ਮੈਕਸ ਹਸਪਤਾਲ ਮੁਹਾਲੀ ਨੂੰ ਮਿਲੀ ਕੋਵਿਡ-19 ਦੇ ਨਮੂਨੇ ਇਕੱਠੇ ਕਰਨ ਦੀ ਆਗਿਆ

ਸਿਹਤ ਵਿਭਾਗ ਨੇ 25 ਹੋਰ ਵਿਅਕਤੀਆਂ ਦੇ ਸੈਂਪਲ ਲਏ, ਕੁੱਲ 85 ਸੈਂਪਲਾਂ ਦੀ ਰਿਪੋਰਟ ਆਉਣੀ ਬਾਕੀ

ਪੀੜਤ ਨੈਬ ਸਿੰਘ ਦੇ ਸੰਪਰਕ ਵਿੱਚ ਆਏ ਪੰਜ ਵਿਅਕਤੀਆਂ ਨੂੰ ਕੀਤਾ ਹਾਊਸ ਆਈਸੋਲੇਟ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਅਪਰੈਲ:
ਮੁਹਾਲੀ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟਰੇਟ ਗਿਰੀਸ਼ ਦਿਆਲਨ ਨੇ ਅੱਜ ਇੱਥੋਂ ਦੇ ਮੈਕਸ ਸੁਪਰ ਸਪੈਸਲਿਟੀ ਹਸਪਤਾਲ ਫੇਜ਼-6 ਨੂੰ ਕੋਵਿਡ-19 ਦੇ ਸਬੰਧ ਵਿੱਚ ਨਮੂਨੇ ਇਕੱਠੇ ਕਰਨ ਦੀ ਆਗਿਆ ਦਿੱਤੀ। ਜ਼ਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ ਹਸਪਤਾਲ ਪ੍ਰਬੰਧਕ ਇਸ ਸਬੰਧੀ ਪੰਜਾਬ ਸਰਕਾਰ ਅਤੇ ਆਈਸੀਐਮਆਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪੂਰੀ ਤਰ੍ਹਾਂ ਪਾਲਣਾ ਕਰੇਗਾ। ਇਸ ਤੋਂ ਇਲਾਵਾ ਨਮੂਨਿਆਂ ਨੂੰ ਇਕੱਤਰ ਕਰਨ ਤੋਂ ਬਾਅਦ ਹਸਪਤਾਲ ਉਨ੍ਹਾਂ ਨੂੰ ਸਰਕਾਰੀ ਦਿਸ਼ਾ-ਨਿਰਦੇਸਾਂ ਅਨੁਸਾਰ ਟੈਸਟ ਲਈ ਮੈਕਸ ਸੁਪਰ ਸਪੈਸਲਿਟੀ ਹਸਪਤਾਲ, ਸੰਕੇਤ, ਨਵੀਂ ਦਿੱਲੀ ਭੇਜਿਆ ਜਾਵੇਗਾ। ਇਸ ਤੋਂ ਇਲਾਵਾ ਹਸਪਤਾਲ ਆਈਸੀਐਮਆਰ ਅਤੇ ਸਰਕਾਰ ਵੱਲੋਂ ਨਿਰਧਾਰਿਤ ਰੇਟਾਂ ਅਨੁਸਾਰ ਚਾਰਜ ਕਰੇਗਾ।
ਮੁਹਾਲੀ ਦੇ ਸਿਵਲ ਸਰਜਨ ਡਾ. ਮਨਜੀਤ ਸਿੰਘ ਅਤੇ ਜ਼ਿਲ੍ਹਾ ਐਪੀਡੀਮੋਲੋਜਿਸਟ ਤੇ ਨੋਡਲ ਅਫ਼ਸਰ ਡਾ. ਹਰਮਨਦੀਪ ਕੌਰ ਨੇ ਦੱਸਿਆ ਕਿ ਅੱਜ ਇੱਥੋਂ ਦੇ ਸਰਕਾਰੀ ਹਸਪਤਾਲ ਸਮੇਤ ਹੋਰਨਾਂ ਵੱਖ-ਵੱਖ ਥਾਵਾਂ ਤੋਂ ਕਰੀਬ ਦੋ ਦਰਜਨ ਤੋਂ ਵੱਧ ਵਿਅਕਤੀਆਂ ਦੇ ਸੈਂਪਲ ਲਏ ਗਏ। ਜਿਨ੍ਹਾਂ ਨੂੰ ਜਾਂਚ ਲਈ ਭੇਜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ 748 ਸੈਂਪਲ ਲਏ ਜਾ ਚੁੱਕੇ ਹਨ। ਜਿਨ੍ਹਾਂ ’ਚੋਂ ਹੁਣ ਤੱਕ 48 ਵਿਅਕਤੀਆਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ ਅਤੇ 60 ਸੈਂਪਲਾਂ ਦੀ ਰਿਪੋਰਟ ਆਉਣੀ ਬਾਕੀ ਹੈ ਜਦੋਂਕਿ ਬਾਕੀ ਸਾਰੇ 640 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਉਨ੍ਹਾਂ ਦੱਸਿਆ ਕਿ ਪਿੰਡ ਜਵਾਹਰਪੁਰ ਨੂੰ ਛੱਡ ਕੇ ਬਾਕੀ ਪ੍ਰਭਾਵਿਤ ਖੇਤਰਾਂ ਨਵਾਂ ਗਉਂ, ਜਗਤਪੁਰ, ਮੌਲੀ ਬੈਦਵਾਨ, ਕੁੰਭੜਾ, ਸੈਕਟਰ-69, ਫੇਜ਼-9 ਵਿੱਚ ਕੋਈ ਹੋਰ ਪੀੜਤ ਵਿਅਕਤੀ ਨਹੀਂ ਮਿਲਿਆ ਹੈ।
ਸਿਵਲ ਸਰਜਨ ਨੇ ਦੱਸਿਆ ਕਿ ਮੁੱਢਲਾ ਸਿਹਤ ਕੇਂਦਰ ਘੜੂੰਆਂ ਦੀ ਇੰਚਾਰਜ ਐਸਐਮਓ ਡਾ. ਕੁਲਜੀਤ ਕੌਰ ਦੀ ਨਿਗਰਾਨੀ ਵਾਲੀਆਂ ਵੱਖ-ਵੱਖ ਟੀਮਾਂ ਵੱਲੋਂ ਅੱਜ ਭਾਗੋਮਾਜਰਾ ਦੀ ਪੱਪੂ ਕਲੋਨੀ ਵਿੱਚ 30 ਸਾਲਾਂ ਮਜ਼ਦੂਰ ਦੀ ਮੌਤ ਤੋਂ ਬਾਅਦ 284 ਘਰਾਂ ਦਾ ਸਰਵੇ ਕੀਤਾ ਗਿਆ ਅਤੇ 1252 ਵਿਅਕਤੀਆਂ ਦੀ ਜਾਂਚ ਕੀਤੀ ਗਈ ਹੈ। ਇਨ੍ਹਾਂ ’ਚੋਂ ਕਿਸੇ ਪਿੰਡ ਵਾਸੀ ਵਿੱਚ ਕਰੋਨਾਵਾਇਰਸ ਦਾ ਕੋਈ ਲੱਛਣ ਨਜ਼ਰ ਨਹੀਂ ਆਇਆ ਹੈ। ਉਂਜ 8 ਘਰਾਂ ਵਿੱਚ ਰਹਿੰਦੇ ਕਰੀਬ 25 ਕੁ ਵਿਅਕਤੀਆਂ ਨੂੰ ਸਾਵਧਾਨੀ ਵਜੋਂ ਹਾਊਸ ਆਈਸੋਲੇਟ ਕੀਤਾ ਗਿਆ ਹੈ। ਮ੍ਰਿਤਕ ਮਜ਼ਦੂਰ ਇੱਥੇ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਸੀ। ਇੰਜ ਹੀ ਪਿੰਡ ਪੜਛ ਦੇ ਮੇਵਾ ਸਿੰਘ ਤੇ ਜਸਵੀਰ ਸਿੰਘ, ਪਿੰਡ ਨਾਢਾ ਦੇ ਸੁਰਜੀਤ ਰਾਮ ਅਤੇ ਪਿੰਡ ਸਿਊਂਕ ਦੇ ਦਿਲਬਾਗ ਸਿੰਘ, ਰਾਮ ਕੁਮਾਰ ਵਾਸੀ ਖੁੱਡਾ ਅਲੀਸ਼ੇਰ ਨੂੰ ਵੀ ਹਾਊਸ ਆਈਸੋਲੇਟ ਕੀਤਾ ਗਿਆ ਹੈ। ਇਹ ਪੰਜ ਵਿਅਕਤੀ ਪਿੰਡ ਜਵਾਹਰਪੁਰ ਦੇ ਕਰੋਨਾ ਪਾਜ਼ੇਟਿਵ ਨੈਬ ਸਿੰਘ ਦੇ ਸੰਪਰਕ ਵਿੱਚ ਆਏ ਦੱਸੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਮਹਾਮਾਰੀ ਤੋਂ ਬਚਨ ਲਈ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਪੇਂਡੂ ਖੇਤਰ ਵਿੱਚ ਲੋਕਾਂ ਨੂੰ ਆਪਣੇ ਘਰਾਂ ਵਿੱਚ ਰਹਿਣ ਲਈ ਪ੍ਰੇਰਿਆ ਜਾ ਰਿਹਾ ਹੈ।

Load More Related Articles
Load More By Nabaz-e-Punjab
Load More In Health / Hospitals

Check Also

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ ਨਬਜ਼-ਏ-ਪੰਜਾਬ ਬਿਊਰੋ, …