ਮੇਅਰ ਜੀਤੀ ਸਿੱਧੂ ਵੱਲੋਂ ਸਨਅਤੀ ਏਰੀਆ ਵਿੱਚ ਦੋ ਨਵੀਆਂ ਸਲਿਪ ਸੜਕਾਂ ਦਾ ਉਦਘਾਟਨ
ਨਬਜ਼-ਏ-ਪੰਜਾਬ, ਮੁਹਾਲੀ, 14 ਫਰਵਰੀ:
ਮੁਹਾਲੀ ਨਗਰ ਨਿਗਮ ਵੱਲੋਂ ਸਨਅਤੀ ਏਰੀਆ ਫੇਜ਼-7 ਅਤੇ ਫੇਜ਼-8 ਦੇ ਉਦਯੋਗਪਤੀਆਂ ਅਤੇ ਫੈਕਟਰੀ ਕਾਮਿਆਂ ਦੀ ਸਹੂਲਤ ਲਈ ਦੋ ਨਵੀਆਂ ਸਲਿੱਪ ਸੜਕਾਂ ਬਣਾਈਆਂ ਗਈਆਂ ਹਨ। ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਅੱਜ ਜੇਸੀਟੀ ਫੈਕਟਰੀ ਨੇੜੇ ਇਨ੍ਹਾਂ ਦੋਵੇਂ ਸਲਿੱਪ ਸੜਕਾਂ ਦਾ ਉਦਘਾਟਨ ਕੀਤਾ। ਉਨ੍ਹਾਂ ਦੱਸਿਆ ਕਿ ਇਸ ਪ੍ਰਾਜੈਕਟ ’ਤੇ 20 ਲੱਖ ਖ਼ਰਚ ਕੀਤੇ ਗਏ ਹਨ ਅਤੇ ਆਉਂਦੇ ਦਿਨਾਂ ਵਿੱਚ ਲੋੜ ਅਨੁਸਾਰ ਹੋਰ ਸਲਿੱਪ ਸੜਕਾਂ ਬਣਾਈਆਂ ਜਾਣਗੀਆਂ। ਇਸ ਨਾਲ ਸਨਅਤਕਾਰਾਂ ਅਤੇ ਫੈਕਟਰੀ ਕਾਮਿਆਂ ਸਮੇਤ ਹੋਰਨਾਂ ਰਾਹਗੀਰਾਂ ਨੂੰ ਆਉਣ ਜਾਣ ਵਿੱਚ ਟਰੈਫ਼ਿਕ ਜਾਮ ਤੋਂ ਵੱਡੀ ਰਾਹਤ ਮਿਲੇਗੀ।
ਜੀਤੀ ਸਿੱਧੂ ਨੇ ਦੱਸਿਆ ਕਿ ਸਥਾਨਕ ਲੋਕਾਂ ਵੱਲੋਂ ਮੰਗ ਕੀਤੀ ਜਾ ਰਹੀ ਸੀ ਕਿ ਫੇਜ਼-5 ਤੋਂ ਐਮਆਈਏ ਭਵਨ ਵੱਲ ਜਾਂਦੀ ਸੜਕ ਦੇ ਨਾਲ-ਨਾਲ ਸਲਿਪ ਰੋਡ ਬਣਾਈ ਜਾਵੇ। ਉਨ੍ਹਾਂ ਬਲੌਂਗੀ ਤੋਂ ਫੇਜ਼-11 ਤੱਕ ਸੜਕ ਉੱਤੇ ਸਵੇਰੇ ਅਤੇ ਸ਼ਾਮ ਕਾਫ਼ੀ ਆਵਾਜਾਈ ਰਹਿੰਦੀ ਹੈ ਅਤੇ ਜਿਸ ਕਾਰਨ ਉਦਯੋਗਪਤੀਆਂ ਅਤੇ ਕਰਮਚਾਰੀਆਂ ਨੂੰ ਸਮੇਂ ਸਿਰ ਕੰਮ ’ਤੇ ਜਾਣ ਵਿੱਚ ਦਿੱਕਤ ਆਉਂਦੀ ਸੀ। ਉਨ੍ਹਾਂ ਕਿਹਾ ਕਿ ਇੰਡਸਟਰੀ ਏਰੀਆ ਦੇ ਵਿਕਾਸ ਲਈ ਨਗਰ ਨਿਗਮ ਵੱਲੋਂ ਪੂਰੀ ਤਨਦੇਹੀ ਨਾਲ ਕੰਮ ਕੀਤਾ ਜਾ ਰਿਹਾ ਹੈ। ਨਵੀਆਂ ਸਲਿਪ ਸੜਕਾਂ ਦੀ ਬਣਤਰ ਨਾਲ ਟਰੈਫ਼ਿਕ ਸਮੱਸਿਆ ਹੱਲ ਹੋਵੇਗੀ।
ਮੇਅਰ ਜੀਤੀ ਸਿੱਧੂ ਨੇ ਦੱਸਿਆ ਕਿ ਨਵੀਆਂ ਬਣੀ ਸਲਿਪ ਸੜਕਾਂ ਦੇ ਹੇਠਾਂ ਤਿੰਨ ਨਿਕਾਸੀ ਨਾਲੇ ਵੀ ਬਣਾਏ ਗਏ ਹਨ। ਜਿਸ ਨਾਲ ਬਰਸਾਤ ਦੇ ਦਿਨਾਂ ਵਿੱਚ ਸੜਕ ’ਤੇ ਪਾਣੀ ਖੜ੍ਹਾ ਹੋਣ ਦੀ ਸਮੱਸਿਆ ਨਹੀਂ ਆਵੇਗੀ। ਉਨ੍ਹਾਂ ਐਲਾਨ ਕੀਤਾ ਕਿ ਨਗਰ ਨਿਗਮ ਵੱਲੋਂ ਹੋਰ ਵੀ ਪੈਂਡਿੰਗ ਕੰਮਾਂ ਨੂੰ ਪਹਿਲ ਦੇ ਆਧਾਰ ’ਤੇ ਮੁਕੰਮਲ ਕੀਤਾ ਜਾਵੇ ਅਤੇ ਸ਼ਹਿਰ ਦੀਆਂ ਸੜਕਾਂ ਅਤੇ ਹੋਰ ਵਿਕਾਸ ਪ੍ਰਾਜੈਕਟਾਂ ਨੂੰ ਪੂਰਾ ਕੀਤਾ ਜਾਵੇਗਾ। ਅਖੀਰ ਵਿੱਚ ਮੁਹਾਲੀ ਇੰਡਸਟਰੀ ਐਸੋਸੀਏਸ਼ਨ ਦੇ ਪ੍ਰਧਾਨ ਮੁਕੇਸ਼ ਕੁਮਾਰ ਨੇ ਮੇਅਰ ਜੀਤੀ ਸਿੱਧੂ ਦਾ ਧੰਨਵਾਦ ਕੀਤਾ। ਇਸ ਮੌਕੇ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਕੌਂਸਲਰ ਬਲਜੀਤ ਕੌਰ ਤੇ ਜਗਦੀਸ਼ ਸਿੰਘ ਜੱਗਾ ਸਮੇਤ ਹੋਰ ਪਤਵੰਤੇ ਹਾਜ਼ਰ ਸਨ।