Nabaz-e-punjab.com

ਮੇਅਰ ਵੱਲੋਂ ਸੈਕਟਰ-71 ਦੇ ਦੋ ਪਾਰਕਾਂ ਵਿੱਚ ਓਪਨ ਏਅਰ ਜਿਮ ਤੇ ਬਾਸਕਟਬਾਲ ਗਰਾਉਂਡ ਦਾ ਉਦਘਾਟਨ

ਕਾਰਗਿਲ ਪਾਰਕ ਨੂੰ ਸੈਰਗਾਹ ਵਜੋਂ ਵਿਕਸਤ ਕਰਨ, ਮਟੌਰ ਵਿੱਚ ਨਵੀਂ ਜਲ ਸਪਲਾਈ ਲਾਈਨ ਪਾਉਣ ਦਾ ਐਲਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਸਤੰਬਰ:
ਮੁਹਾਲੀ ਦੇ ਮੇਅਰ ਕੁਲਵੰਤ ਸਿੰਘ ਨੇ ਇੱਥੋਂ ਦੇ ਸੈਕਟਰ-71 (ਵਾਰਡ ਨੰਬਰ-49 ਤੇ 50) ਦੇ ਰਿਹਾਇਸ਼ੀ ਪਾਰਕਾਂ ਵਿੱਚ ਬਾਸਕਟਬਾਲ ਗਰਾਉਂਡ ਅਤੇ ਓਪਨ ਏਅਰ ਜਿਮ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਮੁਹਾਲੀ ਨਗਰ ਨਿਗਮ ਵੱਲੋਂ ਜਿੱਥੇ ਸ਼ਹਿਰ ਦੇ ਵਿਕਾਸ ਕਾਰਜਾਂ ਵਿੱਚ ਤੇਜ਼ੀ ਲਿਆ ਕੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ, ਉੱਥੇ ਸ਼ਹਿਰ ਵਾਸੀਆਂ ਦੀ ਸਿਹਤ ਨੂੰ ਮੁੱਖ ਰੱਖਦਿਆਂ ਖੇਡਾਂ ਲਈ ਥਾਂ ਵਿਕਸਿਤ ਕੀਤੀਆਂ ਜਾ ਰਹੀਆਂ ਹਨ ਅਤੇ ਪਬਲਿਕ ਪਾਰਕਾਂ ਵਿੱਚ ਓਪਨ ਏਅਰ ਜਿਮ ਸਥਾਪਿਤ ਕਰਕੇ ਲੋਕਾਂ ਨੂੰ ਕਸਰਤ ਕਰਨ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਾਰਕਾਂ ਵਿੱਚ ਸ਼ਹਿਰ ਦੇ ਬੱਚੇ, ਬਜ਼ੁਰਗ ਅਤੇ ਅੌਰਤਾਂ ਸੈਰ ਕਰਨ ਦੇ ਨਾਲ ਨਾਲ ਓਪਨ ਏਅਰ ਜਿਮਾਂ ਵਿੱਚ ਕਸਰਤ ਕਰ ਸਕਣਗੇ। ਉਨ੍ਹਾਂ ਐਲਾਨ ਕੀਤਾ ਕਿ ਸੈਕਟਰ-71 ਦੀ ਕਾਰਗਿਲ ਪਾਰਕ ਨੂੰ ਸੈਰਗਾਹ ਵਜੋਂ ਵਿਕਸਤ ਕੀਤਾ ਜਾਵੇਗਾ ਅਤੇ ਖ਼ੂਬਸੂਰਤੀ ਲਈ ਹੋਰ ਫਲ ਬੂਟੇ ਲਗਾਏ ਜਾਣਗੇ। ਇਸ ਤੋਂ ਇਲਾਵਾ ਮਟੌਰ ਵਿੱਚ ਲੋਕਾਂ ਦੀ ਪਿਆਸ ਬੁਝਾਉਣ ਲਈ ਦੋਵੇਂ ਟਿਊਬਵੈਲ ਲਗਾਏ ਜਾ ਰਹੇ ਹਨ ਅਤੇ ਇਕ ਕਰੋੜ ਦੀ ਲਾਗਤ ਨਾਲ ਨਵੀਂ ਵਾਟਰ ਸਪਲਾਈ ਲਾਈਨ ਵਿਛਾਈ ਜਾ ਰਹੀ ਹੈ। ਇਹ ਪ੍ਰਾਜੈਕਟ ਸਿਰੇ ਚੜ੍ਹਨ ਨਾਲ ਪਾਣੀ ਦੀ ਸਮੱਸਿਆ ਹੱਲ ਹੋਵੇਗੀ।
ਮੇਅਰ ਨੇ ਕਿਹਾ ਕਿ ਸ਼ਹਿਰ ਦੇ ਸਾਰੇ 50 ਵਾਰਡਾਂ ਅੰਦਰ ਵਿੱਚ ਵੱਖ ਵੱਖ ਪਾਰਕਾਂ ਵਿੱਚ ਓਪਨ ਏਅਰ ਜਿਮ ਸਥਾਪਿਤ ਕੀਤੇ ਜਾ ਰਹੇ ਹਨ ਅਤੇ ਬੱਚਿਆਂ ਦੇ ਖੇਡਣ ਲਈ ਗਰਾਉਂਡ ਤਿਆਰ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਵਿੱਚ ਬੱਚਿਆਂ ਉੱਤੇ ਪੜ੍ਹਾਈ ਦਾ ਕਾਫੀ ਬੋਝ ਹੈ ਅਤੇ ਮੋਬਾਈਲ ਫੋਨ, ਕੰਪਿਊਟਰ ਅਤੇ ਵੀਡੀਓ ਗੇਮਾਂ ਕਾਰਨ ਉਹ ਖੇਡਾਂ ਤੋਂ ਦੂਰ ਹੁੰਦੇ ਜਾ ਰਹੇ ਹਨ। ਇਸ ਤਰ੍ਹਾਂ ਬਹੁਤ ਘੱਟ ਬੱਚੇ ਖੇਡਣ ਲਈ ਘਰ ਤੋਂ ਬਾਹਰ ਨਿਕਲਦੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦੇ ਘਰ ਨੇੜੇ ਛੋਟੇ ਛੋਟੇ ਮੈਦਾਨ ਬਣਾ ਕੇ ਬੱਚਿਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕੀਤਾ ਜਾ ਸਕਦਾ ਹੈ।
ਇਸ ਮੌਕੇ ਅਕਾਲੀ ਕੌਂਸਲਰ ਹਰਪਾਲ ਸਿੰਘ ਚੰਨਾ ਨੇ ਕਿਹਾ ਕਿ ਸੈਕਟਰ-71 ਅਤੇ ਮਟੌਰ ਵਿੱਚ ਹੁਣ ਤੱਕ ਚਾਰ ਓਪਨ ਏਅਰ ਜਿਮ ਲੱਗ ਚੁੱਕੇ ਹਨ। ਲੋਕਾਂ ਨੂੰ ਸਾਹਿਤ ਨਾਲ ਜੋੜਨ ਲਈ ਪਬਲਿਕ ਲਾਇਬਰੇਰੀ ਬਣਾਈ ਜਾ ਰਹੀ ਹੈ, ਖੇਡਾਂ ਲਈ ਖੇਡ ਮੈਦਾਨ ਬਣਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਖੇਤਰ ਵਿੱਚ ਕਰੋੜਾਂ ਰੁਪਏ ਦੀ ਲਾਗਤ ਨਾਲ ਨਵੇਂ ਸਿਰਿਓਂ ਫੁੱਟਪਾਥ, ਲੋੜ ਅਨੁਸਾਰ ਪੇਵਰ ਬਲਾਕ ਅਤੇ ਸੜਕਾਂ ਬਣਾਈਆਂ ਜਾ ਰਹੀਆਂ ਹਨ। ਇਸ ਮੌਕੇ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਕਰਨਲ ਰੰਧਾਵਾ, ਕਰਨਲ ਹਰਦੇਵ ਸਿੰਘ, ਕਰਨਲ ਗਰਚਾ, ਹਰਨੇਕ ਸਿੰਘ, ਅਮਰਜੀਤ ਸਿੰਘ, ਹਰਬੰਸ ਸਿੰਘ ਅਤੇ ਸ੍ਰੀ ਬੋਪਾਰਾਏ ਸਮੇਤ ਪਿੰਡ ਤੇ ਸੈਕਟਰ ਵਾਸੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਵਿਜੀਲੈਂਸ ਵੱਲੋਂ 20 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਪੰਚਾਇਤ ਸਕੱਤਰ ਗ੍ਰਿਫ਼ਤਾਰ

ਵਿਜੀਲੈਂਸ ਵੱਲੋਂ 20 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਪੰਚਾਇਤ ਸਕੱਤਰ ਗ੍ਰਿਫ਼ਤਾਰ ਬੀਡੀਪੀਓ ਧਨਵੰਤ ਸਿੰਘ ਦੀ ਭਾਲ ਵਿ…