
ਮੇਅਰ ਜੀਤੀ ਸਿੱਧੂ ਵੱਲੋਂ ਆਈਸਰ ਚੌਕ ’ਤੇ ਆਧੁਨਿਕ ਟਰੈਫ਼ਿਕ ਲਾਈਟਾਂ ਦੇ ਪਾਇਲਟ ਪ੍ਰਾਜੈਕਟ ਦਾ ਉਦਘਾਟਨ
ਹਾਈ ਇੰਟੈਂਸਟੀ ਐਲਈਡੀ ਡਾਇਰੈਕਸ਼ਨ ਵਿੱਚ ਤਬਦੀਲ ਹੋਣਗੀਆਂ ਸਾਰੀਆਂ ਟਰੈਫ਼ਿਕ ਲਾਈਟਾਂ: ਜੀਤੀ ਸਿੱਧੂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਅਕਤੂਬਰ:
ਮੁਹਾਲੀ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਅੱਜ ਏਅਰਪੋਰਟ ਰੋਡ ਉੱਤੇ ਸਥਿਤ ਆਈਸਰ ਨੇੜੇ ਟਰੈਫ਼ਿਕ ਲਾਈਟਾਂ ਉੱਤੇ ਅਤਿ ਆਧੁਨਿਕ ਟਰੈਫ਼ਿਕ ਸਿਗਨਲ ਲਾਈਟਾਂ ਦਾ ਉਦਘਾਟਨ ਕੀਤਾ। ਇਸ ਮੌਕੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਕਮਿਸ਼ਨਰ ਡਾ. ਕਮਲ ਗਰਗ, ਐਸਈ ਸੰਜੇ ਕੰਵਰ ਤੇ ਐਕਸੀਅਨ ਕਮਲਜੀਤ ਸਿੰਘ ਵੀ ਹਾਜ਼ਰ ਸਨ।
ਮੇਅਰ ਜੀਤੀ ਸਿੱਧੂ ਨੇ ਦੱਸਿਆ ਕਿ ਇਹ ਲਾਈਟਾਂ ਹਾਈ ਇੰਟੈਂਸਟੀ ਐਲਈਡੀ ਡਾਇਰੈਕਸ਼ਨ ਲਾਈਟਾਂ ਹਨ ਅਤੇ ਪਾਇਲਟ ਪ੍ਰਾਜੈਕਟ ਵੱਲੋਂ ਵਜੋਂ ਇੱਥੇ ਸਥਾਪਤ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਤੋਂ ਲੱਗੀਆਂ ਟਰੈਫ਼ਿਕ ਲਾਈਟਾਂ ਜੋ ਕੇ ਗੋਲ ਸ਼ੇਪ ਵਿੱਚ ਹਨ ਦੀ ਥਾਂ ’ਤੇ ਡਾਇਰੈਕਸ਼ਨਲ ਲਾਈਟਾਂ ਲਗਾਈਆਂ ਗਈਆਂ ਹਨ ਜੋ ਕਿ ਬਹੁਤ ਦੂਰ ਤੋਂ ਦਿਖਾਈ ਦੇਣਗੀਆਂ ਅਤੇ ਸੋਹਣੀਆ ਵੀ ਲੱਗਣਗੀਆਂ ਤੇ ਸਰਦੀਆਂ ਵਿੱਚ ਧੁੰਦ ਤੇ ਫੌਗ ਮੌਕੇ ਸੜਕ ਹਾਦਸਿਆਂ ਤੋਂ ਬਚਾਅ ਕਰਨ ਵਿੱਚ ਸਹਾਇਕ ਹੋਣਗੀਆਂ। ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲਾਂ ਇੱਥੇ ਇਹ ਡਾਇਰੈਕਸ਼ਨਲ ਲਾਈਟਾਂ ਲਗਾਈਆਂ ਗਈਆਂ ਹਨ ਅਤੇ ਮੁਹਾਲੀ ਵਿੱਚ ਮੁੱਖ ਸੜਕਾਂ ਤੇ ਪੈਂਦੀਆਂ ਟਰੈਫ਼ਿਕ ਲਾਈਟਾਂ ਇਸੇ ਤਰ੍ਹਾਂ ਤਬਦੀਲ ਕਰ ਦਿੱਤਾ ਜਾਵੇਗਾ। ਇੰਜ ਹੀ ਆਉਂਦੇ ਸਮੇਂ ਵਿੱਚ ਅੰਦਰੂਨੀ ਸੜਕਾਂ ਉੱਤੇ ਵੀ ਟਰੈਫ਼ਿਕ ਲਾਈਟਾਂ ਉੱਤੇ ਇਹ ਹਾਈ ਇੰਟੈਂਸਟੀ ਡਾਇਰੈਕਸ਼ਨ ਲਾਈਟਾਂ ਲਗਾਈਆਂ ਜਾਣਗੀਆਂ।
ਮੇਅਰ ਜੀਤੀ ਸਿੱਧੂ ਨੇ ਕਿਹਾ ਕਿ ਮੁਹਾਲੀ ਪੰਜਾਬ ਦਾ ਬੇਹੱਦ ਮਹੱਤਵਪੂਰਨ ਸ਼ਹਿਰ ਹੈ ਅਤੇ ਮੁਹਾਲੀ ਦਾ ਨਾਂ ਅੰਤਰਰਾਸ਼ਟਰੀ ਨਕਸ਼ੇ ’ਤੇ ਹੈ ਇਸ ਲਈ ਇਸ ਨੂੰ ਹੋਰ ਖ਼ੂਬਸੂਰਤ ਬਣਾਉਣ ਦੀ ਲੋੜ ਹੈ ਤੇ ਨਾਲ ਹੀ ਇੱਥੇ ਆਧੁਨਿਕ ਬੁਨਿਆਦੀ ਢਾਂਚਾ ਤਬਦੀਲ ਕਰਦੇ ਰਹਿਣ ਦੀ ਵੀ ਲੋੜ ਹੈ ਤਾਂ ਜੋ ਆਧੁਨਿਕਤਾ ਦੇ ਮਾਮਲੇ ਵਿੱਚ ਅਸੀਂ ਸਮੇਂ ਦੇ ਹਾਣੀ ਹੋ ਸਕੀਏ।
ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਇਹ ਕੋਸ਼ਿਸ਼ ਹੈ ਕਿ ਮੁਹਾਲੀ ਵਿੱਚ ਮਜ਼ਬੂਤ ਬੁਨਿਆਦੀ ਢਾਂਚੇ ਦੇ ਨਾਲ ਨਾਲ ਵੱਧ ਤੋਂ ਵੱਧ ਸਹੂਲਤਾਂ ਦਿੱਤੀਆਂ ਜਾਣ ਜਿਸ ਦੇ ਮੁਹਾਲੀ ਸ਼ਹਿਰ ਦੇ ਲੋਕ ਪੂਰੀ ਤਰ੍ਹਾਂ ਹੱਕਦਾਰ ਹਨ ਕਿਉਂਕਿ ਉਨ੍ਹਾਂ ਦੇ ਵੱਲੋਂ ਦਿੱਤੇ ਹੋਏ ਟੈਕਸਾਂ ਦੇ ਆਧਾਰ ’ਤੇ ਹੀ ਮੁਹਾਲੀ ਨਗਰ ਨਿਗਮ ਅਜਿਹੇ ਵਿਕਾਸ ਕਾਰਜ ਕਰਵਾਉਣ ਦੇ ਸਮਰੱਥ ਹੁੰਦੀ ਹੈ। ਉਨ੍ਹਾਂ ਮੁਹਾਲੀ ਦੇ ਲੋਕਾਂ ਵੱਲੋਂ ਦਿੱਤੇ ਜਾ ਰਹੇ ਸਹਿਯੋਗ ਲਈ ਉਨ੍ਹਾਂ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਵੀ ਕੀਤਾ।