ਵਰ੍ਹਦੇ ਮੀਂਹ ਵਿੱਚ ਵਿਧਾਇਕ ਸਿੱਧੂ ਦੇ ਹੱਕ ਵਿੱਚ ਮੇਅਰ ਜੀਤੀ ਸਿੱਧੂ ਨੇ ਕੀਤੀਆਂ ਨੁੱਕੜ ਮੀਟਿੰਗਾਂ

ਭਾਰੀ ਬਰਸਾਤ ਦੇ ਬਾਵਜੂਦ ਨੁੱਕੜ ਮੀਟਿੰਗਾਂ ਦੌਰਾਨ ਵੱਡੀ ਗਿਣਤੀ ਵਿੱਚ ਪਹੁੰਚੇ ਲੋਕਾਂ ਨੇ ਦਿਖਾਇਆ ਜੋਸ਼

ਮੁਹਾਲੀ ਦੇ ਲੋਕ ਖ਼ੁਦ ਅੱਗੇ ਹੋ ਕੇ ਕਰ ਰਹੇ ਹਨ ਬਲਬੀਰ ਸਿੱਧੂ ਦੇ ਹੱਕ ’ਚ ਚੋਣ ਪ੍ਰਚਾਰ: ਮੇਅਰ ਜੀਤੀ ਸਿੱਧੂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਜਨਵਰੀ:
ਭਾਵੇਂ ਮੁਹਾਲੀ ਵਿੱਚ ਪਿਛਲੇ ਦੋ ਦਿਨਾਂ ਤੋਂ ਤੇਜ਼ ਮੀਂਹ ਵਰ੍ਹ ਰਿਹਾ ਹੈ ਪਰ ਇਸ ਵਰ੍ਹਦੇ ਮੀਂਹ ਦੇ ਦੌਰਾਨ ਵੀ ਵਿਧਾਨ ਸਭਾ ਚੋਣਾਂ ਵਿਚ ਹਲਕਾ ਵਿਧਾਇਕ ਤੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਹੱਕ ਵਿੱਚ ਕਾਂਗਰਸ ਪਾਰਟੀ ਦੇ ਮੁਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਅਤੇ ਉਨ੍ਹਾਂ ਦੀ ਟੀਮ ਵੱਲੋਂ ਲੋਕਾਂ ਨਾਲ ਨੁੱਕੜ ਮੀਟਿੰਗਾਂ ਦਾ ਦੌਰ ਜਾਰੀ ਹੈ। ਵੱਡੀ ਗੱਲ ਇਹ ਹੈ ਕਿ ਇਨ੍ਹਾਂ ਨੁੱਕੜ ਮੀਟਿੰਗਾਂ ਵਿੱਚ ਇਲਾਕਾ ਵਾਸੀਆਂ ਅਤੇ ਖ਼ਾਸ ਤੌਰ ਤੇ ਇਲਾਕੇ ਦੀਆਂ ਮਹਿਲਾਵਾਂ ਦਾ ਵੀ ਉਤਸ਼ਾਹ ਦੇਖਣ ਨੂੰ ਬਣਦਾ ਹੈ ਜਿਸ ਨਾਲ ਬਲਬੀਰ ਸਿੰਘ ਸਿੱਧੂ ਦੀ ਰਿਕਾਰਡਤੋੜ ਜਿੱਤ ਹੋਰ ਯਕੀਨੀ ਬਣਦੀ ਦਿਸਦੀ ਹੈ।
ਇਸੇ ਦੌਰਾਨ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਵੱਲੋਂ ਮੁਹਾਲੀ ਦੇ ਫੇਜ਼-1 ਵਿੱਚ ਨੁੱਕੜ ਮੀਟਿੰਗਾਂ ਕੀਤੀਆਂ ਗਈਆਂ। ਇਸ ਮੌਕੇ ਵਿਸ਼ੇਸ਼ ਤੌਰ ਤੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਉਨ੍ਹਾਂ ਦੇ ਨਾਲ ਸਨ। ਅੱਜ ਸਾਰਾ ਦਿਨ ਹੁੰਦੀ ਰਹੀ ਬੂੰਦਾਬਾਂਦੀ ਅਤੇ ਤੇਜ਼ ਬਰਸਾਤ ਦੇ ਦੌਰਾਨ ਮੇਅਰ ਜੀਤੀ ਸਿੱਧੂ ਫੇਜ਼-1 ਦੇ ਵੱਖ-ਵੱਖ ਹਿੱਸਿਆਂ ਵਿੱਚ ਲੋਕਾਂ ਨਾਲ ਨੁੱਕੜ ਮੀਟਿੰਗਾਂ ਵਿੱਚ ਰੁੱਝੇ ਰਹੇ। ਇਨ੍ਹਾਂ ਨੁੱਕੜ ਮੀਟਿੰਗਾਂ ਵਿੱਚ ਬੋਲਦਿਆਂ ਮੇਅਰ ਜੀਤੀ ਸਿੱਧੂ ਨੇ ਕਿਹਾ ਕੇ ਹਲਕਾ ਵਿਧਾਇਕ ਅਤੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਆਪਣੇ ਕਾਰਜਕਾਲ ਦੇ ਦੌਰਾਨ ਕਰਵਾਏ ਗਏ ਵਿਕਾਸ ਕਾਰਜਾਂ ਅਤੇ ਮੁਹਾਲੀ ਵਿੱਚ ਲਿਆਂਦੇ ਗਏ ਵੱਡੇ ਪ੍ਰਾਜੈਕਟਾਂ ਨੂੰ ਲੈ ਕੇ ਚੋਣ ਮੈਦਾਨ ਵਿੱਚ ਨਿੱਤਰੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੀ ਸਦਾ ਹੀ ਇਹ ਨੀਤੀ ਰਹੀ ਹੈ ਕਿ ਹਰ ਵਰਗ ਦਾ ਵਿਕਾਸ ਕਰਨਾ ਹੈ ਅਤੇ ਮੁਹਾਲੀ ਵਿੱਚ ਕੋਨੇ-ਕੋਨੇ ਵਿੱਚ ਚੱਲ ਰਹੇ ਵਿਕਾਸ ਕਾਰਜ ਕਾਂਗਰਸ ਦੀ ਵਿਕਾਸਮੁਖੀ ਨੀਤੀ ਦੀ ਪੁਸ਼ਟੀ ਕਰਦੇ ਹਨ।
ਮੇਅਰ ਜੀਤੀ ਸਿੱਧੂ ਨੇ ਕਿਹਾ ਕਿ ਪਿਛਲੇ 15 ਵਰ੍ਹਿਆਂ ਤੋਂ ਮੁਹਾਲੀ ਦੇ ਲੋਕ ਹਲਕਾ ਵਿਧਾਇਕ ਤੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੂੰ ਆਪਣਾ ਪੂਰਾ ਸਮਰਥਨ ਅਤੇ ਸਹਿਯੋਗ ਦੇ ਰਹੇ ਹਨ ਅਤੇ ਬਲਬੀਰ ਸਿੱਧੂ ਨੇ ਵੀ ਪੂਰੇ ਮੁਹਾਲੀ ਸ਼ਹਿਰ ਨੂੰ ਆਪਣਾ ਪਰਿਵਾਰ ਮੰਨਿਆ ਹੈ ਤੇ ਮੁਹਾਲੀ ਵਾਸੀਆਂ ਦੇ ਹਰ ਦੁੱਖ ਸੁੱਖ ਵਿੱਚ ਬਲਬੀਰ ਸਿੱਧੂ ਪਰਿਵਾਰਕ ਮੈਂਬਰ ਵਜੋਂ ਨਾ ਸਿਰਫ ਹਾਜ਼ਰ ਹੁੰਦੇ ਹਨ ਸਗੋਂ ਮੋਢੇ ਨਾਲ ਮੋਢਾ ਲਾ ਕੇ ਤੁਰਦੇ ਹਨ। ਉਨ੍ਹਾਂ ਕਿਹਾ ਕਿ ਇਹੀ ਕਾਰਨ ਹੈ ਕਿ ਮੁਹਾਲੀ ਦੇ ਲੋਕਾਂ ਦਾ ਪੂਰਾ ਪਿਆਰ ਅਤੇ ਵਿਸ਼ਵਾਸ ਬਲਬੀਰ ਸਿੱਧੂ ਦੇ ਨਾਲ ਹੈ ਤੇ ਮੁਹਾਲੀ ਨਗਰ ਨਿਗਮ ਦੀਆਂ ਚੋਣਾਂ ਵਿਚ ਮੋਹਾਲੀ ਦੇ ਲੋਕਾਂ ਨੇ ਕਾਂਗਰਸ ਦੇ 37 ਉਮੀਦਵਾਰਾਂ ਨੂੰ ਜਿਤਾ ਕੇ ਅਤੇ ਉਨ੍ਹਾਂ ਨੂੰ ਮੇਅਰ ਬਣਾ ਕੇ ਇਸ ਗੱਲ ਨੂੰ ਸਾਬਤ ਕੀਤਾ ਹੈ। ਉਨ੍ਹਾਂ ਕਿਹਾ ਕਿ ਮੁਹਾਲੀ ਵਾਸੀ ਬਲਬੀਰ ਸਿੱਧੂ ਦੀ ਚੋਣ ਨੂੰ ਆਪਣੀ ਚੋਣ ਮੰਨ ਕੇ ਖ਼ੁਦ ਅੱਗੇ ਹੋ ਕੇ ਲੜਾਈ ਲੜ ਰਹੇ ਹਨ। ਉਨ੍ਹਾਂ ਕਿਹਾ ਕਿ ਸਿੱਧੂ ਪਰਿਵਾਰ ਕਦੇ ਵੀ ਮੁਹਾਲੀ ਵਾਸੀਆਂ ਦਾ ਦੇਣਾ ਨਹੀਂ ਦੇ ਸਕਦਾ ਅਤੇ ਹਰ ਸਮੇਂ ਉਨ੍ਹਾਂ ਦੀ ਸੇਵਾ ਲਈ ਹਾਜ਼ਰ ਹੈ।
ਇਸ ਮੌਕ ਨੁੱਕੜ ਮੀਟਿੰਗਾਂ ਵਿੱਚ ਹਾਜ਼ਰ ਮੁਹਾਲੀ ਦੇ ਵਸਨੀਕਾਂ ਨੇ ਹੱਥ ਖੜੇ ਕਰਕੇ ਬਲਬੀਰ ਸਿੰਘ ਸਿੱਧੂ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਮੁਹਾਲੀ ਵਿੱਚ ਬਲਬੀਰ ਸਿੱਧੂ ਤੋਂ ਇਲਾਵਾ ਹੋਰ ਕੋਈ ਉਮੀਦਵਾਰ ਨੇੜੇ ਤੇੜੇ ਵੀ ਨਜ਼ਰ ਨਹੀਂ ਆਉਂਦਾ ਜਿਹੜਾ ਪਰਿਵਾਰਕ ਮੈਂਬਰ ਬਣ ਕੇ ਉਨ੍ਹਾਂ ਨਾਲ ਖੜ੍ਹਾ ਹੋ ਸਕੇ। ਉਨ੍ਹਾਂ ਕਿਹਾ ਕਿ ਬਲਬੀਰ ਸਿੱਧੂ ਪਿਛਲੀ ਵਾਰ ਨਾਲੋਂ ਵੀ ਵੱਧ ਵੋਟਾਂ ਨਾਲ ਰਿਕਾਰਡ ਤੋੜ ਜਿੱਤ ਹਾਸਲ ਕਰਨਗੇ।
ਇਸ ਮੌਕੇ ਸੁਰਿੰਦਰ ਸ਼ਰਮਾ, ਨਵਾਬ ਪ੍ਰਦੀਪ, ਹਰਪ੍ਰੀਤ ਡਿਪਟੀ, ਕਵਿਤਾ, ਕਮਲੇਸ਼ ਬਿੱਲਾ, ਪਾਰਵਤੀ, ਰੁਕਮਣੀ, ਰਜਨੀ, ਸ਼ਾਰਦਾ, ਲਵਲੀ, ਜਸਪਾਲ ਕੌਰ, ਕਿਰਨ ਬਾਲਾ, ਪ੍ਰੀਤੀ, ਤਾਰਾ ਰਾਣੀ, ਪੂਜਾ, ਗੁਰਦੀਪ ਸਿੰਘ ਸੋਨੂ, ਈਸ਼ਵਰ ਚੰਦਰ, ਪ੍ਰੀਤਮ ਕੌਰ, ਪੰਡਿਤ ਸੁੰਦਰ ਲਾਲ, ਰਾਜੀਵ ਕੁਮਾਰ, ਸੰਦੀਪ ਸਮੇਤ ਹੋਰ ਪਤਵੰਤੇ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

Load More Related Articles
Load More By Nabaz-e-Punjab
Load More In Agriculture & Forrest

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …