Nabaz-e-punjab.com

ਮਟੌਰ ਪੁਲੀਸ ਵੱਲੋਂ 40 ਲੱਖ ਦੀ ਠੱਗੀ ਦੇ ਮਾਮਲੇ ਵਿੱਚ ਪਤੀ ਪਤਨੀ ਗ੍ਰਿਫ਼ਤਾਰ

ਮਹਿਲਾ ਮੁਲਜ਼ਮ ਖ਼ੁਦ ਨੂੰ ਪੁੱਡਾ ਦੀ ਸੀਨੀਅਰ ਅਸਿਸਟੈਂਟ ਦੱਸ ਕੇ ਲੋਕਾਂ ਨਾਲ ਮਾਰਦੀ ਸੀ ਠੱਗੀਆਂ ਪਤੀ ਵੀ ਸਾਜ਼ਿਸ਼ ’ਚ ਸ਼ਾਮਲ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਸਤੰਬਰ:
ਮੁਹਾਲੀ ਪੁਲੀਸ ਨੇ 40 ਲੱਖ ਰੁਪਏ ਦੀ ਠੱਗੀ ਦੇ ਮਾਮਲੇ ਵਿੱਚ ਰਾਜਪੁਰਾ ਨੇੜਲੇ ਪਿੰਡ ਬਖ਼ਸ਼ੀਵਾਲਾ ਦੇ ਵਸਨੀਕ ਹਰਵਿੰਦਰ ਸਿੰਘ ਅਤੇ ਉਸ ਦੀ ਪਤਨੀ ਪਰਮਜੀਤ ਕੌਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਾਂਚ ਅਧਿਕਾਰੀ ਸਬ ਇੰਸਪੈਕਟਰ ਰਾਮ ਦਰਸ਼ਨ ਨੇ ਦੱਸਿਆ ਕਿ ਮੁਲਜ਼ਮ ਪਤੀ ਪਤਨੀ ਦੇ ਖ਼ਿਲਾਫ਼ ਥਾਣਾ ਮਟੌਰ ਵਿੱਚ ਆਈਪੀਸੀ ਦੀ ਧਾਰਾ 419, 420, 465,466,467, 471 ਅਤੇ 120ਬੀ ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਹ ਕਾਰਵਾਈ ਜਗਦੀਪ ਕੌਰ ਵਾਸੀ ਛੱਜੂਮਾਜਰਾ (ਮੁਹਾਲੀ) ਦੀ ਸ਼ਿਕਾਇਤ ਨੂੰ ਆਧਾਰ ਬਣਾ ਕੇ ਕੀਤੀ ਗਈ ਹੈ।
ਜਾਂਚ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਪਰਮਜੀਤ ਕੌਰ ਖ਼ੁਦ ਪੁੱਡਾ\ਗਮਾਡਾ ਦੀ ਸੀਨੀਅਰ ਅਸਿਸਟੈਂਟ ਦੱਸਦੀ ਸੀ ਅਤੇ ਵੱਖ-ਵੱਖ ਹਾਊਸਿੰਗ ਸਕੀਮਾਂ ਵਿੱਚ ਲੋਕਾਂ ਦੇ ਜ਼ਬਤ ਕੀਤੇ ਪਲਾਟ ਸਸਤੇ ਭਾਅ ਵਿੱਚ ਦੁਆਉਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਠੱਗੀਆਂ ਮਾਰਨ ਦਾ ਧੱਦਾ ਕਰਦੀ ਸੀ। ਇਸ ਕੰਮ ਵਿੱਚ ਉਸ ਦਾ ਪਤੀ ਹਰਵਿੰਦਰ ਸਿੰਘ ਦਲਾਲੀ ਦਾ ਕੰਮ ਕਰਦਾ ਸੀ। ਪੀੜਤ ਅੌਰਤ ਪ੍ਰਾਈਵੇਟ ਸਕੂਲ ਚਲਾਉਂਦੀ ਹੈ। ਉਸ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਫੇਜ਼-11 ਵਿੱਚ ਬੁਟੀਕ ਦਾ ਕੰਮ ਕਰਦੀ ਹਰਪਾਲ ਕੌਰ ਦੀ ਨੂੰਹ ਉਸ ਨਾਲ ਪੜ੍ਹਦੀ ਸੀ। ਜਿਸ ਕਾਰਨ ਹਰਪਾਲ ਕੌਰ ਆਂਟੀ ਨਾਲ ਵਘੀਆ ਜਾਣ ਪਛਾਣ ਹੋ ਗਈ ਅਤੇ ਉਨ੍ਹਾਂ ਦਾ ਬੁਟੀਕ ’ਤੇ ਆਉਣਾ ਜਾਣਾ ਹੋ ਗਿਆ। ਪਰਮਜੀਤ ਕੌਰ ਵੀ ਉੱਥੇ ਕਾਫੀ ਆਉਂਦੀ ਜਾਂਦੀ ਸੀ। ਇਕ ਦਿਨ ਉਹ (ਪੀੜਤ) ਆਪਣੀ ਮਾਂ ਦੇ ਕੱਪੜਿਆਂ ਦੀ ਸਿਲਾਈ ਲਈ ਬੁਟੀਕ ’ਤੇ ਗਈ ਸੀ। ਜਿੱਥੇ ਪਰਮਜੀਤ ਕੌਰ ਪਹਿਲਾਂ ਹੀ ਉੱਥੇ ਬੈਠੀ ਹੋਈ ਸੀ। ਉਸ ਦੀ ਮੁਲਾਕਾਤ ਪਰਮਜੀਤ ਕੌਰ ਨਾਲ ਹੋਈ। ਜਿਸ ਨੇ ਉਸ ਨੂੰ ਇੱਥੋਂ ਦੇ ਸੈਕਟਰ-70 ਵਿੱਚ ਦੋ ਰਿਹਾਇਸ਼ੀ ਪਲਾਟ ਸਸਤੇ ਭਾਅ ਵਿੱਚ ਦਿਵਾਉਣ ਲਈ ਇਹ ਕਹਿ ਕੇ 40 ਲੱਖ ਰੁਪਏ ਵਸੂਲੇ ਗਏ ਸੀ ਕਿ ਉਹ ਗਮਾਡਾ ਵਿੱਚ ਸੀਨੀਅਰ ਅਸਿਸਟੈਂਟ ਦੇ ਅਹੁਦੇ ’ਤੇ ਤਾਇਨਾਤ ਹੈ। ਗਮਾਡਾ ਵੱਲੋਂ ਵੱਖ ਵੱਖ ਸਕੀਮਾਂ ਵਿੱਚ ਪਲਾਟਾਂ ਦੇ ਡਰਾਅ ਕੱਢੇ ਜਾਂਦੇ ਹਨ ਅਤੇ ਜਿਨ੍ਹਾਂ ਵਿਅਕਤੀਆਂ ਦੀਆਂ ਕਿਸ਼ਤਾਂ ਟੁੱਟ ਜਾਂਦੀਆਂ ਹਨ ਅਤੇ ਜਾਂ ਜੋ ਵਿਅਕਤੀ ਸ਼ਰਤਾਂ ਪੁਰੀਆਂ ਨਹੀਂ ਕਰਦੇ ਹਨ। ਗਮਾਡਾ ਉਨ੍ਹਾਂ ਦੇ ਪਲਾਟ ਜ਼ਬਤ ਕਰ ਲੈਂਦਾ ਹੈ।
ਜਾਂਚ ਅਧਿਕਾਰੀ ਰਾਮ ਦਰਸ਼ਨ ਨੇ ਦੱਸਿਆ ਕਿ ਮੁਲਜ਼ਮ ਪਰਮਜੀਤ ਕੌਰ ਨੇ ਪੀੜਤ ਜਗਦੀਪ ਕੌਰ ਨੂੰ ਸਸਤੇ ਭਾਅ ਵਿੱਚ ਦੋ ਪਲਾਟ ਦਿਵਾਉਣ ਦਾ ਝਾਂਸਾ ਦੇ ਕੇ ਉਸ ਕੋਲੋਂ 40 ਲੱਖ ਰੁਪਏ ਠੱਗ ਲਏ ਪ੍ਰੰਤੂ ਜਦੋਂ ਕਾਫੀ ਦੇਰ ਬਾਅਦ ਉਸ ਨੂੰ ਪਲਾਟ ਨਹੀਂ ਮਿਲੇ ਤਾਂ ਮੁਲਜ਼ਮ ਪਰਮਜੀਤ ਨੇ ਹੌਲੀ ਹੌਲੀ ਉਨ੍ਹਾਂ ਨਾਲ ਤਾਲਮੇਲ ਘਟਾ ਦਿੱਤਾ। ਇਸ ਤਰ੍ਹਾਂ ਹੁਣ ਤੱਕ ਨਾ ਤਾਂ ਪੀੜਤ ਅੌਰਤ ਨੂੰ ਪੈਸਿਆਂ ਬਦਲੇ ਰਿਹਾਇਸ਼ੀ ਪਲਾਟ ਦਿੱਤੇ ਗਏ ਅਤੇ ਨਾ ਹੀ ਉਸ ਦੇ ਪੈਸੇ ਮੋੜੇ ਗਏ। ਜਿਸ ਕਾਰਨ ਉਸ ਨੇ ਦੁਖੀ ਹੋ ਕੇ ਪੁਲੀਸ ਨੂੰ ਲਿਖਤੀ ਸ਼ਿਕਾਇਤ ਦੇ ਕੇ ਬਣਦੀ ਕਾਰਵਾਈ ਦੀ ਮੰਗ ਕੀਤੀ ਗਈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਪਤੀ ਪਤਨੀ ਨੂੰ ਅੱਜ ਮੁਹਾਲੀ ਦੇ ਜੁਡੀਸ਼ਲ ਮੈਜਿਸਟਰੇਟ ਅਮਿਤ ਬਖ਼ਸ਼ੀ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਮੁਲਜ਼ਮਾਂ ਨੂੰ ਇਕ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ। ਇਸ ਤੋਂ ਪਹਿਲਾਂ ਉਨ੍ਹਾਂ ਦਾ ਸਰਕਾਰੀ ਹਸਪਤਾਲ ਵਿੱਚ ਮੈਡੀਕਲ ਕਰਵਾਇਆ ਗਿਆ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…