Nabaz-e-punjab.com

ਮਾਤਾ ਚੰਦ ਕੌਰ ਕਤਲ ਕਾਂਡ: ਦੋਸ਼ੀਆਂ ਦੀ ਗ੍ਰਿਫ਼ਤਾਰ ਲਈ ਪ੍ਰਧਾਨ ਮੰਤਰੀ ਨੂੰ ਲਿਖਿਆ ਪੱਤਰ

ਮਾਤਾ ਚੰਦ ਕੌਰ ਐਕਸ਼ਨ ਕਮੇਟੀ ਨੇ ਏਡੀਸੀ ਸ੍ਰੀਮਤੀ ਜੈਨ ਰਾਹੀਂ ਪ੍ਰਧਾਨ ਮੰਤਰੀ ਨੂੰ ਭੇਜਿਆ ਮੰਗ ਪੱਤਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਫਰਵਰੀ:
ਨਾਮਧਾਰੀ ਸੰਪਰਦਾ ਦੀ ਮਾਤਾ ਚੰਦ ਕੌਰ ਦੀ ਹੱਤਿਆ ਦਾ ਮਾਮਲਾ ਪ੍ਰਧਾਨ ਮੰਤਰੀ ਦੇ ਦਰਬਾਰ ਵਿੱਚ ਪਹੁੰਚ ਗਿਆ ਹੈ। ਇਸ ਮਾਮਲੇ ਦੀ ਜਾਂਚ ਸੀਬੀਆਈ ਕਰ ਰਹੀ ਹੈ ਅਤੇ ਮੌਜੂਦਾ ਸਮੇਂ ਵਿੱਚ ਇਸ ਕੇਸ ਦੀ ਸੁਣਵਾਈ ਮੁਹਾਲੀ ਅਦਾਲਤ ਵਿੱਚ ਚੱਲ ਰਹੀ ਹੈ। ਅੱਜ ਮਾਤਾ ਚੰਦ ਕੌਰ ਐਕਸ਼ਨ ਕਮੇਟੀ ਦੇ ਉੱਚ ਪੱਧਰੀ ਵਫ਼ਦ ਵੱਲੋਂ ਪ੍ਰਧਾਨ ਮਾਸਟਰ ਸੁਖਦੇਵ ਸਿੰਘ ਦੀ ਅਗਵਾਈ ਹੇਠ ਮੁਹਾਲੀ ਦੀ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀਮਤੀ ਆਸ਼ਿਕਾ ਜੈਨ ਨੂੰ ਪ੍ਰਧਾਨ ਮੰਤਰੀ ਦੇ ਨਾਮ ਲਿਖਿਆ ਪੱਤਰ ਮੰਗ ਦੇ ਕੇ ਕੀਤੀ ਕਿ ਨਾਮਧਾਰੀ ਸੰਪਰਦਾ ਦੀ ਮੁਖੀ ਮਾਤਾ ਚੰਦ ਕੌਰ ਦੇ ਕਾਤਲਾਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਦੌਰਾਨ ਐਕਸ਼ਨ ਕਮੇਟੀ ਦੇ ਮੁਖੀ ਮਾਸਟਰ ਸੁਖਦੇਵ ਸਿੰਘ ਅਤੇ ਹੋਰਨਾਂ ਨੁਮਾਇੰਦਿਆਂ ਨੇ ਕਿਹਾ ਕਿ ਸਾਲ 2016 ਵਿੱਚ ਸ੍ਰੀ ਭੈਣੀ ਸਾਹਿਬ ਵਿੱਚ ਦੋ ਨਕਾਬਪੋਸ਼ ਮੋਟਰਸਾਈਕਲ ਸਵਾਰਾਂ ਨੇ ਗੋਲੀਆਂ ਮਾਰ ਕੇ ਮਾਤਾ ਚੰਦ ਕੌਰ ਦਾ ਕਤਲ ਕਰ ਦਿੱਤਾ ਸੀ, ਪ੍ਰੰਤੂ ਹਾਲੇ ਤੱਕ ਪੰਜਾਬ ਪੁਲੀਸ ਜਾਂ ਸੀਬੀਆਈ ਹਮਲਾਵਰਾਂ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੀ ਹੈ। ਉਨ੍ਹਾਂ ਕਿਹਾ ਕਿ ਅੱਜ ਨਾਮਧਾਰੀ ਸੰਗਤ ਵੱਲੋਂ ਐਕਸ਼ਨ ਕਮੇਟੀ ਦੀ ਅਗਵਾਈ ਵਿੱਚ ਪੰਜਾਬ ਦੇ ਸਾਰੇ ਜ਼ਿਲ੍ਹਾ ਸਦਰ ਮੁਕਾਮਾਂ ’ਤੇ ਪ੍ਰਸ਼ਾਸਨਨੂੰ ਪ੍ਰਧਾਨ ਮੰਤਰੀ ਦੇ ਨਾਮ ਲਿਖੇ ਮੰਗ ਪੱਤਰ ਦਿੱਤੇ ਗਏ ਹਨ ਤਾਂ ਜੋ ਮਾਤਾ ਦੇ ਕਾਤਲਾਂ ਨੂੰ ਛੇਤੀ ਗ੍ਰਿਫ਼ਤਾਰ ਕੀਤਾ ਜਾ ਸਕੇ।
ਐਕਸ਼ਨ ਕਮੇਟੀ ਦੇ ਸਕੱਤਰ ਹਰਦੀਪ ਸਿੰਘ ਨੇ ਕਿਹਾ ਕਿ ਗੁਰਦੁਆਰਾ ਭੈਣੀ ਸਾਹਿਬ ਦੀ ਇਮਾਰਤ ਕਿਲਾਨੁਮਾ ਹੈ ਅਤੇ ਚਾਰ ਚੁਫੇਰੇ ਸੀਸੀਟੀਵੀ ਕੈਮਰੇ ਲੱਗੇ ਹੋਏ ਹਨ। ਗੇਟ ’ਤੇ ਮੈਟਲ ਡਿਕਟੇਟਰ ਵੀ ਲੱਗੇ ਹਨ। ਇਸ ਤੋਂ ਇਲਾਵਾ ਕਰੀਬ 50 ਹਥਿਆਰਬੰਦ ਪੁਲੀਸ ਮੁਲਾਜ਼ਮ ਅਤੇ ਪ੍ਰਾਈਵੇਟ ਸੁਰੱਖਿਆ ਕਰਮਚਾਰੀ ਵੀ ਤਾਇਨਾਤ ਹਨ। ਏਨੀ ਸੁਰੱਖਿਆ ਦੇ ਬਾਵਜੂਦ ਮਾਤਾ ਚੰਦ ਕੌਰ ਦਾ ਕਤਲ ਹੋਣਾ ਕਈ ਤਰ੍ਹਾਂ ਦੇ ਸ਼ੰਕੇ ਖੜੇ ਕਰਦਾ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਸਮੁੱਚੇ ਮਾਮਲੇ ਦੀ ਛੇਤੀ ਅਸਲੀਅਤ ਸਾਹਮਣੇ ਲਿਆਂਦੀ ਜਾਵੇ ਅਤੇ ਕਾਤਲਾਂ ਨੂੰ ਜਲਦੀ ਗ੍ਰਿਫ਼ਤਾਰ ਕੀਤਾ ਜਾਵੇ। ਇਸ ਮੌਕੇ ਐਕਸ਼ਨ ਕਮੇਟੀ ਦੇ ਮੈਂਬਰ ਹਜ਼ਾਰਾ ਸਿੰਘ, ਸਰਬਜੀਤ ਸਿੰਘ ਅਤੇ ਰਤਨ ਸਿੰਘ ਵੀ ਮੌਜੁੂਦ ਸਨ।
ਉਧਰ, ਸੀਬੀਆਈ ਵੱਲੋਂ ਨਾਮਧਾਰੀ ਸੰਪਰਦਾ ਦੀ ਮਾਤਾ ਚੰਦ ਕੌਰ ਹੱਤਿਆ ਕਾਂਡ ਮਾਮਲੇ ਵਿੱਚ ਪਲਵਿੰਦਰ ਸਿੰਘ ਉਰਫ਼ ਡਿੰਪਲ ਵਾਸੀ ਜਨਤਾ ਕਲੋਨੀ, ਨਵੀਂ ਦਿੱਲੀ ਨੂੰ ਨਾਮਜ਼ਦ ਕੀਤਾ ਗਿਆ ਸੀ। ਸੀਬੀਆਈ ਨੇ ਸ਼ੱਕ ਦੇ ਆਧਾਰ ’ਤੇ ਮੁਲਜ਼ਮ ਡਿੰਪਲ ਨੂੰ ਪੁੱਛਗਿੱਛ ਲਈ ਪ੍ਰੋਡਕਸ਼ਨ ਵਰੰਟ ’ਤੇ ਹਿਰਾਸਤ ਵਿੱਚ ਲਿਆ ਸੀ ਅਤੇ ਪੁੱਛਗਿੱਛ ਤੋਂ ਬਾਅਦ ਜਾਂਚ ਏਜੰਸੀ ਨੇ ਡਿੰਪਲ ਨੂੰ ਇਸ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ ਸੀ। ਪਲਵਿੰਦਰ ਪਿਛਲੇ ਤਿੰਨ ਸਾਲ ਤੋਂ ਲੁਧਿਆਣਾ ਵਿੱਚ ਟਿਫ਼ਨ ਬੰਬ ਧਮਾਕਾ ਅਤੇ ਕਤਲ ਮਾਮਲੇ ਪਟਿਆਲਾ ਜੇਲ੍ਹ ਵਿੱਚ ਬੰਦ ਸੀ। ਪਿਛਲੇ ਸਾਲ 26 ਸਤੰਬਰ ਨੂੰ ਸੀਬੀਆਈ ਨੇ ਉਸ ਨੂੰ ਆਪਣੀ ਹਿਰਾਸਤ ਵਿੱਚ ਲਿਆ ਸੀ। ਸੀਬੀਆਈ ਦੀ ਕਥਿਤ ਲਾਪਰਵਾਹੀ ਕਾਰਨ ਮੁਲਜ਼ਮ ਡਿੰਪਲ ਦੀ ਜ਼ਮਾਨਤ ਮਨਜ਼ੂਰ ਹੋ ਚੁੱਕੀ ਹੈ ਕਿਉਂਕਿ ਹੁਣ ਤੱਕ ਸੀਬੀਆਈ ਇਸ ਮਾਮਲੇ ਵਿੱਚ ਮੁਲਜ਼ਮ ਖ਼ਿਲਾਫ਼ ਚਲਾਨ ਨਹੀਂ ਪੇਸ਼ ਕਰ ਸਕੀ ਹੈ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…