
ਮਟੌਰ ਮੰਦਰ ਮਾਮਲਾ: ਉੱਚ ਅਦਾਲਤ ਵੱਲੋਂ ਐੱਸਐੱਸਪੀ ਨੂੰ ਨਿਰਪੱਖ ਜਾਂਚ ਦੇ ਆਦੇਸ਼
ਜ਼ਿੰਮੇਵਾਰ ਪੁਲੀਸ ਅਫ਼ਸਰਾਂ ਅਤੇ ਸ਼ਰਾਰਤੀ ਅਨਸਰਾਂ ਵਿਰੁੱਧ ਕਾਰਵਾਈ ਮੰਗੀ, ਮੁੱਖ ਮੰਤਰੀ ਨੂੰ ਵੀ ਭੇਜੀ ਸ਼ਿਕਾਇਤ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਮਾਰਚ:
ਇੱਥੋਂ ਦੇ ਸੈਕਟਰ-70 ਸਥਿਤ ਸ੍ਰੀ ਸੱਤ ਨਾਰਾਇਣ ਮੰਦਰ ਮਟੌਰ ਦਫ਼ਤਰ ਅਤੇ ਅਲਮਾਰੀਆਂ ਦੇ ਤਾਲੇ ਤੋੜੇ, ਅਕਾਉਂਟ ਦਾ ਸਾਰਾ ਰਿਕਾਰਡ ਅਤੇ ਹੋਰ ਅਹਿਮ ਦਸਤਾਵੇਜ਼ ਖ਼ੁਰਦ-ਬੁਰਦ ਕਰਨ, ਮਾੜੀ ਭਾਵਨਾ ਨਾਲ ਸੀਸੀਟੀਵੀ ਕੈਮਰਿਆਂ ਨਾਲ ਛੇੜਛਾੜ ਅਤੇ ਡੀਵੀਆਰ ਕਬਜ਼ੇ ਵਿੱਚ ਦੇ ਮਾਮਲੇ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਮੁਹਾਲੀ ਦੇ ਐੱਸਐੱਸਪੀ ਨੂੰ ਨਿਰਪੱਖ ਜਾਂਚ ਦੇ ਆਦੇਸ਼ ਦਿੱਤੇ ਹਨ। ਇਹ ਕਾਰਵਾਈ ਮੰਦਰ ਕਮੇਟੀ ਦੇ ਪ੍ਰਧਾਨ ਰਾਕੇਸ਼ ਬੰਸਲ ਅਤੇ ਸਾਬਕਾ ਪ੍ਰਧਾਨ ਸਿਕੰਦਰ ਸ਼ਰਮਾ ਦੀ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਕੀਤੀ ਗਈ ਹੈ। ਐੱਸਐੱਸਪੀ ਨੇ ਉੱਚ ਅਦਾਲਤ ਦੇ ਹੁਕਮਾਂ ਦੀ ਕਾਪੀ ਮਿਲਣ ਤੋਂ ਬਾਅਦ ਐੱਸਪੀ ਸਿਟੀ ਨੂੰ ਜਾਂਚ ਸੌਂਪੀ ਹੈ।
ਸ਼ਿਕਾਇਤ ਕਰਤਾਵਾਂ ਨੇ ਸ਼ਰਾਰਤੀ ਅਨਸਰਾਂ ’ਤੇ ਮੰਦਰ ਵਿੱਚ ਵੱਖ-ਵੱਖ ਮੂਰਤੀਆਂ ਅੱਗੇ ਪਈਆਂ ਗੋਲਕਾਂ ਚੁੱਕ ਕੇ ਆਪਣੇ ਕਬਜ਼ੇ ਵਿੱਚ ਲੈਣ ਅਤੇ ਦੇਵੀ ਦੇਵਤਿਆਂ ਨੂੰ ਭੋਗ ਲਗਾਉਣ ਵਾਲੇ ਭਾਂਡਿਆਂ ਵਿੱਚ ਰਾਤ ਨੂੰ ਖਾਣਾ ਖਾਣ ਦਾ ਦੋਸ਼ ਲਾਇਆ ਹੈ। ਅਜਿਹਾ ਕਰਨ ਨਾਲ ਜਿੱਥੇ ਬਰਤਨਾਂ ਦੀ ਸੁੱਚਤਾ ਭੰਗ ਹੋਈ, ਉੱਥੇ ਸਾਡੀ ਧਾਰਮਿਕ ਭਾਵਨਾ ਨੂੰ ਵੀ ਠੇਸ ਪਹੁੰਚੀ ਹੈ। ਘਟਨਾ ਬੀਤੀ 11 ਫਰਵਰੀ ਨੂੰ ਵਾਪਰੀ ਦੱਸੀ ਜਾ ਰਹੀ ਹੈ। ਲੇਕਿਨ ਹੁਣ ਪੁਲੀਸ ਸਿਆਸੀ ਦਬਾਅ ਕਾਰਨ ਕਾਰਵਾਈ ਨਹੀਂ ਕਰ ਰਹੀ ਹੈ। ਸ਼ਿਕਾਇਤ ਕਰਤਾਵਾਂ ਨੇ ਕਿਹਾ ਕਿ 12 ਫਰਵਰੀ ਨੂੰ ਮੰਦਰ ਕਮੇਟੀ ਦੇ ਨਵੇਂ ਚੁਣੇ ਗਏ ਪ੍ਰਧਾਨ ਰਾਕੇਸ਼ ਬੰਸਲ ਦੀ ਓਥ ਸਰਮਣੀ ਸੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੁਲੀਸ ਨੂੰ ਲਾਅ ਐਂਡ ਆਰਡਰ ਦੀ ਸਥਿਤੀ ਬਹਾਲ ਰੱਖਣ ਦੀਆਂ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ ਪ੍ਰੰਤੂ ਇਸ ਦੇ ਬਾਵਜੂਦ ਸ਼ਰਾਰਤੀ ਅਨਸਰਾਂ ਨੇ ਪੁਲੀਸ ਦੀ ਮੌਜੂਦਗੀ ਵਿੱਚ ਪ੍ਰੋਗਰਾਮ ਵਿੱਚ ਖ਼ਲਲ ਪਾਉਣ ਦੀ ਕੋਸ਼ਿਸ਼ ਕੀਤੀ ਗਈ। ਜਿਸ ਕਾਰਨ ਉਨ੍ਹਾਂ ਬੜੀ ਮੁਸ਼ਕਲ ਨਾਲ ਓਥ ਸਰਮਣੀ ਪ੍ਰੋਗਰਾਮ ਨੇਪਰੇ ਚਾੜ੍ਹਿਆ।
ਪੀੜਤਾਂ ਨੇ ਮੁੱਖ ਮੰਤਰੀ ਨੂੰ ਭੇਜੀ ਵੱਖਰੀ ਸ਼ਿਕਾਇਤ ਵਿੱਚ ਉਕਤ ਘਟਨਾਕ੍ਰਮ ਤੋਂ ਜਾਣੂ ਕਰਵਾਉਂਦੇ ਹੋਏ ਪੁਲੀਸ ’ਤੇ ਧੱਕੇਸ਼ਾਹੀ ਕਰਨ ਅਤੇ ਜ਼ਬਰਦਸਤੀ ਸਮਝੌਤਾ ਕਰਵਾਉਣ ਦਾ ਦੋਸ਼ ਲਾਇਆ। ਉਨ੍ਹਾਂ ਮੰਗ ਕੀਤੀ ਕਿ ਇਸ ਸਮੁੱਚੇ ਘਟਨਾਕ੍ਰਮ ਦੀ ਉੱਚ ਪੱਧਰੀ ਨਿਰਪੱਖ ਵਿਜੀਲੈਂਸ ਜਾਂਚ ਜਾਂ ਨਿਆਇਕ ਜਾਂਚ ਕਰਵਾਈ ਜਾਵੇ ਅਤੇ ਜ਼ਿੰਮੇਵਾਰ ਪੁਲੀਸ ਅਫ਼ਸਰਾਂ ਅਤੇ ਕਰਮਚਾਰੀਆਂ ਖ਼ਿਲਾਫ਼ ਸਖ਼ਤ ਵਿਭਾਗੀ ਅਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਉਧਰ, ਦੂਜੇ ਪਾਸੇ ਸੰਪਰਕ ਕਰਨ ’ਤੇ ਮੁਹਾਲੀ ਦੇ ਐਸਪੀ (ਸਿਟੀ) ਅਰਸ਼ਦੀਪ ਸਿੰਘ ਅੌਲਖ ਨੇ ਦੱਸਿਆ ਕਿ ਮਟੌਰ ਮੰਦਰ ਕਮੇਟੀ ਦੀ ਸ਼ਿਕਾਇਤ ਮਿਲੀ ਹੈ। ਪੁਲੀਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਅਤੇ ਦੋਵੇਂ ਧਿਰਾਂ ਨੂੰ ਸੁਣਨ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।