ਡੇਂਗੂ ’ਤੇ ਕਾਬੂ ਪਾਉਣ ਲਈ ਮੇਅਰ ਨੇ ਆਪਣੀ ਟੀਮ ਸਮੇਤ ਖ਼ੁਦ ਸੰਭਾਲਿਆ ਮੋਰਚਾ

ਸੈਕਟਰ-68 ਵਿੱਚ ਲੋਕਾਂ ਨੂੰ ਕੀਤਾ ਜਾਗਰੂਕ, ਡੋਰ ਟੂ ਡੋਰ ਕਰਵਾਈ ਫੌਗਿੰਗ

ਲੋਕਾਂ ਦੀ ਸਿਹਤ ਤੇ ਸਫ਼ਾਈ ਸਭ ਤੋਂ ਉੱਤੇ, ਅਫ਼ਸਰਾਂ ਦੀ ਲਾਪ੍ਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ: ਜੀਤੀ ਸਿੱਧੂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਅਕਤੂਬਰ:
ਮੁਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਆਪਣੀ ਟੀਮ ਦੇ ਨਾਲ ਖੁਦ ਡੇਂਗੂ ਤੇ ਕਾਬੂ ਪਾਉਣ ਲਈ ਮੋਰਚਾ ਸੰਭਾਲ ਲਿਆ ਹੈ। ਇਸ ਸਬੰਧੀ ਮੁਹਾਲੀ ਦੇ ਸੈਕਟਰ-68 ਵਿੱਚ ਉਨ੍ਹਾਂ ਨੇ ਵੱਖ ਵੱਖ ਮੀਟਿੰਗਾਂ ਕਰਕੇ ਕੀਤੇ ਲੋਕਾਂ ਨੂੰ ਜਾਗਰੂਕ ਕੀਤਾ ਉਥੇ ਡੋਰ ਟੂ ਡੋਰ ਫੌਗਿੰਗ ਵੀਹ ਕਰਵਾਉਣ ਲਈ ਟੀਮਾਂ ਤੋਰੀਆਂ। ਇਸ ਮੌਕੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਵਿਸ਼ੇਸ਼ ਤੌਰ ਤੇ ਉਨ੍ਹਾਂ ਦੇ ਨਾਲ ਸਨ।
ਇਸ ਮੌਕੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੁਹਾਲੀ ਦੇ ਲੋਕਾਂ ਦੀ ਸਿਹਤ ਅਤੇ ਮੁਹਾਲੀ ਵਿੱਚ ਸਾਫ਼ ਸਫ਼ਾਈ ਸਾਰੇ ਕੰਮਾਂ ਤੋਂ ਉਪਰ ਹੈ ਕਿਉਂਕਿ ਲੋਕਾਂ ਦੀ ਸਿਹਤ ਸਭ ਤੋਂ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਡੇਂਗੂ ਫੈਲ ਰਿਹਾ ਹੈ ਅਤੇ ਇਸ ਉੱਤੇ ਕਾਬੂ ਪਾਉਣ ਲਈ ਹਰ ਉਪਰਾਲਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਫੌਗਿੰਗ ਦੇ ਨਾਲ ਨਾਲ ਲੋਕਾਂ ਨੂੰ ਜਾਗਰੂਕ ਕਰਨਾ ਬਹੁਤ ਜ਼ਰੂਰੀ ਹੈ ਅਤੇ ਇਸ ਵਾਸਤੇ ਹੁਣ ਉਹ ਖੁਦ ਮੈਦਾਨ ਵਿੱਚ ਨਿੱਤਰੇ ਹਨ ਤਾਂ ਜੋ ਡੇਂਗੂ ਦੀ ਇਸ ਬਿਮਾਰੀ ਮੁਹਾਲੀ ’ਚੋਂ ਖ਼ਤਮ ਕੀਤਾ ਜਾ ਸਕੇ। ਉਨ੍ਹਾਂ ਨੇ ਲੋਕਾਂ ਨੂੰ ਬੇਨਤੀ ਕੀਤੀ ਕਿ ਕਿਸੇ ਵੀ ਹਾਲਤ ਵਿੱਚ ਆਪਣੇ ਘਰਾਂ ਦੇ ਆਲੇ ਦੁਆਲੇ ਪਾਣੀ ਨਾ ਖੜਨ ਦੇਣ ਅਤੇ ਖ਼ਾਸ ਤੌਰ ’ਤੇ ਆਪਣੇ ਘਰਾਂ ਦੇ ਕੂਲਰਾਂ ਅਤੇ ਫਰਿੱਜਾਂ ਦੇ ਪਿਛਲੇ ਪਾਸੇ ਜ਼ਰੂਰ ਚੈੱਕ ਕਰਨ ਕਿਉਂਕਿ ਡੇਂਗੂ ਦਾ ਮੱਛਰ ਇਕ ਚਮਚ ਪਾਣੀ ਵਿੱਚ ਵੀ ਪੈਦਾ ਹੋ ਜਾਂਦਾ ਹੈ।
ਉਨ੍ਹਾਂ ਇਸ ਦੇ ਨਾਲ ਨਾਲ ਮੁਹਾਲੀ ਦੇ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀਆਂ ਨੂੰ ਮੌਕੇ ’ਤੇ ਹੀ ਹਦਾਇਤਾਂ ਵੀ ਕੀਤੀਆਂ ਕਿ ਪੂਰੇ ਅਸਰਦਾਰ ਢੰਗ ਨਾਲ ਮੁਹਾਲੀ ਵਿੱਚ ਮੱਛਰ ਮਾਰ ਦਵਾਈ ਦੀ ਫੌਗਿੰਗ ਤੇ ਛਿੜਕਾਅ ਕੀਤਾ ਜਾਵੇ ਕਿਉਂਕਿ ਮੁਹਾਲੀ ਵਿੱਚ ਡੇਂਗੂ ਦੀ ਬਿਮਾਰੀ ਲਗਾਤਾਰ ਵਧ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਹਾਲਤ ਵਿੱਚ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਲਾਪ੍ਰਵਾਹੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਇਸ ਮੌਕੇ ਨਗਰ ਨਿਗਮ ਦੇ ਜੁਆਇੰਟ ਕਮਿਸ਼ਨਰ ਹਰਜੀਤ ਸਿੰਘ ਢਿੱਲੋਂ, ਸਿਹਤ ਅਧਿਕਾਰੀ ਡਾ. ਤਮੰਨਾ, ਕੌਂਸਲਰ ਕਮਲਜੀਤ ਸਿੰਘ ਬਨੀ, ਵਿਨੀਤ ਵਰਮਾ, ਕੁਲਵਿੰਦਰ ਸੰਜੂ, ਰਾਜੇਸ਼ ਲਖੋਤਰਾ ਤੇ ਹੋਰ ਇਲਾਕਾ ਵਾਸੀ ਅਤੇ ਅੌਰਤਾਂ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

Load More Related Articles

Check Also

ਬੀਬੀ ਭਾਨੀ ਜੀ ਦਾ ਜਨਮ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ

ਬੀਬੀ ਭਾਨੀ ਜੀ ਦਾ ਜਨਮ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ, 3 ਮਈ: ਇੱਥੋਂ ਦੇ ਇਤਿਹਾਸ…