ਮੇਅਰ ਜੀਤੀ ਸਿੱਧੂ ਵੱਲੋਂ 75 ਲੱਖ ਰੁਪਏ ਦੀ ਲਾਗਤ ਨਾਲ ਲਗਾਏ 3 ਓਪਨ ਏਅਰ ਜਿਮਾਂ ਦਾ ਉਦਘਾਟਨ

ਸੈਕਟਰ-78, 79 ਅਤੇ 80 ਵਿੱਚ ਲਗਾਏ ਗਏ ਓਪਨ ਏਅਰ ਜਿਮ

ਲੋਕਾਂ ਦੀ ਸਿਹਤ ਲਈ ਘਰ ਦੇ ਨੇੜੇ ਕਸਰਤ ਲਈ ਉਪਲਬਧ ਕਰਵਾਈਆਂ ਆਧੁਨਿਕ ਮਸ਼ੀਨਾਂ: ਮੇਅਰ ਜੀਤੀ ਸਿੱਧੂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਦਸੰਬਰ:
ਮੁਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਅੱਜ 75 ਲੱਖ ਰੁਪਏ ਦੀ ਲਾਗਤ ਨਾਲ ਮੁਹਾਲੀ ਦੇ ਸੈਕਟਰ-78, 79 ਅਤੇ 80 ਵਿਚ ਲਗਾਏ ਗਏ 3 ਓਪਨ ਏਅਰ ਜਿਮ ਅਤੇ ਪੇਵਰ ਬਲਾਕਾਂ ਦੇ ਕੰਮ ਦਾ ਉਦਘਾਟਨ ਕੀਤਾ। ਇਸ ਮੌਕੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਵਿਸ਼ੇਸ਼ ਤੌਰ ਤੇ ਉਨ੍ਹਾਂ ਨਾਲ ਹਾਜ਼ਰ ਸਨ। ਮੇਅਰ ਜੀਤੀ ਸਿੱਧੂ ਨੇ ਕਿਹਾ ਕਿ ਨਵੇਂ ਲਗਾਏ ਜਾ ਰਹੇ ਜਿੰਮਾਂ ਵਾਸਤੇ 5 ਕਰੋੜ ਰੁਪਏ ਦੇ ਹੋਰ ਜਿਮ ਪਾਸ ਕਰਵਾਏ ਗਏ ਹਨ ਅਤੇ ਉਨ੍ਹਾਂ ਦਾ ਟੀਚਾ ਹੈ ਕਿ ਮੁਹਾਲੀ ਨਗਰ ਨਿਗਮ ਅਧੀਨ ਆਉਂਦੇ ਪਾਰਕਾਂ ਵਿੱਚ ਵੱਧ ਤੋਂ ਵੱਧ ਜਿੰਮ ਲਗਵਾ ਕੇ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਨੇੜੇ ਕਸਰਤ ਦੀ ਸਹੂਲਤ ਦਿੱਤੀ ਜਾ ਸਕੇ।
ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਿਹਾ ਕਿ ਅੱਜ ਕੋਰੋਨਾ ਮਹਾਂਮਾਰੀ ਦੇ ਯੁੱਗ ਵਿੱਚ ਲੋਕਾਂ ਵਾਸਤੇ ਕਸਰਤ ਕਰਨੀ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਨਾਲ ਜੰਗ ਲੜਨ ਲਈ ਅੰਦਰੂਨੀ ਰੋਗਾਂ ਨਾਲ ਲੜਨ ਵਾਲੀ ਤਾਕਤ ਅਤਿ ਲੋੜੀਂਦੀ ਹੈ ਅਤੇ ਇਹ ਤਾਕਤ ਕਸਰਤ ਨਾਲ ਹੀ ਆਉਂਦੀ ਹੈ ਅਤੇ ਡਾਕਟਰ ਵੀ ਰੋਜ਼ਾਨਾ ਕਸਰਤ ਦੀ ਸਲਾਹ ਦਿੰਦੇ ਹਨ। ਉਨ੍ਹਾਂ ਕਿਹਾ ਕਿ ਪਾਰਕਾਂ ਵਿੱਚ ਓਪਨ ਏਅਰ ਜਿੰਮ ਲਗਾਉਣ ਨਾਲ ਲੋਕਾਂ ਦੇ ਘਰਾਂ ਦੇ ਨੇੜੇ ਉਨ੍ਹਾਂ ਨੂੰ ਆਧੁਨਿਕ ਕਸਰਤ ਵਾਲੀਆਂ ਮਸ਼ੀਨਾਂ ਮਿਲਦੀਆਂ ਹਨ ਅਤੇ ਉਨ੍ਹਾਂ ਨੂੰ ਵਾਧੂ ਪੈਸੇ ਖਰਚ ਕੇ ਮਹਿੰਗੇ ਜਿੰਮਾਂ ਵਿੱਚ ਜਾਣ ਦੀ ਲੋੜ ਨਹੀਂ।
ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਿਹਾ ਕਿ ਇਸੇ ਤਰ੍ਹਾਂ ਮੁਹਾਲੀ ਵਿੱਚ ਜਿੱਥੇ ਜਿੱਥੇ ਵੀ ਪੇਵਰ ਬਲਾਕਾਂ ਦੀ ਲੋੜ ਹੈ ਉੱਥੇ ਲੋਕਾਂ ਦੀ ਰਾਇ ਅਤੇ ਲੋੜ ਅਨੁਸਾਰ ਪੇਵਰ ਬਲਾਕ ਲਗਾਏ ਜਾ ਰਹੇ ਹਨ। ਮੇਅਰ ਜੀਤੀ ਸਿੱਧੂ ਨੇ ਕਿਹਾ ਕਿ ਮੋਹਾਲੀ ਦੇ ਲੋਕਾਂ ਨੇ ਉਨ੍ਹਾਂ ਉੱਤੇ ਵਿਸ਼ਵਾਸ ਕਰਕੇ ਉਨ੍ਹਾਂ ਨੂੰ ਮੁਹਾਲੀ ਨਗਰ ਨਿਗਮ ਦਾ ਮੇਅਰ ਥਾਪਿਆ ਹੈ ਅਤੇ ਉਨ੍ਹਾਂ ਦੀ ਵੀ ਜ਼ਿੰਮੇਵਾਰੀ ਹੈ ਕਿ ਉਹ ਲੋਕਾਂ ਦੇ ਪੈਸੇ ਨੂੰ ਸਹੀ ਸਹੀ ਢੰਗ ਨਾਲ ਵਰਤ ਕੇ ਲੋਕਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਦੇਣ। ਉਨ੍ਹਾਂ ਕਿਹਾ ਕਿ ਮੁਹਾਲੀ ਨਗਰ ਨਿਗਮ ਵਿਚ ਪ੍ਰਾਪਰਟੀ ਟੈਕਸ ਦੇ ਰੂਪ ਵਿੱਚ ਆਉਣ ਵਾਲਾ ਪੈਸਾ ਮੋਹਾਲੀ ਦੇ ਲੋਕਾਂ ਦਾ ਹੀ ਹੈ ਅਤੇ ਉਹ ਇਸ ਪੈਸੇ ਦੀ ਦੁਰਵਰਤੋਂ ਨਹੀਂ ਹੋਣ ਦੇਣਗੇ।

ਮੇਅਰ ਜੀਤੀ ਸਿੱਧੂ ਨੇ ਕਿਹਾ ਕਿ ਇਹ ਕਾਰਨ ਹੈ ਕਿ ਹਰੇਕ ਵਿਕਾਸ ਕਾਰਜਾਂ ਦੀ ਨਜ਼ਰਸਾਨੀ ਉਹ ਖ਼ੁਦ ਉਨ੍ਹਾਂ ਦੀ ਟੀਮ ਅਤੇ ਇਲਾਕੇ ਦੇ ਕੌਂਸਲਰ ਕਰਦੇ ਹਨ ਤਾਂ ਜੋ ਕੁਆਲਿਟੀ ਨਾਲ ਕਿਸੇ ਪੱਖੋਂ ਸਮਝੌਤਾ ਨਾ ਹੋ ਸਕੇ। ਉਨ੍ਹਾਂ ਕਿਹਾ ਕਿ ਹਲਕਾ ਵਿਧਾਇਕ ਅਤੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਮੁਹਾਲੀ ਵਿੱਚ ਕਈ ਵੱਡੇ ਪ੍ਰਾਜੈਕਟ ਲਿਆਂਦੇ ਗਏ ਹਨ ਜਿਨ੍ਹਾਂ ਵਿੱਚ ਮੈਡੀਕਲ ਕਾਲਜ ਦੀ ਉਸਾਰੀ ਸ਼ੁਰੂ ਹੋ ਚੁੱਕੀ ਹੈ ਅਤੇ ਜੁਝਾਰ ਨਗਰ ਨੂੰ ਜਾਣ ਵਾਲੀ ਸੜਕ ਉੱਤੇ ਪੁਲ ਬਣਨਾ ਵੀ ਆਰੰਭ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਫੇਜ਼-3ਬੀ1 ਵਿੱਚ ਕਮਿਊਨਟੀ ਸੈਂਟਰ ਦੀ ਉਸਾਰੀ ਆਰੰਭ ਹੋ ਚੁੱਕੀ ਹੈ ਅਤੇ ਇਸ ਦੇ ਨਾਲ ਦੀ ਡਿਸਪੈਂਸਰੀ ਨੂੰ ਅਪਗਰੇਡ ਕਰਕੇ ਹਸਪਤਾਲ ਬਣਾਉਣ ਦਾ ਕੰਮ ਵੀ ਲਗਭਗ ਪੂਰਾ ਹੋ ਗਿਆ ਹੈ ਅਤੇ ਇਸ ਨੂੰ ਛੇਤੀ ਹੀ ਆਰੰਭ ਕਰ ਦਿੱਤਾ ਜਾਵੇਗਾ।

ਇਸ ਮੌਕੇ ਕੌਂਸਲਰ ਸੁੱਚਾ ਸਿੰਘ ਕਲੋੜ, ਹਰਜੀਤ ਸਿੰਘ ਭੋਲੂ, ਕੁਲਵਿੰਦਰ ਕੌਰ ਬਾਛਲ, ਨਵਜੋਤ ਸਿੰਘ ਬਾਛਲ, ਸੀਮਾ ਸਿੰਘ ਪ੍ਰਿੰਸੀਪਲ ਕੇਂਦਰੀ ਵਿਦਿਆਲਾ, ਮੇਵਾ ਸਿੰਘ, ਜੋਗਾ ਸਿੰਘ ਪਰਮਾਰ, ਸੁਰੇਸ਼ ਕੁਮਾਰ, ਜਸਵਿੰਦਰ ਸਿੰਘ, ਨੱਥਾ ਸਿੰਘ, ਪਰਮਜੀਤ ਸਿੰਘ ਵਾਲੀਆ, ਕ੍ਰਿਸ਼ਨ ਸਿੰਘ, ਹਰਦਿਆਲ ਚੰਦ ਬੜਬੜ, ਲਖਵੀਰ ਸਿੰਘ, ਜੱਸੀ ਗਿੱਲ, ਲਖਮੀਰ ਸਿੰਘ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।

Load More Related Articles
Load More By Nabaz-e-Punjab
Load More In Agriculture & Forrest

Check Also

ਅਮਰ ਸ਼ਹੀਦ ਜਥੇਦਾਰ ਬਾਬਾ ਦੀਪ ਸਿੰਘ ਦਾ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ

ਅਮਰ ਸ਼ਹੀਦ ਜਥੇਦਾਰ ਬਾਬਾ ਦੀਪ ਸਿੰਘ ਦਾ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ, 28 ਜਨਵਰੀ: …