮੇਤ ਵੱਡੀ ਗਿਣਤੀ ਵਿਚ ਅਧਿਆਪਕ ਸ਼ਾਮਲ ਸਨ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…