
ਬਲੌਂਗੀ ਸੜਕ ’ਤੇ ਖ਼ਸਤਾ ਹਾਲਤ ਪੁਲ ਨੂੰ ਚੌੜਾ ਕਰਨ ਬਾਰੇ ਮੇਅਰ ਨੇ ਮੁੱਖ ਪ੍ਰਸ਼ਾਸਕ ਗਮਾਡਾ ਨੂੰ ਲਿਖਿਆ ਪੱਤਰ
ਮੁਹਾਲੀ ਦੇ ਐਂਟਰੀ ਪੁਆਇੰਟ ’ਤੇ ਬਣੇ ਇਸ ਖ਼ਸਤਾ ਪੁਲ ਦੀ ਹਾਲਤ ਸੁਧਰਨ ਦੀ ਮੰਗ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਜੂਨ:
ਮੁਹਾਲੀ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਗਮਾਡਾ ਦੇ ਮੁੱਖ ਪ੍ਰਸ਼ਾਸਕ ਪ੍ਰਦੀਪ ਕੁਮਾਰ ਅਗਰਵਾਲ ਨੂੰ ਅਰਧ ਸਰਕਾਰੀ ਪੱਤਰ ਲਿਖ ਕੇ ਮੁਹਾਲੀ ਤੋਂ ਬਲੌਂਗੀ ਪੁਲ ਦੀ ਹਾਲਤ ਖਸਤਾ ਹੋਣ ਕਾਰਨ ਇਸ ਨੂੰ ਡਬਲ ਕਰਨ ਅਤੇ ਨਵੇਂ ਸਿਰਿਓਂ ਉਸਾਰੀ ਕਰਨ ਦੀ ਗੁਹਾਰ ਲਗਾਈ ਗਈ ਹੈ। ਮੇਅਰ ਨੇ ਆਪਣੇ ਪੱਤਰ ਵਿੱਚ ਲਿਖਿਆ ਕਿ ਸ਼ਮਸ਼ਾਨਘਾਟ ਦੇ ਨੇੜੇ ਪਟਿਆਲਾ ਦੀ ਰਾਓ ਨਦੀ ’ਤੇ ਬਣਿਆ ਇਹ ਪੁਲ ਬਹੁਤ ਖ਼ਸਤਾ ਹਾਲਤ ਵਿੱਚ ਹੈ। ਇਹ ਪੁਲ ਮੁਹਾਲੀ ਦੇ ਸਨਅਤੀ ਖੇਤਰ ਦੇ ਨਜ਼ਦੀਕ ਹੋਣ ਕਾਰਨ ਮੁਹਾਲੀ ਵਿਖੇ ਸਥਿਤ ਉਦਯੋਗਿਕ ਇਕਾਈਆਂ ਤੋਂ ਮਾਲ ਲਿਆਉਣ ਅਤੇ ਲਿਜਾਉਣ ਵਾਲੀਆਂ ਜ਼ਿਆਦਾਤਰ ਹੈਵੀ ਵਹੀਕਲਾਂ ਲਈ ਐਂਟਰੀ ਪੁਆਇੰਟ ਵੀ ਹੈ ਜਿਸ ਕਾਰਨ ਇਸ ਪੁਲ ਤੇ ਹਰ ਸਮੇਂ ਦੁਰਘਟਨਾ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਇਹੀ ਨਹੀਂ ਬਰਸਾਤਾਂ ਦੇ ਵੇਲੇ ਇਸ ਪੁਲ ਉੱਤੇ ਪਾਣੀ ਵੀ ਖੜ੍ਹਾ ਰਹਿੰਦਾ ਹੈ ਅਤੇ ਇਸ ਉੱਤੇ ਪਏ ਖੱਡਿਆਂ ਦਾ ਪਤਾ ਵੀ ਨਹੀਂ ਲੱਗਦਾ।
ਸ੍ਰੀ ਜੀਤੀ ਸਿੱਧੂ ਨੇ ਆਪਣੇ ਪੱਤਰ ਵਿੱਚ ਕਿਹਾ ਕਿ ਇਸ ਪੁਲ ਦੇ ਦੋਵੇਂ ਸਿਰਿਆਂ ’ਤੇ ਸੜਕ ਫੋਰਲੇਨ ਹੈ। ਲਿਹਾਜ਼ਾ ਇਸ ਪੁਲ ਨੂੰ ਚੌੜਾ ਕਰਨ ਦੀ ਬਹੁਤ ਲੋੜ ਹੈ। ਉਨ੍ਹਾਂ ਆਪਣੇ ਪੱਤਰ ਵਿੱਚ ਕਿਹਾ ਕਿ ਕਿਉਂਕਿ ਇਹ ਪੁਲ ਗਮਾਡਾ ਵਿਭਾਗ ਦੇ ਅਧਿਕਾਰ ਖੇਤਰ ਅਧੀਨ ਹੈ ਇਸ ਲਈ ਫੌਰੀ ਤੌਰ ’ਤੇ ਪਬਲਿਕ ਦੇ ਹਿੱਤ ਵਿੱਚ ਇਸ ਪੁਲ ਦੀ ਉਸਾਰੀ ਨਵੇਂ ਸਿਰੇ ਤੋਂ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਵੈਸੇ ਵੀ ਇਹ ਸੜਕ ਮੁਹਾਲੀ ਲਈ ਐਂਟਰੀ ਪੁਆਇੰਟ ਹੈ ਅਤੇ ਇਸ ਪੁਲ ਦੀ ਬਹੁਤ ਬੁਰੀ ਹਾਲਤ ਹੋਣ ਕਾਰਨ ਮੁਹਾਲੀ ਦੀ ਦਿੱਖ ਉੱਤੇ ਵੀ ਬਹੁਤ ਮਾੜਾ ਅਸਰ ਪੈਂਦਾ ਹੈ। ਉਨ੍ਹਾਂ ਕਿਹਾ ਕਿ ਇਸ ਸੜਕ ਉੱਤੇ ਬਹੁਤ ਜ਼ਿਆਦਾ ਟਰੈਫ਼ਿਕ ਰਹਿੰਦੀ ਹੈ। ਇਸ ਪੁਲ ਦੀ ਹਾਲਤ ਖਸਤਾ ਹੋਣ ਕਾਰਨ ਇੱਥੋਂ ਲੰਘਣ ਵੇਲੇ ਹਰ ਸਮੇਂ ਕੋਈ ਨਾ ਕੋਈ ਹਾਦਸਾ ਵਾਪਰਨ ਦਾ ਡਰ ਬਣਿਆ ਰਹਿੰਦਾ ਹੈ।