ਮਟੌਰ ਪੁਲੀਸ ਵੱਲੋਂ ਪਿਸਤੌਲ ਦੀ ਨੌਕ ’ਤੇ ਮੋਟਰ ਸਾਈਕਲ ਖੋਹਣ ਵਾਲਾ ਮੁਲਜ਼ਮ ਗ੍ਰਿਫ਼ਤਾਰ

ਮੁਲਜ਼ਮ ਪਾਸੋਂ ਪਿਸਤੌਲ ਅਤੇ ਖੋਹ ਕੀਤਾ ਮੋਟਰ ਸਾਇਕਲ ਵੀ ਬਰਾਮਦ, ਸਾਥੀ ਦੀ ਤਲਾਸ਼ ਜਾਰੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਮਈ:
ਇੱਥੋਂ ਦੀ ਮਟੌਰ ਪੁਲੀਸ ਨੇ ਪਿਸਤੌਲ ਦੀ ਨੌਕ ’ਤੇ ਮੋਟਰ ਸਾਈਕਲ ਖੋਹਣ ਵਾਲੇ ਮੁਲਜ਼ਮ ਲਖਵਿੰਦਰ ਸਿੰਘ ਉਰਫ ਲੱਖੀ ਪਿੰਡ ਢਪਾਲੀ (ਬਠਿੰਡਾ) ਨੂੰ ਮੋਟਰ ਸਾਇਕਲ ਖੋਹਣ ਦੀ ਵਾਰਦਾਤ ਨੂੰ ਅਜ਼ਾਮ ਦੇਣ ਵਾਲੇ ਨੂੰ 48 ਘੰਟੇ ਦੇ ਅੰਦਰ ਅੰਦਰ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਮੁਹਾਲੀ ਦੇ ਡੀਐਸਪੀ (ਸਿਟੀ 1) ਆਲਮ ਵਿਜੇ ਸਿੰਘ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਜ਼ਿਲ੍ਹਾ ਪੁਲੀਸ ਮੁਖੀ ਦੀਆਂ ਹਦਾਇਤਾਂ ਅਤੇ ਐਸਪੀ (ਸਿਟੀ) ਪਰਮਿੰਦਰ ਸਿੰਘ ਭੰਡਾਲ ਦੀ ਅਗਵਾਈ ਵਿੱਚ ਪੁਲੀਸ ਵੱਲੋਂ ਮਾੜੇ ਅਨਸਰਾਂ ਦੇ ਖਿਲਾਫ ਵਿੰਢੀ ਗਈ ਮੁਹਿੰਮ ਤਹਿਤ ਖੋਹ ਨੂੰ ਅੰਜ਼ਾਮ ਦੇਣ ਵਾਲੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁੱਖ ਥਾਣਾ ਅਫ਼ਸਰ ਮਟੌਰ ਸ੍ਰ. ਤਰਲੋਚਨ ਸਿੰਘ ਅਤੇ ਪੀ.ਸੀ.ਆਰ ਦੇ ਇੰਚਾਰਜ ਭੁਪਿੰਦਰ ਸਿੰਘ ਦੀ ਨਿਗਰਾਨੀ ਹੇਠ ਲੁੱਟ ਖੋਹ ਦੀ ਵਾਰਦਾਤ ਲਈ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਨਾਕਾ ਪਾਰਟੀਆਂ ਅਤੇ ਸਰਚ ਪਾਰਟੀਆਂ ਬਣਾਈਆਂ ਗਈਆਂ ਸਨ ਜਿਸ ਤਹਿਤ 3/7 ਦੀਆਂ ਲਾਈਟਾਂ ਕੋਲ ਨਾਕਾ ਬੰਦੀ ਦੌਰਾਨ ਦੋਸ਼ੀ ਪੁਲਿਸ ਪਾਰਟੀ ਨੂੰ ਦੇਖਕੇ ਭੱਜਣ ਲੱਗਾ ਤਾਂ ਉਸ ਦੀ ਰੋਕ ਕੇ ਤਲਾਸੀ ਲਈ ਗਈ ਅਤੇ ਉਸ ਤੋਂ ਇਕ ਪਿਸਟਲ ਵੀ ਬਰਾਮਦ ਹੋਈ। ਮੁਲਜ਼ਮ ਨੇ ਦੱਸਿਆ ਕਿ ਉਨ੍ਹਾਂ ਨੇ 18 ਮਈ ਨੂੰ ਫੇਜ਼ 7 ਮੁਹਾਲੀ ਤੋਂ ਇਕ ਲੜਕੇ ਪਾਸੋਂ ਮੈਂ ਅਤੇ ਮੇਰੇ ਸਾਥੀ ਸਤਕਾਰ ਸਿੰਘ ਨੇ ਮੋਟਰ ਸਾਇਕਲ ਖੋਹਿਆ ਸੀ ਜਿਸ ਨਾਲ ਉਨ੍ਹਾਂ ਚੰਡੀਗੜ੍ਹ ਅਤੇ ਮੁਹਾਲੀ ਦੇ ਏਰੀਏ ਵਿਚ ਲੁੱਟ ਖੋਹ ਦੀ ਕੋਈ ਵੱਡੀ ਵਾਰਦਾਤ ਨੂੰ ਅੰਜ਼ਾਮ ਦੇਣਾ ਸੀ। ਦੋਸ਼ੀ ਲਖਵਿੰਦਰ ਸਿੰਘ ਖਿਲਾਫ ਥਾਣਾ ਰਾਮਪੁਰਾ ਫੂਲ ਜਿਲ੍ਹਾ ਬਠਿੰਡਾ ਵਿਚ ਪਹਿਲਾਂ ਵੀ ਇਕ ਕਤਲ ਦਾ ਮੁਕੱਦਮਾ ਦਰਜ਼ ਹੈ। ਦੋਸ਼ੀਆਂ ਵਿਰੱਧ ਮੁਕੱਦਮਾ ਨੰਬਰ 64 ਮਿਤੀ 18 ਮਈ 2017 ਅਧੀਨ ਧਾਰਾ 392 ਹਿੰਦ ਦੰਡਾਵਲੀ 25-54-59 ਅਸਲਾ ਐਕਟ ਥਾਣਾ ਮਟੌਰ ਵਿੱਚ ਦਰਜ ਕਰਕੇ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਦੋਸ਼ੀ ਪਾਸੋਂ ਖੋਹ ਦਾ ਮੋਟਰ ਸਾਇਕਲ ਨੰਬਰ ਪੀ.ਬੀ. 65ਯੂ 4135 ਵੀ ਬਰਾਮਦ ਕਰ ਲਿਆ ਗਿਆ ਹੈ। ਮੁਲਜ਼ਮ ਤੋਂ ਹੋਰ ਪੁੱਛਗਿੱਛ ਵੀ ਕੀਤੀ ਜਾ ਰਹੀ ਹੈ।

Load More Related Articles
Load More By Nabaz-e-Punjab
Load More In Uncategorized

Check Also

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਨਬਜ਼-ਏ-ਪੰ…