Nabaz-e-punjab.com

ਦਸਵੀਂ ਦੀ ਪ੍ਰੀਖਿਆ: ਸਿੱਖਿਆ ਬੋਰਡ ਮੁਖੀ ਵੱਲੋਂ ਸਰਹੱਦੀ ਪਿੰਡਾਂ ਦੇ ਪ੍ਰੀਖਿਆ ਕੇਂਦਰਾਂ ਦੀ ਚੈਕਿੰਗ, ਨਕਲ ਦੇ 3 ਕੇਸ ਫੜੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਮਾਰਚ:
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਦਸਵੀਂ ਸ਼੍ਰੇਣੀ ਦੀ ਵਿਗਿਆਨ ਦੀ ਪ੍ਰੀਖਿਆ ਲਈ ਗਈ। ਇਸ ਦੌਰਾਨ ਸਿੱਖਿਆ ਬੋਰਡ ਦੇ ਚੇਅਰਮੈਨ ਮਨੋਹਰ ਕਾਂਤ ਕਲੋਹੀਆ ਨੇ ਜ਼ਿਲ੍ਹਾ ਤਰਨਤਾਰਨ ਦੇ ਭਿੱਖੀਵਿੰਡ, ਸੁਰਸਿੰਘ, ਵਲਟੋਹਾ, ਪੱਟੀ ਸਮੇਤ ਸਰਹੱਦੀ ਖੇਤਰ ਦੇ ਹੋਰ ਪ੍ਰੀਖਿਆ ਕੇਂਦਰਾਂ ਦਾ ਦੌਰਾ ਕਰਕੇ ਚੈਕਿੰਗ ਕੀਤੀ। ਪ੍ਰੀਖਿਆ ਦੌਰਾਨ ਅੱਜ ਫੂਲ, ਸਮਰਾਲਾ ਅਤੇ ਵਲਟੋਹਾ ਵਿੱਚ ਨਕਲ ਦੇ 3 ਕੇਸ ਫੜੇ ਗਏ। ਇਸ ਤੋਂ ਇਲਾਵਾ ਬੋਰਡ ਦੇ 9 ਨਕਲ ਵਿਰੋਧੀ ਉਡਣ ਦਸਤਿਆਂ ਨੇ ਪੰਜਾਬ ਭਰ ਦੇ ਵੱਖ-ਵੱਖ ਪ੍ਰੀਖਿਆ ਕੇਂਦਰਾਂ ਦੀ ਚੈਕਿੰਗ ਕੀਤੀ।
ਵੇਰਵਿਆਂ ਅਨੁਸਾਰ ਸ੍ਰੀ ਕਲੋਹੀਆ ਨੇ ਸਵੇਰੇ ਸੁਰਸਿੰਘ ਦੇ ਮੁੰਡਿਆਂ ਤੇ ਕੁੜੀਆਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਪ੍ਰੀਖਿਆ ਕੇਂਦਰਾਂ ਦੀ ਚੈਕਿੰਗ ਕੀਤੀ। ਇਨ੍ਹਾਂ ਕੇਂਦਰਾਂ ਵਿੱਚ ਕੁੱਲ 220 ਪ੍ਰੀਖਿਆਰਥੀ ਪ੍ਰੀਖਿਆ ਦੇ ਰਹੇ ਸਨ। ਸਰਕਾਰੀ ਹਾਈ ਸਕੂਲ, ਅਮਰਕੋਟ ਵਿੱਚ 157, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਿੱਖੀਵਿੰਡ ਵਿੱਚ 201, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੇਮਕਰਨ ਵਿੱਚ 155 ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਸਲ ਉਤਰ ਵਿੱਚ 216 ਪ੍ਰੀਖਿਆਰਥੀ ਪ੍ਰੀਖਿਆ ਦੇਣ ਪੁੱਜੇ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੁੜੀਆਂ), ਵਲਟੋਹਾ ਦੇ ਕੇਂਦਰ ਤੋਂ ਨਕਲ ਦਾ ਇੱਕ ਕੇਸ ਸਾਹਮਣੇ ਆਇਆ। ਇੱਥੇ 147 ਪ੍ਰੀਖਿਆਰਥੀ ਪ੍ਰੀਖਿਆ ਵਿੱਚ ਬੈਠੇ। ਪੱਟੀ ਦੇ ਸ਼ਹੀਦ ਭਗਤ ਸਿੰਘ ਸਕੂਲ ਵਿੱਚ ਤਿੰਨ ਕੇਂਦਰਾਂ ਵਿੱਚ 600 ਤੋਂ ਵੱਧ ਪ੍ਰੀਖਿਆਰਥੀ ਪ੍ਰੀਖਿਆ ਵਿੱਚ ਬੈਠੇ ਤੇ ਇੱਥੇ ਸਾਰਾ ਕਾਰਜ ਬਿਨਾਂ ਵਿਘਨ ਨਿਪਟਿਆ।
ਇਸ ਦੌਰਾਨ ਜ਼ਿਲ੍ਹਾ ਬਠਿੰਡਾ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਫੂਲ ਅਤੇ ਲੁਧਿਆਣਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਮਰਾਲਾ ਦੇ ਓਪਨ ਸਕੂਲ ਪ੍ਰੀਖਿਆਰਥੀਆਂ ਦੇ ਕੇਂਦਰਾਂ ਵਿੱਚ ਨਕਲ ਦਾ ਇੱਕ-ਇੱਕ ਕੇਸ ਸਾਹਮਣੇ ਆਇਆ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਤਿਆਰ ਕੀਤੇ ਨਕਲ ਵਿਰੋਧੀ ਉਡਣ-ਦਸਤਿਆਂ ਵਿੱਚ ਸੋਮਵਾਰ ਨੂੰ ਨਿਗਰਾਨ ਇੰਜੀਨੀਅਰ ਗੁਰਿੰਦਰਪਾਲ ਸਿੰਘ ਬਾਠ ਦੀ ਟੀਮ ਨੇ ਜ਼ਿਲ੍ਹਾ ਫਾਜ਼ਿਲਕਾ, ਵਿਸ਼ਾ ਮਾਹਿਰ ਸੁਰਭੀ ਜੈਕਵਾਲ ਦੀ ਟੀਮ ਨੇ ਜ਼ਿਲ੍ਹਾ ਮੋਗਾ, ਵਿਸ਼ਾ ਮਾਹਿਰ ਮਲਵਿੰਦਰ ਸਿੰਘ ਦੀ ਟੀਮ ਨੇ ਜ਼ਿਲ੍ਹਾ ਗੁਰਦਾਸਪੁਰ, ਵਿਸ਼ਾ ਮਾਹਿਰ ਚਰਨਪ੍ਰੀਤ ਕੌਰ ਦੀ ਟੀਮ ਨੇ ਜ਼ਿਲ੍ਹਾ ਫਿਰੋਜ਼ਪੁਰ, ਕੋਆਰਡੀਨੇਟਰ ਹਰਪ੍ਰੀਤ ਕੌਰ ਦੀ ਟੀਮ ਨੇ ਜ਼ਿਲ੍ਹਾ ਬਰਨਾਲਾ, ਸਹਾਇਕ ਸਕੱਤਰ ਨਿਰਭੈ ਸਿੰਘ ਦੀ ਟੀਮ ਨੇ ਜ਼ਿਲ੍ਹਾ ਅੰਮ੍ਰਿਤਸਰ, ਆਰਟਿਸਟ ਮਨਜੀਤ ਸਿੰਘ ਦੀ ਟੀਮ ਨੇ ਜ਼ਿਲ੍ਹਾ ਲੁਧਿਆਣਾ, ਸਹਾਇਕ ਸਕੱਤਰ ਮਨਜੀਤ ਕੌਰ ਦੀ ਟੀਮ ਨੇ ਜ਼ਿਲ੍ਹਾ ਸੰਗਰੂਰ ਅਤੇ ਗੁਰਜਿੰਦਰ ਸਿੰਘ ਦੀ ਟੀਮ ਨੇ ਜ਼ਿਲ੍ਹਾ ਤਰਨਤਾਰਨ ਵਿੱਚ ਨਕਲ ਵਿਰੋਧੀ ਕਾਰਵਾਈਆਂ ਅਮਲ ਵਿੱਚ ਲਿਆਂਦੀਆਂ।

Load More Related Articles
Load More By Nabaz-e-Punjab
Load More In Education and Board

Check Also

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ ਸਰਕਾਰੀ ਮੈਰੀਟੋ…