
ਮਟੌਰ ਪੁਲੀਸ ਵੱਲੋਂ ਸੱਟਾ ਲਗਾਉਣ ਵਾਲੇ 9 ਮੁਲਜ਼ਮ ਰੰਗੇ ਹੱਥੀਂ ਗ੍ਰਿਫ਼ਤਾਰ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਜੁਲਾਈ:
ਮੁਹਾਲੀ ਪੁਲੀਸ ਨੇ ਸੱਟਾ ਲਗਾਉਣ ਦੇ ਮਾਮਲੇ ਦਾ ਪਰਦਾਫਾਸ਼ ਕਰਕੇ 9 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਗੱਲ ਦਾ ਖੁਲਾਸਾ ਅੱਜ ਇੱਥੇ ਮੁਹਾਲੀ ਦੇ ਐਸਪੀ (ਸਿਟੀ) ਹਰਵਿੰਦਰ ਸਿੰਘ ਵਿਰਕ ਨੇ ਕੀਤਾ। ਉਨ੍ਹਾਂ ਦੱਸਿਆ ਕਿ ਡੀਐਸਪੀ (ਸਿਟੀ-1) ਗੁਰਸ਼ੇਰ ਸਿੰਘ ਸੰਧੂ ਦੀ ਨਿਗਰਾਨੀ ਹੇਠ ਥਾਣਾ ਮਟੌਰ ਦੇ ਐਸਐਚਓ ਇੰਸਪੈਕਟਰ ਮਨਫੂਲ ਸਿੰਘ ਦੀ ਅਗਵਾਈ ਵਾਲੀ ਟੀਮ ਵੱਲੋਂ ਸ਼ਹਿਰ ਵਿੱਚ ਮਾੜੇ ਅਨਸਰਾਂ ਅਤੇ ਦੜਾ ਸੱਟਾ ਲਗਾਉਣ ਵਾਲਿਆਂ ਖ਼ਿਲਾਫ਼ ਵਿਸ਼ੇਸ਼ ਮੁਹਿੰਮ ਵਿੱਢੀ ਗਈ ਸੀ।
ਇਸ ਦੌਰਾਨ ਪੁਲੀਸ ਨੇ ਇੱਥੋਂ ਦੇ ਫੇਜ਼-3ਏ ਵਿੱਚ ਛਾਪੇਮਾਰੀ ਕਰਕੇ ਗੰਭੀਰ ਕੁਮਾਰ ਵਾਸੀ ਮਾਡਰਨ ਕਲੋਨੀ, ਯਮੁਨਾਨਗਰ, ਸੁਰਜੀਤ ਸਿੰਘ ਵਾਸੀ ਮੁਹਾਲੀ, ਅਵਿਨਾਸ਼ ਚੰਦਰ ਵਾਸੀ ਗੋਬਿੰਦ ਨਗਰ, ਅਬੋਹਰ ਹਾਲ ਵਾਸੀ ਚੰਡੀਗੜ੍ਹ, ਪਿਤਾਬਰ ਭੱਟ ਵਾਸੀ ਸੈਣੀ ਵਿਹਾਰ, ਬਲਟਾਣਾ, ਸੰਕਰ ਵਾਸੀ ਕਰਨਾਲ, ਹਾਲ ਵਾਸੀ ਪੰਚਕੂਲਾ, ਅਮਰ ਸਿੰਘ ਵਾਸੀ ਕਜਹੇੜੀ, ਸੰਜੀਵ ਕੁਮਾਰ ਵਾਸੀ ਸੈਣੀ ਕਲੋਨੀ, ਮਾਡਲ ਟਾਊਨ, ਕਰਨਾਲ, ਇਸ਼ਾਨ ਗੋਇਲ ਵਾਸੀ ਸਰਾਫਾ ਬਜਾਰ, ਕਰਨਾਲ, ਸੁਨੀਲ ਕੁਮਾਰ ਵਾਸੀ ਕ੍ਰਿਸ਼ਨਾ ਕਲੋਨੀ, ਯਮੁਨਾਨਗਰ ਨੂੰ ਗਾਟੀਆਂ ਅਤੇ ਕੰਪਿਊਟਰ ਨਾਲ ਜੂਆ ਖੇਡਦੇ ਰੰਗੇ ਹੱਥੀ ਕਾਬੂ ਕੀਤਾ ਗਿਆ। ਐਸਪੀ ਵਿਰਕ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ 6 ਲੱਖ 50 ਹਜ਼ਾਰ ਰੁਪਏ ਨਕਦ, ਵੱਖ-ਵੱਖ 20 ਕੰਪਨੀਆਂ ਦੇ ਮੋਬਾਈਲ ਫੋਨ ਸਮੇਤ ਸਿਮ, ਇੱਕ ਲੈਪਟਾਪ ਡੈੱਲ ਕੰਪਨੀ, ਇੱਕ ਅਟੈਚੀ, ਇੱਕ ਕਾਲਾ ਬੈਗ ਬਰਾਮਦ ਕੀਤਾ ਗਿਆ ਹੈ।
ਇਸੇ ਤਰ੍ਹਾਂ ਮਟੌਰ ਪੁਲੀਸ ਵੱਲੋਂ ਇਕ ਹੋਰ ਮਾਮਲੇ ਵਿੱਚ ਇਕਾਂਤ, ਮਨਪ੍ਰੀਤ ਕੌਰ ਉਰਫ਼ ਪ੍ਰੀਤ ਵਾਸੀ ਚੰਡੀਗੜ੍ਹ ਅਤੇ ਮਨਜੋਤ ਕੌਰ ਉਰਫ਼ ਖੁਸ਼ੀ ਵਾਸੀ ਗੁਰੂ ਦੀ ਬਡਾਲੀ (ਅੰਮ੍ਰਿਤਸਰ) ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੇ ਖ਼ਿਲਾਫ਼ ਥਾਣਾ ਮਟੌਰ ਵਿੱਚ ਵੱਖ-ਵੱਖ ਧਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਮੁਲਜ਼ਮਾਂ ਕੋਲੋਂ 40 ਗਰਾਮ ਹੈਰੋਇਨ, ਇਕ ਦੇਸੀ ਪਿਸਤੌਲ ਅਤੇ ਸਾਢੇ 6 ਲੱਖ ਦੀ ਨਗਦੀ ਬਰਾਮਦ ਕੀਤੀ ਗਈ। ਥਾਣਾ ਮੁਖੀ ਮਨਫੂਲ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਅੱਜ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਮੁਲਜ਼ਮਾਂ ਨੂੰ ਦੋ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ।