
ਮੇਅਰ ਦੀ ਚੋਣ: ਨੋਟੀਫ਼ਿਕੇਸ਼ਨ ਜਾਰੀ ਨਾ ਹੋਣ ਕਾਰਨ ਠੰਡੀ ਪਈ ਹੈ ਸ਼ਹਿਰ ਦੀ ਸਿਆਸਤ
ਬਜਟ ਸੈਸ਼ਨ ’ਚ ਰੁੱਝੇ ਹੁਕਮਰਾਨ, ਮੇਅਰ ਦੀ ਚੋਣ ਤੇ ਨਵੇਂ ਚੁਣੇ ਗਏ ਕੌਂਸਲਰਾਂ ਨੂੰ ਸਹੁੰ ਚੁਕਾਉਣ ਦਾ ਕੰਮ ਪਛੜਿਆ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਮਾਰਚ:
ਮੁਹਾਲੀ ਨਗਰ ਨਿਗਮ ਦੇ ਮੇਅਰ ਦੀ ਚੋਣ ਅਤੇ ਨਵੇਂ ਚੁਣੇ ਗਏ ਕੌਂਸਲਰਾਂ ਨੂੰ ਸਹੁੰ ਚੁਕਾਉਣ ਬਾਰੇ ਹਾਲੇ ਤੱਕ ਨੋਟੀਫ਼ਿਕੇਸ਼ਨ ਜਾਰੀ ਨਾ ਹੋਣ ਕਾਰਨ ਸ਼ਹਿਰ ਦੀ ਸਿਆਸਤ ਬਿਲਕੁਲ ਠੰਢੀ ਪੈ ਗਈ ਹੈ। ਸੂਤਰ ਦੱਸਦੇ ਹਨ ਕਿ ਨੋਟੀਫ਼ਿਕੇਸ਼ਨ ਜਾਰੀ ਹੋਣ ਵਿੱਚ ਹਾਲੇ ਕੁੱਝ ਹੋਰ ਸਮਾਂ ਲੱਗ ਸਕਦਾ ਹੈ, ਕਿਉਂਕਿ ਹੁਕਮਰਾਨ ਇਸ ਸਮੇਂ ਪੰਜਾਬ ਵਿਧਾਨ ਸਭਾ ਵਿੱਚ ਬਜਟ ਸੈਸ਼ਨ ਵਿੱਚ ਰੁੱਝੇ ਹੋਏ ਹਨ। ਇਹ ਕਾਰਜ 10 ਮਾਰਚ ਤੱਕ ਚੱਲੇਗਾ, 11 ਮਾਰਚ ਨੂੰ ਮਹਾ ਸ਼ਿਵਰਾਤਰੀ ਦੀ ਛੁੱਟੀ ਹੈ ਅਤੇ 12 ਮਾਰਚ ਨੂੰ ਸ਼ੁੱਕਰਵਾਰ ਅਤੇ ਇਸ ਤੋਂ ਬਾਅਦ ਸਨਿੱਚਰਵਾਰ ਅਤੇ ਐਤਵਾਰ ਦੀ ਛੁੱਟੀ ਹੈ। ਇਸ ਤਰ੍ਹਾਂ ਨੋਟੀਫ਼ਿਕੇਸ਼ਨ 15 ਮਾਰਚ ਤੋਂ ਬਾਅਦ ਹੀ ਜਾਰੀ ਹੋਣ ਦੀ ਸੰਭਾਵਨਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਨਵੇਂ ਚੁਣੇ ਗਏ ਕੌਂਸਲਰਾਂ ਬਾਰੇ ਨੋਟੀਫ਼ਿਕੇਸ਼ਨ ਜਾਰੀ ਨਾ ਹੋਣ ਕਾਰਨ ਜਿੱਥੇ ਨਵੇਂ ਚੁਣੇ ਗਏ ਲੋਕ ਨੁਮਾਇੰਦਿਆਂ ਨੂੰ ਸਹੁੰ ਚੁਕਾਉਣ ਦਾ ਕੰਮ ਲਗਾਤਾਰ ਪਛੜਦਾ ਜਾ ਰਿਹਾ ਹੈ, ਉੱਥੇ ਨਗਰ ਨਿਗਮ ਦੇ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਵੀ ਲਮਕ ਗਈ ਹੈ। ਨਵੇਂ ਕੌਂਸਲਰਾਂ ਬਾਰੇ ਨੋਟੀਫ਼ਿਕੇਸ਼ਨ ਜਾਰੀ ਹੋਣ ਤੋਂ ਬਾਅਦ ਡਵੀਜ਼ਨਲ ਕਮਿਸ਼ਨਰ ਵੱਲੋਂ ਕੌਂਸਲਰਾਂ ਦੀ ਮੀਟਿੰਗ ਸੱਦੀ ਜਾਵੇਗੀ। ਇਸ ਸਬੰਧੀ ਕੌਂਸਲਰਾਂ ਨੂੰ ਘੱਟੋ-ਘੱਟ 72 ਘੰਟੇ ਪਹਿਲਾਂ ਜਾਣਕਾਰੀ ਦਿੱਤੀ ਜਾਣੀ ਜ਼ਰੂਰੀ ਹੈ। ਨਵੇਂ ਕੌਂਸਲਰਾਂ ਨੂੰ ਅਹੁਦੇ ਦੀ ਸਹੁੰ ਚੁਕਾਉਣ ਤੋਂ ਬਾਅਦ ਸ਼ਹਿਰ ਦੇ ਮੇਅਰ, ਸੀਨੀਅਰ ਡਿਪਟੀ ਮੇਅਰ ਦੀ ਚੋਣ ਦੀ ਪ੍ਰਕਿਰਿਆ ਸ਼ੁਰੂ ਹੋਵੇਗੀ।
ਸ਼ਹਿਰ ਵਿੱਚ ਭਾਵੇਂ ਇਹ ਚਰਚਾ ਵੀ ਜ਼ੋਰਾਂ ’ਤੇ ਹੈ ਕਿ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਛੋਟੇ ਭਰਾ ਅਮਰਜੀਤ ਸਿੰਘ ਜੀਤੀ ਸਿੱਧੂ ਜੋ ਪਹਿਲੀ ਵਾਰ ਇੱਥੋਂ ਦੇ ਵਾਰਡ ਨੰਬਰ-10 ਤੋਂ ਚੋਣ ਜਿੱਤੇ ਹਨ, ਉਨ੍ਹਾਂ ਦਾ ਮੇਅਰ ਬਣਨਾ ਲਗਪਗ ਤੈਅ ਹੈ ਪ੍ਰੰਤੂ ਇਸ ਦੇ ਨਾਲ ਹੀ ਸਿਆਸੀ ਹਲਕਿਆਂ ਵਿੱਚ ਇਹ ਵੀ ਚਰਚਾ ਹੈ ਕਿ ਪੰਜਾਬ ਸਰਕਾਰ ਵੱਲੋਂ ਮੁਹਾਲੀ ਦੇ ਮੇਅਰ ਦੀ ਚੇਅਰ ਅੌਰਤਾਂ ਲਈ ਰਾਖਵੀਂ ਕੀਤੀ ਜਾ ਸਕਦੀ ਹੈ। ਜੇਕਰ ਅਜਿਹਾ ਹੋਇਆ ਤਾਂ ਮੇਅਰ ਦੀ ਕੁਰਸੀ ਕਿਸੇ ਮਹਿਲਾ ਕੌਂਸਲਰ ਨੂੰ ਹੀ ਮਿਲਣੀ ਹੈ। ਇਸ ਤੋਂ ਇਲਾਵਾ ਪੁਰਾਣੇ ਕਾਂਗਰਸੀ ਆਗੂ ਜੋ ਕਈ ਵਾਰ ਚੋਣ ਜਿੱਤ ਚੁੱਕੇ ਹਨ, ਉਹ ਵੀ ਮੇਅਰ ਦੀ ਦੌੜ ਵਿੱਚ ਸ਼ਾਮਲ ਹਨ। ਇਨ੍ਹਾਂ ਵਿੱਚ ਸਾਬਕਾ ਸੀਨੀਅਰ ਡਿਪਟੀ ਮੇਅਰ ਰਿਸਵ ਜੈਨ ਦਾ ਨਾਂ ਸਭ ਤੋਂ ਉੱਪਰ ਹੈ। ਉਂਜ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਹੜੇ ਕਾਂਗਰਸੀ ਆਗੂ ਨੇ ਸਾਬਕਾ ਮੇਅਰ ਕੁਲਵੰਤ ਸਿੰਘ ਨੂੰ ਹਰਾਇਆ ਹੈ। ਮੇਅਰ ਦੀ ਕੁਰਸੀ ’ਤੇ ਉਸ (ਅਮਰੀਕ ਸਿੰਘ ਸੋਮਲ) ਦਾ ਹੱਕ ਬਣਦਾ ਹੈ। ਹੁਣ ਦੇਖਣਾ ਇਹ ਹੈ ਕਿ ਸਿਹਤ ਮੰਤਰੀ ਆਪਣੇ ਛੋਟੇ ਭਰਾ ਜੀਤੀ ਸਿੱਧੂ ਨੂੰ ਮੇਅਰ ਬਣਾਉਂਦੇ ਹਨ ਜਾਂ ਕਿਸੇ ਸੀਨੀਅਰ ਟਕਸਾਲੀ ਕਾਂਗਰਸੀ ਆਗੂ ਨੂੰ ਮੇਅਰ ਬਣਾਉਂਦੇ ਹਨ। ਉਧਰ, ਸਾਬਕਾ ਮੇਅਰ ਕੁਲਵੰਤ ਸਿੰਘ ਦੀ ਅਗਵਾਈ ਵਾਲੇ ਆਜ਼ਾਦ ਗਰੁੱਪ ਦੀਆਂ ਨਜ਼ਰਾਂ ਵੀ ਨੋਟੀਫ਼ਿਕੇਸ਼ਨ ਜਾਰੀ ਹੋਣ ਅਤੇ ਮੇਅਰ ਦੀ ਚੋਣ ’ਤੇ ਲੱਗੀਆਂ ਹੋਈਆਂ ਹਨ ਅਤੇ ਅੰਦਰਖ਼ਾਤੇ ਜੋੜ ਤੋੜ ਦਾ ਸਿਲਸਿਲਾ ਜਾਰੀ ਹੈ।
ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਆਜ਼ਾਦ ਗਰੁੱਪ ਅਤੇ ਕੁੱਝ ਆਪਣੇ ਬਲਬੂਤੇ ਆਜ਼ਾਦ ਚੋਣ ਜਿੱਤੇ ਕੌਂਸਲਰ, ਕਾਂਗਰਸ ਦੇ ਸੀਨੀਅਰ ਆਗੂਆਂ ਨਾਲ ਤਾਲਮੇਲ ਕਰ ਰਹੇ ਹਨ। ਕਈ ਇਕ ਦੂਜੇ ਮਿਲ ਵੀ ਚੁੱਕੇ ਹਨ। ਜੇਕਰ ਕਾਂਗਰਸ ਦੇ ਸੀਨੀਅਰ ਆਗੂ ਆਪਣੇ ਹੱਕ ਲਈ ਲੜਦੇ ਹਨ ਤਾਂ ਆਜ਼ਾਦ ਗਰੁੱਪ ਅਤੇ ਬਾਕੀ ਆਜ਼ਾਦ ਕੌਂਸਲਰ ਉਨ੍ਹਾਂ ਨੂੰ ਬਿਨਾਂ ਸ਼ਰਤ ਸਮਰਥਨ ਦੇ ਸਕਦੇ ਹਨ। ਇਸ ਗੱਲ ਦੀ ਪੁਸ਼ਟੀ ਆਜ਼ਾਦ ਗਰੁੱਪ ਦੇ ਸੀਨੀਅਰ ਆਗੂ ਨੇ ਕੀਤੀ ਹੈ।