
ਮੇਅਰ ਨੇ ਰੈਜ਼ੀਡੈਂਟ ਵੈੱਲਫੇਅਰ ਸੁਸਾਇਟੀ ਨੂੰ ਸੌਂਪੀ ਸਿਲਵੀ ਪਾਰਕ ਲਾਇਬਰੇਰੀ
ਮੁਹਾਲੀ ਦੀਆਂ ਸਮੂਹ ਲਾਇਬਰੇਰੀਆਂ ਸਮਾਜ ਭਲਾਈ ਸੰਸਥਾਵਾਂ ਨੂੰ ਸੌਂਪੀਆਂ ਜਾਣਗੀਆਂ: ਮੇਅਰ ਜੀਤੀ ਸਿੱਧੂ
ਸ਼ਹਿਰ ਵਿੱਚ 800 ਕਰੋੜ ਦੇ ਵੱਖ-ਵੱਖ ਵਿਕਾਸ ਪ੍ਰਾਜੈਕਟਾਂ ਦਾ ਛੇਤੀ ਸ਼ੁਰੂ ਹੋਵੇਗਾ ਕੰਮ: ਜੀਤੀ ਸਿੱਧੂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਜਨਵਰੀ:
ਮੁਹਾਲੀ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਇੱਥੋਂ ਦੇ ਫੇਜ਼-10 ਸਥਿਤ ਸਿਲਵੀ ਪਾਰਕ ਦੀ ਲਾਇਬਰੇਰੀ ਨੂੰ ਸਮਾਜ ਭਲਾਈ ਸੰਸਥਾ ਸ਼ਹੀਦ ਭਗਤ ਸਿੰਘ ਰੈਜ਼ੀਡੈਂਟ ਵੈੱਲਫੇਅਰ ਸੁਸਾਇਟੀ ਨੂੰ ਸੌਂਪ ਦਿੱਤੀ ਹੈ। ਇਸ ਮੌਕੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਤੇ ਕੌਂਸਲਰ ਨਰਪਿੰਦਰ ਸਿੰਘ ਰੰਗੀ ਵੀ ਹਾਜ਼ਰ ਸਨ। ਇਸ ਮੌਕੇ ਬੋਲਦਿਆਂ ਮੇਅਰ ਜੀਤੀ ਸਿੱਧੂ ਨੇ ਕਿਹਾ ਕਿ ਨਗਰ ਨਿਗਮ ਵੱਲੋਂ ਸ਼ਹਿਰ ਦੇ ਵੱਖ-ਵੱਖ ਪਾਰਕਾਂ ਵਿੱਚ ਲੋਕਾਂ ਨੂੰ ਸਾਹਿਤ, ਰਸਾਲੇ ਅਤੇ ਅਖ਼ਬਾਰ ਪੜ੍ਹਨ ਦੀ ਰੁਚੀ ਵਧਾਉਣ ਦੇ ਮੰਤਵ ਲਾਇਬਰੇਰੀਆਂ ਖੋਲ੍ਹੀਆਂ ਗਈਆਂ ਸਨ।
ਉਨ੍ਹਾਂ ਦੱਸਿਆ ਕਿ ਕਈ ਇਲਾਕੇ ਵਿੱਚ ਵੈੱਲਫੇਅਰ ਸੰਸਥਾਵਾਂ ਇਨ੍ਹਾਂ ਨੂੰ ਲਾਇਬਰੇਰੀ ਚਲਾਉਣ ਲਈ ਅੱਗੇ ਆਈਆਂ ਹਨ। ਪੂਰੀ ਛਾਣਬੀਣ ਤੋਂ ਬਾਅਦ ਨਗਰ ਨਿਗਮ ਵੱਲੋਂ ਪਾਰਕਾਂ ਵਿਚਲੀਆਂ ਸਮੂਹ ਲਾਇਬਰੇਰੀ ਭਲਾਈ ਸੰਸਥਾਵਾਂ ਨੂੰ ਸੌਂਪੀਆਂ ਜਾਣਗੀਆਂ। ਇਨ੍ਹਾਂ ਲਾਇਬਰੇਰੀਆਂ ਦਾ ਬਿਜਲੀ ਬਿੱਲ ਅਤੇ ਅਖ਼ਬਾਰਾਂ ਦਾ ਖ਼ਰਚਾ ਨਗਰ ਨਿਗਮ ਵੱਲੋਂ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਸੰਸਥਾ ਨੂੰ ਹਰੇਕ ਮਹੀਨੇ 10 ਹਜ਼ਾਰ ਰੁਪਏ ਵਿੱਤੀ ਮਦਦ ਵੀ ਦਿੱਤੀ ਜਾਵੇਗੀ। ਮੇਅਰ ਨੇ ਕਿਹਾ ਕਿ ਮੁਹਾਲੀ ਵਿੱਚ ਮੌਜੂਦਾ ਸਮੇਂ 100 ਕਰੋੜ ਤੋਂ ਵੱਧ ਦੇ ਵਿਕਾਸ ਕਾਰਜ ਚੱਲ ਰਹੇ ਹਨ ਅਤੇ ਬੀਤੇ ਦਿਨੀਂ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਅਤੇ ਡਾ. ਰਾਜ ਕੁਮਾਰ ਵੇਰਕਾ ਜਿਨ੍ਹਾਂ 800 ਕਰੋੜ ਦੇ ਵੱਖ-ਵੱਖ ਪ੍ਰਾਜੈਕਟਾਂ ਦੇ ਨੀਂਹ ਪੱਥਰ ਰੱਖ ਗਏ ਹਨ, ਉਨ੍ਹਾਂ ਦਾ ਜਲਦੀ ਹੀ ਕੰਮ ਸ਼ੁਰੂ ਕੀਤਾ ਜਾਵੇਗਾ।
ਮੇਅਰ ਜੀਤੀ ਸਿੱਧੂ ਨੇ ਕਿਹਾ ਕਿ ਸ਼ਹਿਰ ਵਾਸੀਆਂ ਦੀ ਸੁਵਿਧਾ ਲਈ ਸਿਟੀ ਬੱਸ ਸਰਵਿਸ ਜਲਦੀ ਸ਼ੁਰੂ ਕੀਤੀ ਜਾਵੇਗੀ। ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਬ੍ਰਹਮ ਮਹਿੰਦਰਾ ਦੀ ਹਰੀ ਝੰਡੀ ਮਿਲਣ ਤੋਂ ਬਾਅਦ ਬੱਸਾਂ ਖਰੀਦਣ ਲਈ ਟੈਂਡਰ ਕੱਢੇ ਜਾਣਗੇ। ਉਨ੍ਹਾਂ ਦੱਸਿਆ ਕਿ ਮੁਹਾਲੀ ਵਿੱਚ ਆਪਣਾ ਟਰਾਂਸਪੋਰਟ ਸਿਸਟਮ ਲਾਗੂ ਹੋਣ ਨਾਲ ਲੋਕਾਂ ਨੂੰ ਵੱਡਾ ਲਾਭ ਮਿਲੇਗਾ ਅਤੇ ਪੂਰੇ ਸ਼ਹਿਰ ਵਿੱਚ ਆਉਣ-ਜਾਣ ਲਈ ਸਿਰਫ਼ 10 ਰੁਪਏ ਟਿਕਟ ਰੱਖੀ ਜਾਵੇਗੀ। ਸਾਰੀਆਂ ਬੱਸਾਂ ਸੀਐੱਨਜੀ ਨਾਲ ਅਪਰੇਟ ਹੋਣਗੀਆਂ, ਜਿਸ ਨਾਲ ਪ੍ਰਦੂਸ਼ਣ ਵੀ ਨਹੀਂ ਫੈਲੇਗਾ।
ਸ਼ਹੀਦ ਭਗਤ ਸਿੰਘ ਰੈਜ਼ੀਡੈਂਟ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਅੰਗਰੇਜ਼ ਸਿੰਘ ਚਾਹਲ ਨੇ ਮੇਅਰ ਜੀਤੀ ਸਿੱਧੂ ਦਾ ਧੰਨਵਾਦ ਕਰਦਿਆਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਵਿੱਚ ਪਈਆਂ ਵਾਧੂ ਕਿਤਾਬਾਂ ਲਾਇਬਰੇਰੀ ਨੂੰ ਦਾਨ ਕਰਨ ਤਾਂ ਜੋ ਵੱਧ ਤੋਂ ਵੱਧ ਲੋਕ ਕਿਤਾਬਾਂ ਪੜ੍ਹਨ ਲਈ ਪ੍ਰੇਰਿਆ ਜਾ ਸਕੇ। ਇਸ ਮੌਕੇ ਜ਼ਿਲ੍ਹਾ ਕਾਂਗਰਸ ਦੀ ਮੀਤ ਪ੍ਰਧਾਨ ਡਿੰਪਲ ਸਭਰਵਾਲ, ਸੁਰਜੀਤ ਕੌਰ ਸੈਣੀ, ਸਿਮਰਨ, ਜਸਵਿੰਦਰ ਸ਼ਰਮਾ, ਬਾਲਾ ਸਿੰਘ ਰਾਘੋ, ਰੈਜ਼ੀਡੈਂਟ ਵੈੱਲਫੇਅਰ ਸੁਸਾਇਟੀ ਦੇ ਜਨਰਲ ਸਕੱਤਰ ਦਰਸ਼ਨ ਸਿੰਘ ਬੈਂਸ, ਵਿੱਤ ਸਕੱਤਰ ਅਮਰਪਾਲ ਜੁਨੇਜਾ, ਮੀਤ ਪ੍ਰਧਾਨ ਡਾ. ਮਨਮਿੰਦਰ ਸਿੰਘ, ਭੁਪਿੰਦਰ ਸਿੰਘ ਮਟੌਰ ਅਤੇ ਹੋਰ ਪਤਵੰਤੇ ਹਾਜ਼ਰ ਸਨ।