
ਮੇਅਰ ਜੀਤੀ ਸਿੱਧੂ ਨੇ ਵਿਧਾਇਕ ਬਲਬੀਰ ਸਿੰਘ ਸਿੱਧੂ ਦੇ ਹੱਕ ਵਿੱਚ ਕੀਤੀਆਂ ਚੋਣ ਮੀਟਿੰਗਾਂ
ਬਲਬੀਰ ਸਿੰਘ ਸਿੱਧੂ ਨੂੰ ਮੁਹਾਲੀ ਵਿਧਾਨ ਸਭਾ ਹਲਕੇ ਵਿੱਚ ਭਰਵਾਂ ਹੁਲਾਰਾ ਮਿਲਣ ਦਾ ਦਾਅਵਾ
ਅਕਾਲੀ, ਭਾਜਪਾ ਅਤੇ ਆਮ ਆਦਮੀ ਪਾਰਟੀ ਇੱਕੋ ਥੈਲੀ ਦੇ ਚੱਟੇ-ਬੱਟੇ: ਜੀਤੀ ਸਿੱਧੂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਜਨਵਰੀ:
ਮੁਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਮੁਹਾਲੀ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸਾਬਕਾ ਸਿਹਤ ਮੰਤਰੀ ਅਤੇ ਵਿਧਾਇਕ ਬਲਬੀਰ ਸਿੰਘ ਸਿੱਧੂ ਦੇ ਹੱਕ ਵਿਚ ਫੇਜ਼-1 ਵਿੱਚ ਚੋਣ ਪ੍ਰਚਾਰ ਕੀਤਾ। ਇਸ ਮੌਕੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਵਿਸ਼ੇਸ਼ ਤੌਰ ਤੇ ਉਨ੍ਹਾਂ ਦੇ ਨਾਲ ਸਨ। ਇਸ ਦੌਰਾਨ ਮੀਟਿੰਗਾਂ ਵਿੱਚ ਬੋਲਦਿਆਂ ਮੇਅਰ ਜੀਤੀ ਸਿੱਧੂ ਨੇ ਕਿਹਾ ਕਿ ਮੋਹਾਲੀ ਵਿਚ ਵੱਖ ਵੱਖ ਉਮੀਦਵਾਰ ਆਪਣੀ ਜਾਤ ਤੇ ਧਰਮ ਨੂੰ ਲੈ ਕੇ ਵੰਡੀਆਂ ਪਾਉਣ ਦਾ ਯਤਨ ਕਰ ਰਹੇ ਹਨ ਜਦੋਂਕਿ ਇਕੱਲੀ ਕਾਂਗਰਸ ਪਾਰਟੀ ਹੈ ਜਿਹੜੀ ਸਾਰੇ ਵਰਗਾਂ ਅਤੇ ਧਰਮਾਂ, ਜਾਤੀਆਂ ਦਾ ਸਤਿਕਾਰ ਕਰਦੇ ਹੋਏ ਸਾਰਿਆਂ ਨੂੰ ਨਾਲ ਲੈ ਕੇ ਸਮੂਹਿਕ ਵਿਕਾਸ ਦੇ ਏਜੰਡੇ ਨਾਲ ਚੋਣ ਲੜਦੀ ਹੈ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਹੋਵੇ ਜਾਂ ਆਮ ਆਦਮੀ ਪਾਰਟੀ ਇਹ ਦੋਵੇਂ ਇੱਕੋ ਥੈਲੀ ਦੇ ਚੱਟੇ-ਬੱਟੇ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਗੱਲ ਕੀਤੀ ਜਾਵੇ ਤਾਂ ਬਰਗਾੜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਿਸੇ ਨੂੰ ਭੁੱਲੀ ਨਹੀਂ ਹੈ।
ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦਾ ਇਕਲੌਤਾ ਮਕਸਦ ਹਿੰਦੂ ਧਰਮ ਦੇ ਲੋਕਾਂ ਨੂੰ ਇਕ ਪਾਸੇ ਇਕੱਠਾ ਕਰਨਾ ਹੈ ਇਸ ਲਈ ਭਾਵੇਂ ਕਿੰਨੀ ਵੀ ਫਿਰਕੂ ਨਫ਼ਰਤ ਫੈਲੇ ਭਾਰਤੀ ਜਨਤਾ ਪਾਰਟੀ ਨੂੰ ਕੋਈ ਫ਼ਰਕ ਨਹੀਂ ਪੈਂਦਾ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੂੰ ਇਹ ਨਹੀਂ ਪਤਾ ਕਿ ਪੰਜਾਬ ਅਤੇ ਖ਼ਾਸ ਤੌਰ ਤੇ ਮੁਹਾਲੀ ਦੇ ਵਸਨੀਕ ਪੜ੍ਹੇ ਲਿਖੇ ਅਤੇ ਸੂਝਵਾਨ ਹਨ ਅਤੇ ਉਹ ਭਾਰਤੀ ਜਨਤਾ ਪਾਰਟੀ ਦੇ ਇਸ ਛਲਾਵੇ ਵਿੱਚ ਆਉਣ ਵਾਲੇ ਨਹੀਂ ਹਨ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦਾ ਏਜੰਡਾ ਵੀ ਭਾਰਤੀ ਜਨਤਾ ਪਾਰਟੀ ਵਾਲਾ ਹੀ ਹੈ ਅਤੇ ਇਸ ਦਾ ਮਕਸਦ ਸੱਤਾ ਤੇ ਕਾਬਜ਼ ਹੋਣਾ ਹੈ, ਲੋਕਾਂ ਦੀਆਂ ਦੁੱਖ ਤਕਲੀਫ਼ਾਂ ਨਾਲ ਇਸ ਪਾਰਟੀ ਨੂੰ ਕੋਈ ਮਤਲਬ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇ ਲੋਕ ਹਿੱਤ ਵਾਸਤੇ ਇਹ ਪਾਰਟੀ ਖੜ੍ਹੀ ਹੁੰਦੀ ਤਾਂ ਇਕ ਦਿਨ ਪਹਿਲਾਂ ਪਾਰਟੀ ਵਿੱਚ ਸ਼ਾਮਲ ਹੋਏ ਕੁਲਵੰਤ ਸਿੰਘ ਵਰਗੇ ਨਿੱਜੀ ਹਿੱਤਾਂ ਨੂੰ ਸਾਧਣ ਵਾਲੇ ਵਪਾਰੀ ਨੂੰ ਟਿਕਟ ਨਾ ਦਿੰਦੀ। ਉਨ੍ਹਾਂ ਕਿਹਾ ਕਿ ਕੁਲਵੰਤ ਸਿੰਘ ਦੇ ਕੱਟੇ ਹੋਏ ਸੈਕਟਰਾਂ 82 ਅਤੇ 90-91 ਦੇ ਵਸਨੀਕ ਇਸ ਗੱਲ ਦਾ ਸਬੂਤ ਹਨ ਕਿ ਕੁਲਵੰਤ ਸਿੰਘ ਨੇ ਇੱਥੋਂ ਦੇ ਵਸਨੀਕਾਂ ਨਾਲ ਕਿੰਨਾ ਕੁ ਧੱਕਾ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਉਮੀਦਵਾਰ ਇਕ ਜਾਤੀ ਵਿਸ਼ੇਸ਼ ਦੀ ਰਾਜਨੀਤੀ ਕਰ ਰਿਹਾ ਹੈ ਪਰ ਉਸ ਦਾ ਵੀ ਸਮਾਜਿਕ ਵੰਡੀ ਪੈਦਾ ਕਰਨ ਵਾਲਾ ਏਜੰਡਾ ਕਾਮਯਾਬ ਨਹੀਂ ਹੋਣਾ।
ਉਨ੍ਹਾਂ ਕਿਹਾ ਕਿ ਦੂਜੇ ਪਾਸੇ ਕਾਂਗਰਸ ਪਾਰਟੀ ਦੇ ਵਿਧਾਇਕ ਤੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਅਗਵਾਈ ਹੇਠ ਮੁਹਾਲੀ ਨਗਰ ਨਿਗਮ ਨੇ ਕਿਸੇ ਨਾਲ ਕੋਈ ਵਿਤਕਰਾ ਨਹੀਂ ਕੀਤਾ ਅਤੇ ਸਮੁੱਚੇ ਮੁਹਾਲੀ ਦਾ ਸਮੂਹਿਕ ਵਿਕਾਸ ਕਰਨ ਦਾ ਉਪਰਾਲਾ ਹੀ ਕੀਤਾ ਹੈ ਜਿਸ ਦੇ ਚੱਲਦੇ ਪੂਰੇ ਮੁਹਾਲੀ ਦੇ ਕੋਨੇ ਕੋਨੇ ਵਿਚ 100 ਕਰੋੜ ਤੋਂ ਵੱਧ ਦੇ ਵਿਕਾਸ ਕਾਰਜ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਮੁਹਾਲੀ ਦੇ ਵਸਨੀਕ ਇਹ ਤੈਅ ਕਰ ਚੁੱਕੇ ਹਨ ਕਿ ਉਨ੍ਹਾਂ ਲਈ ਕਿਸੇ ਵੀ ਤਰ੍ਹਾਂ ਦੇ ਫਿਰਕੂ ਏਜੰਡੇ ਦੀ ਕੋਈ ਵੁੱਕਤ ਨਹੀਂ ਹੈ ਸਗੋਂ ਉਹ ਵਿਕਾਸ ਚਾਹੁੰਦੇ ਹਨ ਅਤੇ ਇਸ ਵਾਸਤੇ ਉਹ ਹਲਕਾ ਵਿਧਾਇਕ ਤੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੂੰ ਰਿਕਾਰਡਤੋੜ ਵੋਟਾਂ ਨਾਲ ਜਿਤਾਉਣ ਦਾ ਮਨ ਬਣਾ ਚੁੱਕੇ ਹਨ।

ਇਨ੍ਹਾਂ ਮੀਟਿੰਗਾਂ ਵਿੱਚ ਇਲਾਕਾ ਵਾਸੀਆਂ ਨੇ ਹੱਥ ਖੜੇ ਕਰਕੇ ਵਿਧਾਇਕ ਬਲਬੀਰ ਸਿੱਧੂ ਨੂੰ ਭਾਰੀ ਵੋਟਾਂ ਨਾਲ ਜਿਤਾਉਣ ਦਾ ਐਲਾਨ ਕੀਤਾ ਤੇ ਕਿਹਾ ਕਿ ਇਸ ਵਾਰ ਦੀ ਬਲਬੀਰ ਸਿੱਧੂ ਦੀ ਜਿੱਤ ਪਿਛਲੀ ਵਾਰ ਨਾਲੋਂ ਵੀ ਵੱਧ ਵੋਟਾਂ ਨਾਲ ਹੋਵੇਗੀ। ਇਸ ਮੌਕੇ ਹਰਪ੍ਰੀਤ ਸਿੰਘ ਡਿਪਟੀ, ਟਿੰਕਾ ਵਾਲੀਆ, ਨੀਲਮ ਰਾਣੀ, ਮਨਜੀਤ ਕੌਰ, ਸੰਦੀਪ, ਪ੍ਰਦੀਪ ਨਵਾਬ, ਮਮਤਾ, ਰੇਨੂ ਟੰਡਨ, ਜਗਮੋਹਨ ਵਾਲੀਆ, ਭਵਦੀਪ, ਸਿਮਰਨ, ਚੰਨੀ, ਸ਼ੰਕੁਤਲਾ, ਲਕਸ਼ਮੀ, ਪ੍ਰੀਤੀ ਜਸਵਿੰਦਰ ਕੌਰ, ਕੁਨਾਲ, ਸੋਨੂ, ਪ੍ਰਣਵ, ਕੀਰਤ, ਅਮਨ ਅਤੇ ਹੋਰ ਇਲਾਕਾ ਨਿਵਾਸੀ ਅਤੇ ਪਤਵੰਤੇ ਹਾਜ਼ਰ ਸਨ।