
ਮੇਅਰ ਜੀਤੀ ਸਿੱਧੂ ਨੇ ਕੁੰਭੜਾ ਵਿੱਚ 24 ਲੱਖ ਦੀ ਲਾਗਤ ਨਾਲ ਹੋਣ ਵਾਲੇ ਵਿਕਾਸ ਕੰਮ ਸ਼ੁਰੂ ਕਰਵਾਏ
ਪਿੰਡ ਦੀਆਂ ਗਲੀਆਂ ਅਤੇ ਫੁੱਟਪਾਥਾਂ ’ਤੇ ਪੇਵਰ ਬਲਾਕ ਲਗਾਉਣ ਦਾ ਕੰਮ ਸ਼ੁਰੂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਨਵੰਬਰ:
ਮੁਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਵਿਕਾਸ ਕਾਰਜਾਂ ਦੀ ਲੜੀ ਨੂੰ ਲਗਾਤਾਰ ਜਾਰੀ ਰੱਖਦੇ ਹੋਏ ਪਿੰਡ ਕੁੰਭੜਾ ਵਿੱਚ ਚੌਵੀ ਲੱਖ ਰੁਪਏ ਦੇ ਵਿਕਾਸ ਕਾਰਜ ਆਰੰਭ ਕਰਵਾਏ ਹਨ। ਪਿੰਡ ਦੀਆਂ ਗਲੀਆਂ ਵਿੱਚ ਪੇਵਰ ਬਲਾਕ ਲਗਾਉਣ ਉੱਤੇ ਇਹ ਰਕਮ ਖਰਚ ਕੀਤੀ ਜਾਵੇਗੀ। ਇਸ ਮੌਕੇ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ ਤੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਵਿਸ਼ੇਸ਼ ਤੌਰ ਤੇ ਉਨ੍ਹਾਂ ਦੇ ਨਾਲ ਸਨ।
ਇਸ ਮੌਕੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਿਹਾ ਕਿ ਮੁਹਾਲੀ ਨਗਰ ਨਿਗਮ ਵੱਲੋਂ ਵਿਤਕਰਾ ਰਹਿਤ ਵਿਕਾਸ ਕਾਰਜ ਲਗਾਤਾਰ ਜਾਰੀ ਹਨ ਅਤੇ ਕੁੰਭੜਾ ਦੇ ਇਹ ਵਿਕਾਸ ਕਾਰਜ ਇਸ ਗੱਲ ਦੀ ਮਿਸਾਲ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਜਦੋਂ ਮੇਅਰ ਦਾ ਅਹੁਦਾ ਸੰਭਾਲਿਆ ਸੀ ਉਦੋਂ ਤੋਂ ਹੀ ਮੁਹਾਲੀ ਵਿੱਚ ਲਗਾਤਾਰ ਇਕ ਤੋਂ ਬਾਅਦ ਇੱਕ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਅਤੇ ਮੁਹਾਲੀ ਦੇ ਹਰੇਕ ਕੋਨੇ ਵਿਚ ਇਹ ਵਿਕਾਸ ਕਾਰਜ ਹੁੰਦੇ ਵੇਖੇ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਦੇ ਕੌਂਸਲਰ ਜੋ ਆਪਣੇ ਵਾਰਡਾਂ ਵਿੱਚ ਵਿਤਕਰੇ ਦੇ ਦੋਸ਼ ਲਗਾਉਂਦੇ ਹਨ ਖ਼ੁਦ ਇਹ ਮੰਨਦੇ ਹਨ ਕਿ ਉਨ੍ਹਾਂ ਦੇ ਵਾਰਡਾਂ ਵਿਚ ਵਿਕਾਸ ਕਾਰਜ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਕਿਸੇ ਵੀ ਤਰ੍ਹਾਂ ਦੀ ਸੌੜੀ ਰਾਜਨੀਤੀ ਦਾ ਹਿੱਸਾ ਨਹੀਂ ਬਣਨਾ ਚਾਹੁੰਦੇ ਕਿਉਂਕਿ ਸਾਬਕਾ ਸਿਹਤ ਮੰਤਰੀ ਤੇ ਵਿਧਾਇਕ ਬਲਬੀਰ ਸਿੰਘ ਸਿੱਧੂ ਜਿਨ੍ਹਾਂ ਦੀ ਰਹਿਨੁਮਾਈ ਹੇਠ ਇਹ ਵਿਕਾਸ ਕਾਰਜ ਚੱਲ ਰਹੇ ਹਨ ਦੀਆਂ ਹਦਾਇਤਾਂ ਹਨ ਕਿ ਮੁਹਾਲੀ ਵਿੱਚ ਹਰ ਪਾਸੇ ਨਗਰ ਨਿਗਮ ਦੇ ਅਧੀਨ ਆਉਣ ਵਾਲੇ ਕੰਮ ਪੂਰੀ ਤੇਜ਼ੀ ਨਾਲ ਕਰਵਾਏ ਜਾਣ ਅਤੇ ਇਸ ਲਈ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ।
ਮੇਅਰ ਜੀਤੀ ਸਿੱਧੂ ਨੇ ਕਿਹਾ ਕਿ ਪੂਰੇ ਮੁਹਾਲੀ ਦੇ ਲੋਕਾਂ ਨੇ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਭਾਰੀ ਬਹੁਮਤ ਨਾਲ ਜਿਤਾ ਕੇ ਨਗਰ ਨਿਗਮ ਵਿੱਚ ਭੇਜਿਆ ਹੈ ਅਤੇ ਤਾਂ ਹੀ ਉਹ ਅੱਜ ਮੁਹਾਲੀ ਦੇ ਲੋਕਾਂ ਵੱਲੋਂ ਚੁਣੇ ਜਾਣ ਤੋਂ ਬਾਅਦ ਮੇਅਰ ਦੇ ਅਹੁਦੇ ਤੇ ਬੈਠੇ ਹਨ। ਉਨ੍ਹਾਂ ਕਿਹਾ ਕਿ ਜੋ ਜ਼ਿੰਮੇਵਾਰੀ ਮੁਹਾਲੀ ਦੇ ਲੋਕਾਂ ਨੇ ਉਨ੍ਹਾਂ ਨੂੰ ਦਿੱਤੀ ਹੈ ਉਸ ਨੂੰ ਨਿਭਾਉਣ ਲਈ ਉਹ ਹਰ ਉਪਰਾਲਾ ਕਰ ਰਹੇ ਹਨ ਅਤੇ ਕਰਦੇ ਰਹਿਣਗੇ। ਉਨ੍ਹਾਂ ਕਿਹਾ ਕਿ ਪਿੰਡ ਕੁੰਭੜਾ ਵਿੱਚ ਸਾਰੇ ਰਹਿੰਦੇ ਕੰਮ ਵੀ ਪਹਿਲ ਦੇ ਆਧਾਰ ਤੇ ਕਰਵਾਏ ਜਾਣਗੇ ਅਤੇ ਪਿੰਡ ਵਾਸੀਆਂ ਨੂੰ ਸ਼ਹਿਰ ਵਰਗੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ। ਇਸ ਮੌਕੇ ਕੁਲਵਿੰਦਰ ਸਿੰਘ, ਸੁਰਜੀਤ ਸਿੰਘ, ਅਵਤਾਰ ਸਿੰਘ, ਜਗਦੀਸ਼ ਸਿੰਘ, ਗੁਰਮੀਤ ਸਿੰਘ ਬੈਦਵਾਨ, ਸੀਤਾ ਰਾਮ, ਨਰੇਸ਼ ਧੀਮਾਨ, ਕਮਲ ਜ਼ੈਲਦਾਰ, ਬੰਟੀ, ਅਮਨ ਬੈਦਵਾਨ, ਜਸਬੀਰ ਸਿੰਘ ਸੀਰਾ, ਰਜੇਸ਼ ਲਖੋਤਰਾ, ਰਣਧੀਰ ਸਿੰਘ ਹੈਪੀ ਅਤੇ ਪਿੰਡ ਕੁੰਭੜਾ ਦੇ ਪਤਵੰਤੇ ਹਾਜ਼ਰ ਸਨ।