
ਮੇਅਰ ਜੀਤੀ ਸਿੱਧੂ ਨੇ ਇਸਾਈ ਭਾਈਚਾਰੇ ਨੂੰ ਸੌਂਪੀਆਂ ਕਬਰਸਤਾਨ ਦੀਆਂ ਚਾਬੀਆਂ
ਭਾਈਚਾਰੇ ਦੀਆਂ ਹੋਰਨਾਂ ਸਮਾਜਿਕ ਲੋੜਾਂ ਲਈ ਵੀ ਤਨਦੇਹੀ ਨਾਲ ਕੀਤੇ ਜਾਣਗੇ ਉਪਰਾਲੇ: ਜੀਤੀ ਸਿੱਧੂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਦਸੰਬਰ:
ਮੁਹਾਲੀ ਨਗਰ ਨਿਗਮ ਨੂੰ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਅੱਜ ਈਸਾਈ ਭਾਈਚਾਰੇ ਨਾਲ ਸਬੰਧਤ ਕ੍ਰਿਸ਼ਚਨ ਐਸੋਸੀਏਸ਼ਨ ਮੁਹਾਲੀ ਦੇ ਨੁਮਾਇੰਦਿਆਂ ਨੂੰ ਬਲੌਂਗੀ ਵਿਖੇ ਕਬਰਸਤਾਨ ਦੀਆਂ ਚਾਬੀਆਂ ਸੌਂਪੀਆਂ। ਇਸ ਮੌਕੇ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ ਤੇ ਡਿਪਟੀ ਮੇਅਰ ਕਮਲਜੀਤ ਸਿੰਘ ਬੇਦੀ ਵਿਸ਼ੇਸ਼ ਤੌਰ ’ਤੇ ਉਨ੍ਹਾਂ ਦੇ ਨਾਲ ਸਨ।
ਇਸ ਮੌਕੇ ਬੋਲਦਿਆਂ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਿਹਾ ਕਿ ਹਲਕਾ ਵਿਧਾਇਕ ਤੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਬਲੌਂਗੀ ਵਿਖੇ ਮੁਸਲਿਮ ਭਾਈਚਾਰੇ ਦੇ ਨਾਲ ਨਾਲ ਇਸਾਈ ਭਾਈਚਾਰੇ ਵਾਸਤੇ ਵੀ ਕਬਰਿਸਤਾਨ ਦੀ ਜਗ੍ਹਾ ਦਿਵਾਈ ਸੀ ਜਿਸ ਦੀ ਚਾਰਦੀਵਾਰੀ ਕਰਕੇ ਅੱਜ ਇੱਥੇ ਸੇਵਾ ਲਈ ਚਾਬੀਆਂ ਅਸੋਸੀਏਸ਼ਨ ਦੇ ਹਵਾਲੇ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਇਸ ਦਾ ਰੱਖ ਰਖਾਓ ਐਸੋਸੀਏਸ਼ਨ ਵੱਲੋਂ ਕੀਤਾ ਜਾਵੇਗਾ ਅਤੇ ਇਸਾਈ ਭਾਈਚਾਰੇ ਦੇ ਲੋਕ ਆਪਣੇ ਭਾਈਚਾਰੇ ਦੀਆਂ ਮ੍ਰਿਤਕ ਦੇਹਾਂ ਦਾ ਅੰਤਿਮ ਸਸਕਾਰ ਆਪਣੀਆਂ ਰਸਮਾਂ ਦੇ ਅਨੁਸਾਰ ਕਰ ਸਕਣਗੇ। ਉਨ੍ਹਾਂ ਕਿਹਾ ਕਿ ਵਿਧਾਇਕ ਤੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਤੇ ਉਨ੍ਹਾਂ ਦਾ ਸਮੁੱਚਾ ਪਰਿਵਾਰ ਇਸਾਈ ਭਾਈਚਾਰੇ ਦੇ ਨਾਲ ਖੜ੍ਹਾ ਹੈ ਤੇ ਇਸੇ ਤਰ੍ਹਾਂ ਅੱਗੇ ਵੀ ਈਸਾਈ ਭਾਈਚਾਰੇ ਦੀਆਂ ਸਮਾਜਿਕ ਲੋੜਾਂ ਦੀ ਪੂਰਤੀ ਲਈ ਤਨਦੇਹੀ ਨਾਲ ਉਪਰਾਲਾ ਕੀਤਾ ਜਾਵੇਗਾ। ਇਸ ਮੌਕੇ ਸੰਸਥਾ ਦੇ ਚੇਅਰਮੈਨ ਡਾ ਮੈਨੁਅਲ ਨਾਹਰ, ਪ੍ਰਧਾਨ ਅਨਿਲ ਰਾਏ, ਜਨਰਲ ਸਕੱਤਰ ਸ਼ੀਜੂ ਫਿਲਿਪ, ਪਾਸਟਰ ਐਮਡੀ ਸੈਮੁਅਲ, ਸੰਨੀ ਬਾਵਾ ਤੇ ਇਸ ਸੰਸਥਾ ਦੇ ਹੋਰ ਪਤਵੰਤੇ ਹਾਜ਼ਰ ਸਨ।