nabaz-e-punjab.com

ਪਿੰਡ ਬਲੌਂਗੀ ਵਿੱਚ ਗੁਰੂਘਰ ਦੀ ਜ਼ਮੀਨ ਵੇਚਣ ਦਾ ਮਾਮਲਾ ਭਖਿਆ

ਨੰਬਰਦਾਰ ਤਰਲੋਚਨ ਸਿੰਘ ਮਾਨ ਨੇ ਐਸਜੀਪੀਸੀ ਦੇ ਮੁੱਖ ਸਕੱਤਰ ਨੂੰ ਪੱਤਰ ਲਿਖ ਕੇ ਬੋਲੀ ਰੱਦ ਕਰਨ ਦੀ ਮੰਗ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਅਕਤੂਬਰ:
ਇੱਥੋਂ ਦੇ ਨਜ਼ਦੀਕੀ ਪਿੰਡ ਬਲੌਂਗੀ ਵਿੱਚ ਗੁਰਦੁਆਰਾ ਸਾਹਿਬ ਦੀ ਜ਼ਮੀਨ ਨੂੰ ਵੇਚਣ ਦਾ ਮਾਮਲਾ ਕਾਫੀ ਭਖ ਗਿਆ ਹੈ। ਇਸ ਸਬੰਧੀ ਬਲੌਂਗੀ ਦੇ ਨੰਬਰਦਾਰ ਤਰਲੋਚਨ ਸਿੰਘ ਮਾਨ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਨੂੰ ਸ਼ਿਕਾਇਤ ਪੱਤਰ ਭੇਜ ਕੇ ਉਕਤ ਜ਼ਮੀਨ ਦੀ ਬੋਲੀ ਨੂੰ ਤੁਰੰਤ ਪ੍ਰਭਾਵ ਨਾਲ ਰੱਦ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਆਪਣੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਮੁਹਾਲੀ ਅਤੇ ਚੰਡੀਗੜ੍ਹ ਨੇੜੇ ਕਮਰਸ਼ੀਅਲ ਜ਼ਮੀਨ ਹੋਣ ਕਾਰਨ ਇਹ ਵੱਧ ਕੀਮਤ ’ਤੇ ਬੜੀ ਅਸਾਨੀ ਨਾਲ ਵੇਚੀ ਜਾ ਸਕਦੀ ਸੀ ਪ੍ਰੰਤੂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਜਸਵੀਰ ਸਿੰਘ ਨੇ ਗੰਢਤੁਪ ਕਰਕੇ ਇਹ ਜ਼ਮੀਨ ਮਾਰਕੀਟ ਰੇਟ ਤੋਂ ਕਾਫੀ ਘੱਟ ਭਾਅ ਵਿੱਚ ਵੇਚ ਦਿੱਤੀ ਗਈ ਹੈ।
ਸ੍ਰੀ ਮਾਨ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਨੂੰ ਅਖ਼ਬਾਰ ਵਿੱਚ ਇਸ਼ਤਿਹਾਰ ਪੜ੍ਹ ਕੇ ਪਤਾ ਲੱਗਾ ਕਿ ਪਿੰਡ ਬਲੌਂਗੀ ਵਿੱਚ ਗੁਰਦੁਆਰਾ ਸਾਹਿਬ ਦੀ ਜ਼ਮੀਨ ਦੀ ਖੁੱਲ੍ਹੀ ਬੋਲੀ ’ਤੇ ਵੇਚੀ ਜਾਣੀ ਹੈ। ਬੀਤੀ 16 ਅਕਤੂਬਰ ਨੂੰ ਸਵੇਰੇ ਕਰੀਬ 10 ਵਜੇ ਉਹ ਅਤੇ ਕੁਝ ਹੋਰ ਬੋਲੀ ਦੇਣ ਦੇ ਚਾਹਵਾਨ ਸਬੰਧਤ ਜ਼ਮੀਨ ਵਿੱਚ ਪਹੁੰਚ ਗਏ। ਐਸਜੀਪੀਸੀ ਦਾ ਮੈਨੇਜਰ ਅਤੇ ਕੋਈ ਹੋਰ ਅਧਿਕਾਰੀ ਜਾਂ ਮੈਂਬਰ ਉੱਥੇ ਨਹੀਂ ਆਇਆ। ਫਿਰ ਉਨ੍ਹਾਂ ਨੇ ਅਖ਼ਬਾਰੀ ਇਸ਼ਤਿਹਾਰ ਵਿੱਚ ਦਿੱਤੇ ਨੰਬਰਾਂ ’ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪ੍ਰੰਤੂ ਸ਼ਾਮ 4 ਵਜੇ ਤੱਕ ਕੋਈ ਵੀ ਬਲੌਂਗੀ ਨਹੀਂ ਆਇਆ। ਇਸ ਉਪਰੰਤ ਉਨ੍ਹਾਂ ਨੂੰ ਇਹ ਜਾਣਕਾਰੀ ਮਿਲੀ ਕਿ ਐਸਜੀਪੀਸੀ ਦੇ ਨੁਮਾਇੰਦਿਆਂ ਨੇ ਕਥਿਤ ਤੌਰ ’ਤੇ ਲਾਲਚ ਵਸ ਅਤੇ ਮਿਲੀਭੁਗਤ ਕਰਕੇ ਗੁਰੂਘਰ ਦੀ ਸਬੰਧਤ ਜ਼ਮੀਨ ਆਪਣੇ ਕਿਸੇ ਚਹੇਤੇ ਨੂੰ ਸਸਤੇ ਭਾਅ ਵਿੱਚ ਵੇਚ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਕਤ ਜ਼ਮੀਨ ਕਮਰਸ਼ੀਅਲ ਅਤੇ ਮੁਹਾਲੀ ਤੇ ਚੰਡੀਗੜ੍ਹ ਨੇੜੇ ਹੋਣ ਕਰਕੇ ਅੰਦਾਜ਼ਨ 5 ਤੋਂ 7 ਕਰੋੜ ਰੁਪਏ ਵਿੱਚ ਵਿਕ ਸਕਦੀ ਸੀ। ਕਿਉਂਕਿ ਉੱਥੇ ਬੋਲੀ ਦੇਣ ਦੇ ਚਾਹਵਾਨ ਕਈ ਵਿਅਕਤੀ ਮੌਜੂਦ ਸਨ। ਉਨ੍ਹਾਂ ਮੰਗ ਕੀਤੀ ਕਿ ਉਕਤ ਜ਼ਮੀਨ ਦੀ ਬੋਲੀ ਤੁਰੰਤ ਰੱਦ ਕੀਤੀ ਜਾਵੇ ਅਤੇ ਗੁਰੂਘਰ ਨੂੰ ਚੂਨਾ ਲਗਾਉਣ ਦੀ ਸਾਜ਼ਿਸ਼ ਵਿੱਚ ਸ਼ਾਮਲ ਐਸਜੀਪੀਸੀ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੇ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਧਮਕੀ ਦਿੱਤੀ ਕਿ ਜੇਕਰ ਐਸਜੀਪੀਸੀ ਨੇ ਉਨ੍ਹਾਂ ਦੀ ਸ਼ਿਕਾਇਤ ’ਤੇ ਗੌਰ ਨਹੀਂ ਕੀਤਾ ਤਾਂ ਉਹ ਉੱਚ ਅਦਾਲਤ ਦਾ ਬੂਹਾ ਖੜਕਾਉਣ ਤੋਂ ਗੁਰੇਜ਼ ਨਹੀਂ ਕਰਨਗੇ।
(ਬਾਕਸ ਆਈਟਮ)
ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਭਾਈ ਜਸਵੀਰ ਸਿੰਘ ਨੇ ਪਿੰਡ ਬਲੌਂਗੀ ਵਿੱਚ ਮਿਲੀਭੁਗਤ ਕਰਕੇ ਗੁਰੂਘਰ ਦੀ ਜ਼ਮੀਨ ਨੂੰ ਘੱਟ ਕੀਮਤ ’ਤੇ ਵੇਚਣ ਦੇ ਲਗਾਏ ਸਾਰੇ ਦੋਸ਼ਾਂ ਨੂੰ ਬਿਲਕੁਲ ਬੇਬੁਨਿਆਦ ਅਤੇ ਮਨਘੜਤ ਦੱਸਦਿਆਂ ਕਿਹਾ ਕਿ ਸਾਰੇ ਦੋਸ਼ ਝੂਠੇ ਹਨ। ਉਨ੍ਹਾਂ ਦੱਸਿਆ ਕਿ ਸਬੰਧਤ ਜ਼ਮੀਨ ਦੀ ਖੁੱਲ੍ਹੀ ਬੋਲੀ ਨਿਯਮਾਂ ਤਹਿਤ ਅਖ਼ਬਾਰਾਂ ਵਿੱਚ ਇਸ਼ਤਿਹਾਰ ਦੇ ਕੇ ਕੀਤੀ ਗਈ ਹੈ। ਇਸ ਸਬੰਧੀ ਜ਼ਮੀਨ ਵਿੱਚ ਟੈਂਟ ਲਗਾਇਆ ਗਿਆ ਸੀ ਅਤੇ ਬੋਲੀ ਪ੍ਰਕਿਰਿਆ ਦੀ ਫੋਟੋ ਅਤੇ ਵੀਡੀਓ ਗਰਾਫ਼ੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਖੁੱਲ੍ਹੀ ਬੋਲੀ ਦੁਪਹਿਰ ਕਰੀਬ ਸਾਢੇ 12 ਵਜੇ ਐਸਜੀਪੀਸੀ ਦੇ ਮੈਂਬਰ ਚਰਨਜੀਤ ਸਿੰਘ ਕਾਲੇਵਾਲ ਦੀ ਮੌਜੂਦਗੀ ਵਿੱਚ ਹੋਈ ਹੈ। ਇਸ ਮੌਕੇ ਐਸਜੀਪੀਸੀ ਦੇ ਹੋਰ ਅਧਿਕਾਰੀ ਅਤੇ ਸਟਾਫ਼ ਮੈਂਬਰ ਅਤੇ ਸੱਤ ਬੋਲੀਦਾਰਾਂ ਸਮੇਤ ਹੋਰ ਪਤਵੰਤੇ ਵੀ ਹਾਜ਼ਰ ਸਨ। ਮੈਨੇਜਰ ਨੇ ਕਿਹਾ ਕਿ ਸ਼ਿਕਾਇਤ ਕਰਤਾ ਵੱਲੋਂ ਜਾਣਬੁੱਝ ਕੇ ਮੀਡੀਆ ਅਤੇ ਸੰਗਤ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਅਤੇ ਧਾਰਮਿਕ ਸੰਸਥਾ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…