nabaz-e-punjab.com

ਲਾਵਾਰਸ ਪਸ਼ੂਆਂ ਤੇ ਬੇਰੁਜ਼ਗਾਰੀ ਦੀ ਸਮੱਸਿਆ ਨੂੰ ਠੱਲ੍ਹ ਪਾਉਣ ਲਈ ਮੇਅਰ ਨੇ ਲੱਭੀ ਨਵੀਂ ਤਰਕੀਬ

ਬੇਰੁਜ਼ਗਾਰ ਨੌਜਵਾਨਾਂ ਨੂੰ ਸਹਾਇਕ ਧੰਦੇ ਅਪਣਾਉਣ ਲਈ ਦਿੱਤੇ ਜਾਣਗੇ ਲਾਵਾਰਸ ਦੁਧਾਰੂ ਪਸ਼ੂ: ਮੇਅਰ ਕੁਲਵੰਤ ਸਿੰਘ

ਲਾਵਾਰਸ ਤੇ ਦੁਧਾਰੂ ਪਸ਼ੂ ਹੜ੍ਹ ਪੀੜਤਾਂ ਨੂੰ ਮੁਹੱਈਆ ਕਰਵਾਏ ਨਗਰ ਨਿਗਮ: ਬੇਦੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਸਤੰਬਰ:
ਪੰਜਾਬ ਸਰਕਾਰ ਜਿੱਥੇ ਘਰ ਘਰ ਰੁਜ਼ਗਾਰ ਯੋਜਨਾ ਤਹਿਤ ਮੁਹਾਲੀ ਸਮੇਤ ਪੰਜਾਬ ਭਰ ਵਿੱਚ ਮੈਗਾ ਰੁਜ਼ਗਾਰ ਮੇਲੇ ਲਗਾਉਣ ਦਾ ਸ਼ਡਿਊਲ ਜਾਰੀ ਕੀਤਾ ਗਿਆ ਹੈ, ਉੱਥੇ ਹੁਣ ਮੇਅਰ ਕੁਲਵੰਤ ਸਿੰਘ ਨੇ ਲਾਵਾਰਸ ਪਸ਼ੂਆਂ ਅਤੇ ਬੇਰੁਜ਼ਗਾਰੀ ਸਮੱਸਿਆ ਨੂੰ ਠੱਲ੍ਹ ਪਾਉਣ ਲਈ ਨਵੀਂ ਤਰਕੀਬ ਲੱਭੀ ਹੈ। ਜਿਸ ਦੇ ਤਹਿਤ ਮੁਹਾਲੀ ਨਗਰ ਨਿਗਮ ਵੱਲੋਂ ਸ਼ਹਿਰ ਨੂੰ ਲਾਵਾਰਸ ਪਸ਼ੂਆਂ ਤੋਂ ਮੁਕਤ ਕਰਨ ਲਈ ਲਾਵਾਰਸ ਦੁਧਾਰੂ ਪਸ਼ੂ ਫੜ ਕੇ ਬੇਰੁਜ਼ਗਾਰ ਨੌਜਵਾਨਾਂ ਨੂੰ ਦਿੱਤੇ ਜਾਣਗੇ ਅਤੇ ਆਮ ਲੋਕਾਂ ਨੂੰ ਸਹਾਇਕ ਧੰਦੇ ਅਪਣਾਉਣ ਲਈ ਪ੍ਰੇਰਿਆ ਜਾਵੇਗਾ।
ਇਸ ਸਬੰਧੀ ਮੇਅਰ ਕੁਲਵੰਤ ਸਿੰਘ ਨੇ ਕਿਹਾ ਕਿ ਇਹ ਉਨ੍ਹਾਂ ਦਾ ਨਿੱਜੀ ਵਿਚਾਰ ਹੈ। ਇਸ ਸਬੰਧੀ ਉਹ ਪਹਿਲਾਂ ਆਪਣੇ ਧੜੇ ਦੇ ਕੌਂਸਲਰਾਂ ਨਾਲ ਸਲਾਹ ਮਸ਼ਵਰਾ ਕਰਨਗੇ। ਜੇਕਰ ਸਾਥੀਆਂ ਨੇ ਹਾਮੀ ਭਰੀ ਤਾਂ ਇਸ ਮਗਰੋਂ ਨਗਰ ਨਿਗਮ ਦੀ ਮੀਟਿੰਗ ਵਿੱਚ ਮਤਾ ਲਿਆ ਕਿ ਹਾਊਸ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਸਾਰੇ ਕੌਂਸਲਰਾਂ ਦੇ ਵਿਚਾਰ ਜਾਣਨ ਤੋਂ ਬਾਅਦ ਅਗਲਾ ਕਦਮ ਚੁੱਕਿਆ ਜਾਵੇਗਾ। ਮੇਅਰ ਨੇ ਕਿਹਾ ਕਿ ਜੇਕਰ ਇਹ ਯੋਜਨਾ ਸਿਰੇ ਚੜ੍ਹਦੀ ਹੈ ਤਾਂ ਜਿਹੜੇ ਨੌਜਵਾਨ ਲਾਵਾਰਸ ਪਸ਼ੂਆਂ ਨੂੰ ਆਪਣੇ ਕਿੱਲੇ ’ਤੇ ਬੰਨ੍ਹਣਗੇ। ਉਨ੍ਹਾਂ ਨੂੰ ਹਰੇਕ ਮਹੀਨੇ 500 ਤੋਂ ਇਕ ਹਜ਼ਾਰ ਰੁਪਏ ਵੀ ਦਿੱਤੇ ਜਾਇਆ ਕਰਨਗੇ।
ਉਧਰ, ਆਰਟੀਆਈ ਕਾਰਕੁਨ ਤੇ ਕੌਂਸਲਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਪਿਛਲੇ ਦਿਨੀਂ ਆਏ ਹੜ੍ਹਾਂ ਕਾਰਨ ਮਚੀ ਤਬਾਹੀ ਦੌਰਾਨ ਵੱਡੀ ਗਿਣਤੀ ਵਿੱਚ ਦੁਧਾਰੂ ਪਸ਼ੂਆਂ ਦੇ ਮਾਰੇ ਜਾਣ ਕਾਰਨ ਪਸ਼ੂ ਪਾਲਕਾਂ ਦਾ ਰੋਜ਼ੀ ਰੁਜ਼ਗਾਰ ਖਤਮ ਹੋ ਗਿਆ ਹੈ। ਲਿਹਾਜ਼ਾ ਹੜ੍ਹ ਪੀੜਤਾਂ ਨੂੰ ਮੁੜ ਤੋਂ ਪੈਰਾਂ ’ਤੇ ਖੜਾ ਕਰਨ ਲਈ ਉਨ੍ਹਾਂ ਨੂੰ ਦੁਧਾਰੂ ਪਸ਼ੂ ਮੁਹੱਈਆ ਕਰਵਾਏ ਜਾਣ ਤਾਂ ਜੋ ਉਹ ਆਪਣੇ ਪਰਿਵਾਰਾਂ ਦਾ ਪਾਲਣ ਪੋਸ਼ਣ ਕਰ ਸਕਣ। ਉਨ੍ਹਾਂ ਕਿਹਾ ਕਿ ਇਸ ਨੇਕ ਕੰਮ ਵਿੱਚ ਮੁਹਾਲੀ ਨਗਰ ਨਿਗਮ ਸਮੇਤ ਹੋਰ ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੇ ਨਾਲ-ਨਾਲ ਗਊਸ਼ਾਲਾਵਾਂ ਵੱਡੇ ਪੱਧਰ ’ਤੇ ਅਹਿਮ ਰੋਲ ਨਿਭਾ ਸਕਦੇ ਹਨ। ਉਨ੍ਹਾਂ ਮੰਗ ਕੀਤੀ ਕਿ ਮਹਾਲੀ ਵਿੱਚ ਘੁੰਮਦੇ ਲਾਵਾਰਸ ਦੁਧਾਰੂ ਪਸ਼ੂ ਫੜ ਕੇ ਹੜ੍ਹ ਪੀੜਤਾਂ ਨੂੰ ਦਿੱਤੇ ਜਾਣ।
ਸ੍ਰੀ ਬੇਦੀ ਨੇ ਕਿਹਾ ਕਿ ਕੌਮਾਂਤਰੀ ਪੱਧਰ ’ਤੇ ਕੰਮ ਕਰਨ ਵਾਲੀ ਖਾਲਸਾ ਏਡ ਵੱਲੋਂ ਪੰਜਾਬ ਵਿੱਚ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਪਸ਼ੂ ਪਾਲਕਾਂ ਨੂੰ ਆਪਣੇ ਪੱਲਿਓਂ ਮਹਿੰਗੇ ਦੁਧਾਰੂ ਪਸ਼ੂ ਖ਼ਰੀਦ ਕੇ ਦਿੱਤੇ ਜਾ ਰਹੇ ਹਨ। ਇਸ ਲਈ ਮੁਹਾਲੀ ਨਿਗਮ, ਸਮੂਹ ਨਗਰ ਕੌਂਸਲਾਂ ਅਤੇ ਗਊਸ਼ਾਲਾਵਾਂ ਨੂੰ ਵੀ ਪਹਿਲਕਦਮੀ ਕਰਦਿਆਂ ਲਾਵਾਰਸ ਪਸ਼ੂਆਂ (ਦੁੱਧ ਦੇਣ ਵਾਲੇ ਪਸ਼ੂ) ਮੁਹੱਈਆ ਕਰਵਾਏ ਜਾਣ। ਉਨ੍ਹਾਂ ਕਿਹਾ ਕਿ ਇਸ ਕੰਮ ਲਈ ਖ਼ਾਲਸਾ ਏਡ ਜਾਂ ਅਜਿਹੀਆਂ ਹੋਰਨਾਂ ਜਥੇਬੰਦੀਆਂ ਦੇ ਨਾਲ ਨਾਲ ਪ੍ਰਸ਼ਾਸਨ ਦੀ ਮਦਦ ਵੀ ਲਈ ਜਾ ਸਕਦੀ ਹੈ। ਅਜਿਹਾ ਕਰਨ ਨਾਲ ਜਿੱਥੇ ਸ਼ਹਿਰਾਂ ਵਿੱਚ ਲਾਵਾਰਸ ਪਸ਼ੂਆਂ ਦੀ ਸਮੱਸਿਆ ਤੋਂ ਰਾਹਤ ਮਿਲੇਗੀ, ਉੱਥੇ ਹੜ੍ਹਾਂ ਦੀ ਮਾਰ ਝੱਲ ਰਹੇ ਲੋਕਾਂ ਨੂੰ ਰੁਜ਼ਗਾਰ ਮਿਲ ਸਕੇਗਾ। ਇਸ ਸਬੰਧੀ ਬੇਦੀ ਨੇ ਮੇਅਰ ਅਤੇ ਕਮਿਸ਼ਨਰ ਨੂੰ ਪੱਤਰ ਵੀ ਲਿਖਿਆ ਹੈ।

Load More Related Articles
Load More By Nabaz-e-Punjab
Load More In General News

Check Also

ਸੀਐਮ ਦੀ ਯੋਗਸ਼ਾਲਾ: ਯੋਗਾ ਕਲਾਸਾਂ ਲੋਕਾਂ ਦੇ ਜੀਵਨ ਨੂੰ ਬਣਾ ਰਹੀਆ ਨੇ ਰੋਗ ਮੁਕਤ

ਸੀਐਮ ਦੀ ਯੋਗਸ਼ਾਲਾ: ਯੋਗਾ ਕਲਾਸਾਂ ਲੋਕਾਂ ਦੇ ਜੀਵਨ ਨੂੰ ਬਣਾ ਰਹੀਆ ਨੇ ਰੋਗ ਮੁਕਤ ਯੋਗਾ ਕਲਾਸਾਂ ਵੱਧ ਭਾਰ, ਪ…