
ਮੇਅਰ ਦੀ ਚੋਣ: ਵਿਰੋਧ ਦੇ ਬਾਵਜੂਦ ਚੰਡੀਗੜ੍ਹ ਵਿੱਚ ਖਿਲਿਆ ‘ਕਮਲ’ ਦਾ ਫੁੱਲ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 8 ਜਨਵਰੀ:
ਅੱਜ ਜ਼ਬਰਦਸਤ ਹੰਗਾਮੇ ਦੌਰਾਨ ਚੰਡੀਗੜ੍ਹ ਨਗਰ ਨਿਗਮ ਦੇ ਮੇਅਰ ਦੀ ਚੋਣ ਹੋਈ ਅਤੇ ਭਾਜਪਾ ਦੀ ਸਰਬਜੀਤ ਕੌਰ ਨੇ ਮੇਅਰ ਚੋਣ ਜਿੱਤੀ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਅਤੇ ਸੀਨੀਅਰ ਆਗੂਆਂ ਨੇ ਯੂਟੀ ਪ੍ਰਸ਼ਾਸਨ ਅਤੇ ਪੁਲੀਸ ਉੱਤੇ ਕਥਿਤ ਧੱਕੇਸ਼ਾਹੀ ਕਰਨ ਦਾ ਦੋਸ਼ ਲਗਾਇਆ। ਦੱਸਿਆ ਜਾ ਰਿਹਾ ਹੈ ਭਾਜਪਾ ਉਮੀਦਵਾਰ ਨੂੰ 14 ਵੋਟਾਂ ਪਈਆਂ ਹਨ। ਜਦੋਂਕਿ ਆਪ ਦੇ ਮੇਅਰ ਦੇ ਉਮੀਦਵਾਰ ਨੂੰ 13 ਮਿਲੀਆਂ ਅਤੇ ਆਪ ਦੀ ਇਕ ਵੋਟ ਰੱਦ ਕੀਤੀ ਗਈ। ਮੇਅਰ ਦੀ ਚੋਣ ਲਈ ਮੁੱਖ ਮੁਕਾਬਲਾ ਆਪ ਅਤੇ ਭਾਜਪਾ ਦੇ ਵਿਚਕਾਰ ਹੋਇਆ। ਜਦੋਂਕਿ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਦੇ ਕੌਂਸਲਰ ਵੋਟਿੰਗ ਪ੍ਰਕਿਰਿਆ ਤੋਂ ਦੂਰ ਰਹੇ।
ਪ੍ਰਾਪਤ ਜਾਣਕਾਰੀ ਅਨੁਸਾਰ ਵੋਟਿੰਗ ਦੌਰਾਨ ਆਮ ਆਦਮੀ ਪਾਰਟੀ ਦੇ 14 ਕੌਂਸਲਰਾਂ, ਭਾਜਪਾ ਦੇ ਕੋਲ 13 ਕੌਂਸਲਰ ਸਨ। ਉਂਜ ਭਾਜਪਾ ਦੀ ਚੰਡੀਗੜ੍ਹ ਤੋਂ ਲੋਕ ਸਭਾ ਮੈਂਬਰ ਤੇ ਅਦਾਕਾਰਾ ਕਿਰਨ ਖੇਰ ਦੀ ਇਕ ਵੋਟ ਸੀ। ਵੋਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਆਪ ਵੱਲੋਂ ਲੋਕ ਸਭਾ ਮੈਂਬਰ ਦੀ ਵੋਟ ਪਾਉਣ ਨੂੰ ਲੈ ਕੇ ਕਾਫ਼ੀ ਹੰਗਾਮਾ ਕੀਤਾ ਗਿਆ।
ਆਪ ਦੇ ਕੌਂਸਲਰਾਂ ਨੇ ਪੁੱਛਿਆ ਕਿ ਕਿਸ ਐਕਟ ਦੇ ਰਾਹੀਂ ਮੇਅਰ ਦੀ ਚੋਣ ਵਿੱਚ ਲੋਕ ਸਭਾ ਮੈਂਬਰ ਵੋਟ ਪਾ ਸਕਦੇ ਹਨ। ਇਸ ਦੇ ਜਵਾਬ ਵਿੱਚ ਨਗਰ ਨਿਗਮ ਦੇ ਸਕੱਤਰ ਨੇ ਕਿਹਾ ਕਿ ਮੈਂਬਰ ਪਾਰਲੀਮੈਂਟ ਸ਼ੁਰੂ ਤੋਂ ਹੀ ਵੋਟ ਦਿੰਦੇ ਆਏ ਹਨ। ਆਪ ਦੇ ਕੌਂਸਲਰਾਂ ਨੇ ਕਿਹਾ ਕਿ ਜੇਕਰ ਸ਼ੁਰੂ ਤੋਂ ਗਲਤ ਹੁੰਦਾ ਆ ਰਿਹਾ ਸੀ ਤਾਂ ਕੀ ਹੁਣ ਵੀ ਗਲਤ ਹੋਵੇਗਾ। ਮੇਅਰ ਦੀ ਚੋਣ ਨੂੰ ਲੈ ਕੇ ਆਪ ਕੌਂਸਲਰਾਂ ਅਤੇ ਚੰਡੀਗੜ੍ਹ ਪੁਲੀਸ ਵਿੱਚ ਕਾਫ਼ੀ ਝੜਪ ਵੀ ਹੋਈ। ਜ਼ਬਰਦਸਤ ਵਿਰੋਧ ਕਰਨ ਦੇ ਬਾਵਜੂਦ ਆਪ ਕੌਂਸਲਰਾਂ ਦੀ ਇਕ ਨਹੀਂ ਸੁਣੀ ਗਈ।