
ਕਮਿਊਨਿਟੀ ਸੈਂਟਰ ਦੀ ਉਸਾਰੀ ਮੁਕੰਮਲ ਕਰਾਉਣ ਲਈ ਮੇਅਰ ਨੇ 3.5 ਕਰੋੜ ਦੀ ਫਾਈਲ ਕੀਤੀ ਕਲੀਅਰ
ਸ਼ਹਿਰ ਵਾਸੀਆਂ ਨੇ ਕੌਂਸਲਰ ਜਸਪ੍ਰੀਤ ਸਿੰਘ ਗਿੱਲ ਦੀ ਅਗਵਾਈ ਹੇਠ ਕੀਤਾ ਮੇਅਰ ਜੀਤੀ ਸਿੱਧੂ ਦਾ ਧੰਨਵਾਦ
ਨਬਜ਼-ਏ-ਪੰਜਾਬ, ਮੁਹਾਲੀ, 6 ਅਪਰੈਲ:
ਇੱਥੋਂ ਦੇ ਫੇਜ਼-3ਬੀ1 ਵਿੱਚ ਬਣ ਵਾਲੇ ਅਤਿ-ਆਧੁਨਿਕ ਕਮਿਊਨਿਟੀ ਸੈਂਟਰ ਦੇ ਪਿਛਲੇ ਸਮੇਂ ਵਿੱਚ ਰੁਕੇ ਹੋਏ ਕੰਮ ਨੂੰ ਮੁੜ ਸ਼ੁਰੂ ਕਰਨ ਦੀ ਹਰੀ ਝੰਡੀ ਮਿਲ ਗਈ ਹੈ। ਇਸ ਸਬੰਧੀ ਮੁਹਾਲੀ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਵੱਲੋਂ ਲਗਪਗ 3.5 ਕਰੋੜ ਰੁਪਏ ਹੋਰ ਪਾਸ ਕੀਤੇ ਗਏ ਹਨ ਤਾਂ ਜੋ ਛੇਤੀ ਇਸ ਕਮਿਊਨਿਟੀ ਸੈਂਟਰ ਦਾ ਕੰਮ ਮੁਕੰਮਲ ਕਰਕੇ ਲੋਕ ਅਰਪਿਤ ਕੀਤਾ ਜਾ ਸਕੇ। ਇਹ ਮਾਮਲਾ ਵਿੱਤ ਤੇ ਠੇਕਾ ਕਮੇਟੀ ਦੀ ਮੀਟਿੰਗ ਵਿੱਚ ਆਇਆ ਸੀ। ਸ਼ਹਿਰ ਦਾ ਇਹ ਕਮਿਊਨਿਟੀ ਸੈਂਟਰ ਬਾਕੀ ਸਾਰੇ ਸੈਂਟਰਾਂ ਨਾਲੋਂ ਵੱਖਰਾ ਅਤੇ ਅਤਿ-ਆਧੁਨਿਕ ਹੈ। ਇਸ ਦੀ ਉਸਾਰੀ ਨਗਰ ਨਿਗਮ ਵੱਲੋਂ ਕਰਵਾਈ ਜਾਣੀ ਹੈ। ਪਿਛਲੀ ਕਾਂਗਰਸ ਸਰਕਾਰ ਵੇਲੇ ਤਤਕਾਲੀ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਇਸ ਦਾ ਕੰਮ ਸ਼ੁਰੂ ਕਰਵਾਇਆ ਸੀ ਪ੍ਰੰਤੂ ਸੱਤਾ ਪਰਿਵਰਤਨ ਤੋਂ ਬਾਅਦ ‘ਆਪ’ ਸਰਕਾਰ ਨੇ ਕਮਿਊਨਿਟੀ ਸੈਂਟਰ ਦੀ ਉਸਾਰੀ ਵੱਲ ਧਿਆਨ ਨਹੀਂ ਦਿੱਤਾ।
ਮੇਅਰ ਜੀਤੀ ਸਿੱਧੂ ਨੇ ਕਿਹਾ ਕਿ ਇਹ ਕਮਿਊਨਿਟੀ ਸੈਂਟਰ ਮਹਿੰਗੇ ਮੈਰਿਜ ਪੈਲੇਸਾਂ ਤੋਂ ਵੀ ਵਧੀਆ ਬਣਾਇਆ ਜਾ ਰਿਹਾ ਹੈ, ਇੱਥੇ ਬਹੁਤ ਘੱਟ ਕੀਮਤ ’ਤੇ ਲੋਕਾਂ ਇਸ ਵਰਤ ਸਕਣਗੇ। ਉਨ੍ਹਾਂ ਕਿਹਾ ਕਿ ਇਸ ਦੇ ਨਾਲ-ਨਾਲ ਸ਼ਹਿਰ ਦੇ ਬਾਕੀ ਕਮਿਊਨਿਟੀ ਸੈਂਟਰਾਂ ਦੇ ਰੱਖ-ਰਖਾਓ ਦੇ ਕੰਮ ਸ਼ੁਰੂ ਕਰਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਕਮਿਊਨਿਟੀ ਸੈਂਟਰ ਵਿੱਚ ਫਾਇਰ ਸਿਸਟਮ, ਬਾਉਂਡਰੀ-ਵਾਲ, ਪਾਰਕਿੰਗ ਅਤੇ ਹੋਰ ਕੰਮਾਂ ਨੂੰ ਪੂਰਾ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਕਮਿਊਨਿਟੀ ਸੈਂਟਰ ਵਿੱਚ ਏਸੀ ਹਾਲ, ਲਿਫ਼ਟ, ਸਾਉਂਡ ਪਰੂਫਿੰਗ, ਰਸੋਈ ਅਤੇ ਕਮਰੇ ਬਣਾਏ ਜਾਣਗੇ। ਜੋ 300 ਤੋਂ 400 ਲੋਕਾਂ ਲਈ ਸਮਾਰੋਹ ਕਰਨ ਦੇ ਯੋਗ ਹੋਣਗੇ।
ਉਧਰ, ਅੱਜ ਵਾਰਡ ਨੰਬਰ-6 ਦੇ ਵਸਨੀਕਾਂ ਨੇ ਕੌਂਸਲਰ ਜਸਪ੍ਰੀਤ ਸਿੰਘ ਗਿੱਲ ਦੀ ਅਗਵਾਈ ਹੇਠ ਮੇਅਰ ਜੀਤੀ ਸਿੱਧੂ ਨਾਲ ਮੁਲਾਕਾਤ ਕੀਤੀ ਅਤੇ ਇਸ ਕਮਿਊਨਿਟੀ ਸੈਂਟਰ ਲਈ ਸਾਢੇ ਤਿੰਨ ਕਰੋੜ ਰੁਪਏ ਮੁਹੱਈਆ ਕਰਾਉਣ ਲਈ ਉਨ੍ਹਾਂ ਧੰਨਵਾਦ ਕੀਤਾ। ਜਸਪ੍ਰੀਤ ਗਿੱਲ ਨੇ ਕਿਹਾ ਕਿ ਸ਼ਹਿਰ ਵਾਸੀਆਂ ਦੀ ਇਹ ਚਿਰਕੌਣੀ ਮੰਗ ਪੁਰ ਮੇਅਰ ਦੇ ਯਤਨਾਂ ਨਾਲ ਛੇਤੀ ਪੂਰੀ ਹੋ ਜਾਵੇਗੀ। ਇਸ ਮੌਕੇ ਮਦਨ ਸਿੰਘ, ਰਾਜ ਕੁਮਾਰ, ਨਰੇਸ਼ ਸ਼ਰਮਾ, ਸਵਰਨ ਸਿੰਘ, ਹਰਬੰਸ ਲਾਲ ਅਰੋੜਾ, ਏਕਮ ਸਿੰਘ, ਹਰਵਿੰਦਰ ਕੁਮਾਰ, ਖਜਾਨ ਚੰਦ, ਆਈਡੀ ਸਿੰਘ ਅਤੇ ਹੋਰ ਹਾਜ਼ਰ ਸਨ।