![](https://www.nabaz-e-punjab.com/wp-content/uploads/2021/04/Jeeti-Sidhu-Meeting-2.jpg)
ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਲਈ ਨਗਰ ਨਿਗਮ ਦੇ ਅਧਿਕਾਰੀਆਂ ਦੀ ਕਲਾਸ
ਸ਼ਹਿਰ ਵਿੱਚ ਵਿਕਾਸ ਕਾਰਜਾਂ ਦੀ ਕੀਤੀ ਸਮੀਖਿਆ, ਦਫ਼ਤਰੀ ਸਟਾਫ਼ ਨੂੰ ਜਵਾਬਦੇਹੀ ਨਾਲ ਕੰਮ ਕਰਨ ਦੀ ਹਦਾਇਤ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਅਪਰੈਲ:
ਮੁਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਵੱਲੋਂ ਨਗਰ ਨਿਗਮ ਭਵਨ ਵਿਖੇ ਇੰਜੀਨੀਅਰਿੰਗ ਵਿੰਗ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਸ਼ਹਿਰ ਵਿੱਚ ਮੌਜੂਦਾ ਸਮੇਂ ਵਿੱਚ ਚਲ ਰਹੇ ਵਿਕਾਸ ਕੰਮਾਂ ਦੀ ਸਮੀਖਿਆ ਕੀਤੀ ਅਤੇ ਇਨ੍ਹਾਂ ਕੰਮਾਂ ਨੂੰ ਸਮਾਂਬੱਧ ਤਰੀਕੇ ਨਾਲ ਮੁਕੰਮਲ ਕਰਨ ਦੀਆਂ ਹਦਾਇਤਾਂ ਦਿੱਤੀਆਂ। ਇਸ ਮੌਕੇ ਜੀਤੀ ਸਿੱਧੂ ਨੇ ਕਿਹਾ ਕਿ ਨਗਰ ਨਿਗਮ ਦੇ ਅਧਿਕਾਰੀਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਜੋ ਵੀ ਕੰਮ ਕਰਵਾਏ ਜਾ ਰਹੇ ਹਨ, ਉਹ ਉਨ੍ਹਾਂ ਕੰਮਾਂ ਦੀ ਨਿੱਜੀ ਤੌਰ ’ਤੇ ਨਿਗਰਾਨੀ ਕਰਨ ਤਾਂ ਜੋ ਕੋਈ ਕਮੀ ਹੋਣ ਤੇ ਉਸ ਨੂੰ ਮੌਕੇ ’ਤੇ ਹੀ ਤੁਰੰਤ ਠੀਕ ਕੀਤਾ ਜਾ ਸਕੇ।
ਉਨ੍ਹਾਂ ਕਿਹਾ ਕਿ ਅਧਿਕਾਰੀਆਂ ਦੀ ਜ਼ਿੰਮੇਵਾਰੀ ਹੈ ਕਿ ਲੋਕਾਂ ਨੂੰ ਜਵਾਬਦੇਹ ਪ੍ਰਸ਼ਾਸਨ ਮੁਹੱਈਆ ਕਰਵਾਉਣ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਵਿਕਾਸ ਕੰਮਾਂ ਦੌਰਾਨ ਭ੍ਰਿਸ਼ਟਾਚਾਰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਹਰ ਕੰਮ ਵਧਿਆ ਕੁਆਲਟੀ ਨਾਲ ਪੂਰਾ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਦੌਰਾਨ ਜੇਕਰ ਕੰਮ ਦਾ ਮਿਆਰ ਸਹੀ ਨਾ ਪਾਇਆ ਗਿਆ ਤਾਂ ਉਸਦਾ ਜਿੰਮੇਵਾਰੀ ਸਬੰਧਿਤ ਅਧਿਕਾਰੀ ਦੀ ਹੋਵੇਗੀ। ਉਹਨਾਂ ਕਿਹਾ ਕਿ ਸ਼ਹਿਰ ਦੇ ਵਿਕਾਸ ਅਤੇ ਲੋਕਾਂ ਦੀਆਂ ਲੋੜਾਂ ਨਾਲ ਸਬੰਧਿਤ ਜੋ ਵੀ ਕੰਮ ਕਰਵਾਏ ਜਾਣੇ ਹਨ, ਉਨ੍ਹਾਂ ਲਈ ਐਸਟੀਮੇਟ ਤਿਆਰ ਕੀਤੇ ਜਾਣ ਤਾਂ ਜੋ ਸ਼ਹਿਰ ਵਾਸੀਆਂ ਦੀ ਸੱਮਸਿਆ ਦਾ ਹੱਲ ਹੋ ਸਕੇ। ਮੀਟਿੰਗ ਵਿੱਚ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਨਗਰ ਨਿਗਮ ਦੇ ਕਮਿਸ਼ਨਰ ਡਾ. ਕਮਲ ਗਰਗ ਅਤੇ ਐਸਈ ਸੰਜੇ ਕੰਵਰ ਵੀ ਮੌਜੂਦ ਸਨ।