
ਸਰਕਾਰੀ ਸਕੂਲ ਬੰਨਮਾਜਰਾ ਵਿੱਚ ਗਣਿਤ ਮੇਲਾ ਕਰਵਾਇਆ
ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 30 ਨਵੰਬਰ:
ਇੱਥੋਂ ਦੇ ਨੇੜਲੇ ਪਿੰਡ ਬੰਨਮਾਜਰਾ ਦੇ ਸਰਕਾਰੀ ਮਿਡਲ ਸਕੂਲ ਵਿਖੇ ਸੂਬਾ ਸਰਕਾਰ ਦੀ ਸਿੱਖਿਆ ਨੀਤੀ ਅਨੁਸਾਰ ਪੜੋ ਪੰਜਾਬ-ਪੜਾਓ ਪੰਜਾਬ ਦੇ ਤਹਿਤ ਗਣਿਤ ਮੇਲਾ 2017 ਕਰਵਾਇਆ ਗਿਆ । ਇਸ ਗਣਿਤ ਮੇਲੇ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿੱਚ ਗਣਿਤ ਵਿਸ਼ੇ ਨੂੰ ਲੈ ਕੇ ਡਰ ਨੂੰ ਦੁਰ ਕਰਨਾ ਹੈ। ਇਸ ਮੌਕੇ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ, ਕਮੇਟੀ ਮੈਂਬਰ ਅਤੇ ਸਕੂਲ ਵਿਦਿਆਰਥੀਆਂ ਦੇ ਮਾਪੇ ਹਾਜ਼ਿਰ ਸਨ। ਟੀਚਰ ਟ੍ਰੇਨਿੰਗ ਰਿਸੋਰਸ ਪਰਸਨ ਜਸਵੀਰ ਸਿੰਘ ਸ਼ਾਂਤ ਪੂਰੀ ਨੇ ਵਿਸ਼ੇਸ਼ ਤੌਰ ’ਤੇ ਪਹੁੰਚ ਕੇ ਇਸ ਮੇਲੇ ਵਿੱਚ ਭਾਗ ਲੈ ਰਹੇ ਵਿਦਿਆਰਥੀਆਂ ਦੀ ਹੌਸਲਾ ਅਫਜਾਈ ਕੀਤੀ। ਇਸ ਮੌਕੇ ਬੋਲਦਿਆਂ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਨਿਰਮਲ ਸਿੰਘ ਨੋਰਥ ਨੇ ਕਿਹਾ ਕਿ ਜਿਥੇ ਇਨ੍ਹਾਂ ਗਣਿਤ ਮੇਲਿਆਂ ਦੇ ਹੋਣ ਨਾਲ ਵਿਦਿਆਰਥੀਆਂ ਵਿੱਚ ਗਣਿਤ ਪ੍ਰਤੀ ਲਗਾਓ ਪੈਦਾ ਹੁੰਦਾ ਹੈ ਉਥੇ ਹੀ ਵਿਦਿਆਰਥੀਆਂ ਵਿੱਚ ਗਣਿਤ ਨੂੰ ਲੈ ਕੇ ਜੋ ਡਰ ਹੈ ਉਹ ਵੀ ਦੂਰ ਹੁੰਦਾ ਹੈ। ਉਨਾਂ ਵਿਦਿਆਰਥੀਆਂ ਵੱਲੋਂ ਤਿਆਰ ਕੀਤੇ ਮਾਡਲਾਂ ਅਤੇ ਕਿਰਿਆਵਾਂ ਦੀ ਸ਼ਲਾਘਾਂ ਕੀਤੀ ਤੇ ਕਿਹਾ ਕਿ ਇਸ ਸਭ ਲਈ ਸਕੂਲ ਦੇ ਅਧਿਆਪਕ ਤੇ ਵਿਦਿਆਰਥੀਆਂ ਦੇ ਮਾਪੇ ਵਧਾਈ ਦੇ ਪਾਤਰ ਹਨ। ਆਖਿਰ ਵਿੱਚ ਸਕੂਲ ਦੇ ਇੰਚਾਰਜ ਪੂਨਮ ਸ਼ਰਮਾ ਨੇ ਤਰਕ ਸੰਗਤ ਢੰਗ ਨਾਲ ਵਿਦਿਆਰਥੀਆਂ ਨੂੰ ਆਪਣੀ ਗੱਲ ਸਮਝਾਉਣ ਅਤੇ ਗਣਿਤ ਨੂੰ ਦੈਨਿਕ ਜੀਵਨ ਨਾਲ ਜੋੜਨ ਦਾ ਉਪਰਾਲਾ ਕੀਤਾ।