ਵਿਕਾਸ ਕਾਰਜ: ਮੇਅਰ ਨੇ ਠੇਕੇਦਾਰਾਂ ਤੇ ਨਿਗਮ ਅਧਿਕਾਰੀਆਂ ਨਾਲ ਕੀਤੀ ਰੀਵਿਊ ਮੀਟਿੰਗ

ਸਮੇਂ ਸਿਰ ਕੰਮ ਸ਼ੁਰੂ ਨਾ ਕਰਨ ਤੇ ਮੁਕੰਮਲ ਨਾ ਕਰਨ ਵਾਲੇ ਠੇਕੇਦਾਰਾਂ ਖ਼ਿਲਾਫ਼ ਹੋਵੇਗੀ ਸਖ਼ਤ ਕਾਰਵਾਈ: ਜੀਤੀ ਸਿੱਧੂ

ਸਮੇਂ ਸਮੇਂ ਸਿਰ ਵਿਕਾਸ ਕੰਮਾਂ ਦੀ ਨਜ਼ਰਸਾਨੀ ਅਤੇ ਮਟੀਰੀਅਲ ਦੇ ਸੈਂਪਲ ਭਰਨ ਦੀਆਂ ਹਦਾਇਤਾਂ ਜਾਰੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਨਵੰਬਰ:
ਮੁਹਾਲੀ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਅੱਜ ਨਗਰ ਨਿਗਮ ਦੇ ਵੱਖ-ਵੱਖ ਵਿਕਾਸ ਕੰਮ ਕਰਨ ਵਾਲੇ ਠੇਕੇਦਾਰਾਂ ਅਤੇ ਅਧਿਕਾਰੀਆਂ ਨਾਲ ਇਕ ਰੀਵਿਊ ਮੀਟਿੰਗ ਕੀਤੀ। ਜਿਸ ਵਿੱਚ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਤੇ ਕਮਿਸ਼ਨਰ ਕਮਲ ਗਰਗ ਅਤੇ ਹੋਰ ਅਧਿਕਾਰੀ ਹਾਜ਼ਰ ਸਨ। ਮੇਅਰ ਜੀਤੀ ਸਿੱਧੂ ਨੇ ਸਮੂਹ ਠੇਕੇਦਾਰਾਂ ਨੂੰ ਹਦਾਇਤ ਕੀਤੀ ਕਿ ਸ਼ਹਿਰ ਵਿੱਚ ਹੋਣ ਵਾਲੇ ਵਿਕਾਸ ਕੰਮ ਜਿਹੜੇ ਉਨ੍ਹਾਂ ਨੂੰ ਅਲਾਟ ਕੀਤੇ ਗਏ ਹਨ, ਸਮੇਂ ਸਿਰ ਸਾਰੇ ਕੰਮ ਸ਼ੁਰੂ ਕੀਤੇ ਜਾਣ ਅਤੇ ਮਿੱਥੇ ਸਿਰ ਮੁਕੰਮਲ ਕੀਤੇ ਜਾਣ। ਉਨ੍ਹਾਂ ਕਿਹਾ ਕਿ ਵਿਕਾਸ ਕੰਮਾਂ ਵਿੱਚ ਕਿਸੇ ਵੀ ਤਰ੍ਹਾਂ ਬਿਲਕੁਲ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਨਾ ਹੀ ਕੁਆਲਿਟੀ ਨਾਲ ਕੋਈ ਸਮਝੌਤਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਠੇਕੇਦਾਰਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਮੇਅਰ ਜੀਤੀ ਸਿੱਧੂ ਨੇ ਨਿਗਮ ਅਧਿਕਾਰੀਆਂ ਨੂੰ ਵੀ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਉਹ ਸ਼ਹਿਰ ਵਿੱਚ ਚੱਲ ਰਹੇ ਵੱਖ ਵੱਖ ਵਿਕਾਸ ਕਾਰਜਾਂ ਦੀ ਮੌਕੇ ’ਤੇ ਜਾ ਕੇ ਨਜ਼ਰਸਾਨੀ ਕਰਨ ਅਤੇ ਕੁਆਲਿਟੀ ਦੀ ਚੈਕਿੰਗ ਲਈ ਠੇਕੇਦਾਰਾਂ ਵੱਲੋਂ ਵਰਤੇ ਜਾ ਰਹੇ ਮਟੀਰੀਅਲ ਦੇ ਸੈਂਪਲ ਲਏ ਜਾਣ। ਉਨ੍ਹਾਂ ਕਿਹਾ ਕਿ ਅਧਿਕਾਰੀ ਇਹ ਯਕੀਨੀ ਬਣਾਉਣ ਕਿ ਵਿਕਾਸ ਕੰਮ ਸਮੇਂ ’ਤੇ ਸ਼ੁਰੂ ਹੋਣ ਅਤੇ ਨੇਪਰੇ ਚਾੜੇ ਜਾਣ। ਅਜਿਹਾ ਨਾ ਹੋਣ ਦੀ ਸੂਰਤ ਵਿੱਚ ਜ਼ਿੰਮੇਵਾਰ ਅਧਿਕਾਰੀਆਂ ਦੇ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ। ਮੇਅਰ ਨੇ ਕਿਹਾ ਕਿ ਨਗਰ ਨਿਗਮ ਵੱਲੋਂ ਸ਼ਹਿਰ ਵਿੱਚ ਵੱਖ-ਵੱਖ ਵਿਕਾਸ ਕੰਮਾਂ ਦੇ ਕਰੋੜਾਂ ਰੁਪਏ ਦੇ ਵਰਕ ਆਰਡਰ ਦਿੱਤੇ ਗਏ ਹਨ, ਜਿਨ੍ਹਾਂ ਨੂੰ ਸਮੇਂ ਸਿਰ ਪੂਰਾ ਕਰਵਾਉਣਾ ਨਿਗਮ ਅਧਿਕਾਰੀਆਂ ਦੀ ਜ਼ਿੰਮੇਵਾਰੀ ਹੈ। ਇਸ ਮੌਕੇ ਕਮਿਸ਼ਨਰ ਕਮਲ ਗਰਗ ਨੇ ਮੇਅਰ ਨੂੰ ਭਰੋਸਾ ਦਿੱਤਾ ਕਿ ਠੇਕੇਦਾਰਾਂ ਤੋਂ ਸਮੇਂ ਸਿਰ ਕੰਮ ਸ਼ੁਰੂ ਕਰਵਾਇਆ ਜਾਏਗਾ ਅਤੇ ਕੁਆਲਿਟੀ ਦੀ ਸਮੇਂ-ਸਮੇਂ ਸਿਰ ਜਾਂਚ ਕਰਵਾਈ ਜਾਵੇਗੀ। ਮੇਅਰ ਜੀਤੀ ਸਿੱਧੂ ਨੇ ਵਿਕਾਸ ਕਾਰਜਾਂ ਸਬੰਧੀ ਇਕ ਪੰਜ ਮੈਂਬਰੀ ਕਮੇਟੀ ਬਣਾਈ ਗਈ ਹੈ ਜੋ ਵੱਖ-ਵੱਖ ਕੰਮਾਂ ਦੀ ਅਚਨਚੇਤ ਜਾਂਚ ਕਰੇਗੀ। ਇਸ ਕਮੇਟੀ ਵਿੱਚ ਦੋ ਐਕਸੀਅਨ ਰਾਜਬੀਰ ਸਿੰਘ ਤੇ ਸੁਨੀਲ ਸ਼ਰਮਾ, ਐਸਡੀਓ ਅਕਸ਼ੇ ਕੁਮਾਰ, ਜੇਈ ਸੰਦੀਪ ਅਤੇ ਡਰਾਫ਼ਟਸਮੈਨ ਦੀਪਕ ਕੁਮਾਰ ਸ਼ਾਮਲ ਹਨ।

Load More Related Articles

Check Also

ਪਾਵਰਕੌਮ ਮੁਲਾਜ਼ਮਾਂ, ਪੈਨਸ਼ਨਰਾਂ ਤੇ ਠੇਕਾ ਮੁਲਾਜ਼ਮਾਂ ਨੇ ਨਿੱਜੀਕਰਨ ਵਿਰੁੱਧ ਸੰਘਰਸ਼ ਦਾ ਵਿਗਲ ਵਜਾਇਆ

ਪਾਵਰਕੌਮ ਮੁਲਾਜ਼ਮਾਂ, ਪੈਨਸ਼ਨਰਾਂ ਤੇ ਠੇਕਾ ਮੁਲਾਜ਼ਮਾਂ ਨੇ ਨਿੱਜੀਕਰਨ ਵਿਰੁੱਧ ਸੰਘਰਸ਼ ਦਾ ਵਿਗਲ ਵਜਾਇਆ ਮੁਹਾਲੀ …