
ਮਟੌਰ ਪੁਲੀਸ ਵੱਲੋਂ ਦੋ ਹੋਰ ਭਗੌੜੇ ਮੁਲਜ਼ਮ ਗ੍ਰਿਫ਼ਤਾਰ, ਅਦਾਲਤ ਨੇ ਜੇਲ੍ਹ ਭੇਜਿਆ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਮਈ:
ਮਟੌਰ ਪੁਲੀਸ ਨੇ ਵੱਖ-ਵੱਖ ਅਪਰਾਧਿਕ ਮਾਮਲਿਆਂ ਵਿੱਚ ਭਗੌੜੇ ਚੱਲ ਰਹੇ ਦੋ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ। ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਇੰਸਪੈਕਟਰ ਮਨਫੂਲ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਰਾਜੂ ਕੁਮਾਰ ਵਾਸੀ ਜੁਝਾਰ ਨਗਰ ਪਿਛਲੇ 10 ਸਾਲਾਂ ਤੋਂ ਭਗੌੜਾ ਚੱਲ ਰਿਹਾ ਸੀ। ਉਸ ਦੇ ਖ਼ਿਲਾਫ਼ 6 ਅਗਸਤ 2011 ਨੂੰ ਅਪਰਾਧਿਕ ਕੇਸ ਦਰਜ ਕੀਤਾ ਸੀ, ਉਸ ਸਮੇਂ ਤੋਂ ਹੀ ਉਹ ਭਗੌੜਾ ਸੀ। ਮੁਲਜ਼ਮ ਰਾਮ ਚੰਦਰ ਉਰਫ਼ ਰੈਂਬੋ ਵਾਸੀ ਨਹਿਰੂ ਕਲੋਨੀ (ਚੰਡੀਗੜ੍ਹ) ਪਿਛਲੇ ਸੱਤ ਸਾਲ ਤੋਂ ਭਗੌੜਾ ਸੀ। ਉਸ ਦੇ ਖ਼ਿਲਾਫ਼ 18 ਜਨਵਰੀ 2014 ਨੂੰ ਪਰਚਾ ਕੀਤਾ ਗਿਆ ਸੀ। ਜਦੋਂਕਿ ਹਰਪਿੰਦਰ ਸਿੰਘ ਉਰਫ਼ ਹੈਪੀ ਵਾਸੀ ਮੁਹਾਲੀ ਨੂੰ ਪਿਛਲੇ ਦਿਨੀਂ ਕਾਬੂ ਕੀਤਾ ਗਿਆ ਸੀ। ਉਹ ਵੀ ਪਿਛਲੇ ਸੱਤ ਸਾਲਾਂ ਤੋਂ ਭਗੌੜਾ ਚੱਲਿਆ ਆ ਰਿਹਾ ਸੀ। ਉਸ ਦੇ ਖ਼ਿਲਾਫ਼ 23 ਦਸੰਬਰ 2014 ਨੂੰ ਐਫ਼ਆਈਆਰ ਦਰਜ ਕੀਤੀ ਗਈ ਸੀ।
ਥਾਣਾ ਮੁਖੀ ਨੇ ਦੱਸਿਆ ਕਿ ਮੁਲਜ਼ਮ ਰਾਜ ਕੁਮਾਰ ਅਤੇ ਰਾਮ ਚੰਦਰ ਨੂੰ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਦੋਵੇਂ ਮੁਲਜ਼ਮਾਂ ਨੂੰ ਨਿਆਇਕ ਹਿਰਾਸਤ ਅਧੀਨ ਜੇਲ੍ਹ ਭੇਜ ਦਿੱਤਾ। ਜਦੋਂਕਿ ਮੁਲਜ਼ਮ ਹਰਪਿੰਦਰ ਸਿੰਘ ਉਰਫ਼ ਹੈਪੀ ਨੂੰ ਪਹਿਲਾਂ ਹੀ ਜੇਲ੍ਹ ਭੇਜ ਦਿੱਤਾ ਸੀ। ਇਸ ਤੋਂ ਪਹਿਲਾਂ ਮੁਲਜ਼ਮਾਂ ਦਾ ਸਰਕਾਰੀ ਹਸਪਤਾਲ ਵਿੱਚ ਮੈਡੀਕਲ ਅਤੇ ਕਰੋਨਾ ਟੈਸਟ ਕਰਵਾਇਆ ਗਿਆ।