
ਮੇਅਰ ਜੀਤੀ ਸਿੱਧੂ ਵੱਲੋਂ ਸੈਕਟਰ-70 ਵਿੱਚ ਨਵੀਂ ਸੀਵਰੇਜ ਲਾਈਨ ਪਾਉਣ ਦੇ ਕੰਮ ਦਾ ਉਦਘਾਟਨ
45 ਲੱਖ ਦੀ ਲਾਗਤ ਨਾਲ ਪਾਈ ਜਾਵੇਗੀ ਸੀਵਰੇਜ ਲਾਈਨ, ਦੁਕਾਨਦਾਰਾਂ ਤੇ ਲੋਕਾਂ ਨੂੰ ਮਿਲੇਗੀ ਵੱਡੀ ਰਾਹਤ
ਨਬਜ਼-ਏ-ਪੰਜਾਬ, ਮੁਹਾਲੀ, 25 ਫਰਵਰੀ:
ਮੁਹਾਲੀ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਅੱਜ ਸੈਕਟਰ-70 ਤੋਂ ਮਟੌਰ ਲਾਈਟਾਂ ਤੱਕ 600 ਮੀਟਰ ਲੰਮੀ ਨਵੀਂ ਸੀਵਰੇਜ ਲਾਈਨ ਪਾਉਣ ਦੇ ਕੰਮ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਇਸ ਕੰਮ ’ਤੇ 45 ਲੱਖ ਰੁਪਏ ਖ਼ਰਚ ਕੀਤੇ ਜਾਣਗੇ। ਇਸ ਮੌਕੇ ਸੀਨੀਅਰ ਡਿਪਟੀ ਮੇਅਰ ਅਮਰੀਕ ਸੋਮਲ, ਕੌਂਸਲਰ ਕਮਲਪ੍ਰੀਤ ਬੰਨੀ ਵੀ ਹਾਜ਼ਰ ਸਨ। ਮੇਅਰ ਜੀਤੀ ਸਿੱਧੂ ਨੇ ਦੱਸਿਆ ਕਿ ਪੁਰਾਣੀ ਲਾਈਨ ਨੁਕਸਾਨੀ ਹੋਣ ਕਰਕੇ ਸੀਵਰੇਜ ਓਵਰਫ਼ਲੋ ਹੁੰਦਾ ਸੀ ਅਤੇ ਮਾਰਕੀਟ ਦੇ ਨਾਲ-ਨਾਲ ਰਿਹਾਇਸ਼ੀ ਖੇਤਰ ਪ੍ਰਭਾਵਿਤ ਹੋ ਰਿਹਾ ਸੀ। ਉਨ੍ਹਾਂ ਕਿਹਾ ਕਿ ਗੋਪਾਲ ਸਵੀਟਸ ਦੇ ਪਿਛਲੇ ਹਿੱਸੇ ਤੋਂ ਮਟੌਰ ਪਿੰਡ ਤੱਕ 600 ਮੀਟਰ ਲੰਬੀ ਹੋਰ ਪਾਈਪ ਲਾਈਨ ਵਿਛਾਈ ਜਾਵੇਗੀ।
ਮੇਅਰ ਜੀਤੀ ਸਿੱਧੂ ਨੇ ਕਿਹਾ ਕਿ ਸੈਕਟਰ-70 ਮਾਰਕੀਟ ਐਸੋਸੀਏਸ਼ਨ ਦੇ ਮੈਂਬਰ ਪਿਛਲੇ ਲੰਮੇ ਸਮੇਂ ਤੋਂ ਨਵੀਂ ਸੀਵਰੇਜ ਲਾਈਨ ਪਾਉਣ ਦੀ ਮੰਗ ਕਰ ਰਹੇ ਸਨ। ਇਲਾਕੇ ਵਿੱਚ ਕਈ ਰੈਸਟੋਰੈਂਟ ਹੋਣ ਕਾਰਨ ਪੁਰਾਣੀ ਸੀਵਰੇਜ ਲਾਈਨ ਖ਼ਰਾਬ ਹੋ ਗਈ ਸੀ, ਜਿਸ ਕਰਕੇ ਸੀਵਰੇਜ ਵਾਟਰ ਓਵਰਫ਼ਲੋ ਰਹਿੰਦਾ ਸੀ। ਉਨ੍ਹਾਂ ਕਿਹਾ ਕਿ ਨਵੀਂ ਸੀਵਰੇਜ ਲਾਈਨ ਪੈਣ ਨਾਲ ਮਾਰਕੀਟ ਦੇ ਦੁਕਾਨਦਾਰਾਂ ਅਤੇ ਰਿਹਾਇਸ਼ੀ ਖੇਤਰ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਨਗਰ ਨਿਗਮ ਵੱਲੋਂ ਵਪਾਰੀਆਂ ਅਤੇ ਰਹਾਇਸ਼ੀ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ ਵਿਕਾਸ-ਮੁਖੀ ਯੋਜਨਾਵਾਂ ਲਾਗੂ ਕੀਤੀਆਂ ਜਾ ਰਹੀਆਂ ਹਨ।