ਮੇਅਰ ਜੀਤੀ ਸਿੱਧੂ ਵੱਲੋਂ 1 ਮਹੀਨੇ ਦੀ ਕਾਰਗੁਜ਼ਾਰੀ ਬਾਰੇ ਰਿਪੋਰਟ ਕਾਰਡ ਪੇਸ਼

ਬਰਸਾਤਾਂ ਤੋਂ ਪਹਿਲਾਂ ਮੁਹਾਲੀ ਦੀਆਂ ਸਾਰੀਆਂ ਸੜਕਾਂ ਨੂੰ ਕੀਤਾ ਜਾਵੇਗਾ ਦਰੁਸਤ: ਮੇਅਰ ਜੀਤੀ ਸਿੱਧੂ

1.80 ਕਰੋੜ ਦੀ ਲਾਗਤ ਨਾਲ ਸੈਕਟਰ-71 ਤੇ ਇੰਡਸਟਰੀ ਏਰੀਆ ਦੀਆਂ ਸੜਕਾਂ ’ਤੇ ਪਾਈ ਜਾਵੇਗੀ ਪ੍ਰੀਮਿਕਸ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਮਈ:
ਮੁਹਾਲੀ ਨਗਰ ਨਿਗਮ ਦੇ ਨਵੇਂ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਸੋਮਵਾਰ ਨੂੰ ਆਪਣੇ ਕਾਰਜਕਾਲ ਦਾ ਇਕ ਮਹੀਨਾ ਪੂਰਾ ਹੋਣ ’ਤੇ ਵਿਕਾਸ ਕੰਮਾਂ ਸਬੰਧੀ ਰਿਪੋਰਟ ਕਾਰਡ ਪੇਸ਼ ਕਰਦਿਆਂ ਵਿਕਾਸ ਕਾਰਜਾਂ ’ਤੇ ਕਰੋੜਾ ਰੁਪਏ ਖ਼ਰਚਣ ਦਾ ਦਾਅਵਾ ਕੀਤਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਬਿਨਾਂ ਕਿਸੇ ਪੱਖਪਾਤ ਤੋਂ ਵਿਕਾਸ ਨੂੰ ਤਰਜ਼ੀਹ ਦੇਣ ਦੀ ਗੱਲ ਆਖੀ ਹੈ। ਇਸ ਮੌਕੇ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ ਅਤੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਵੀ ਹਾਜ਼ਰ ਸਨ।
ਜੀਤੀ ਸਿੱਧੂ ਨੇ ਕਿਹਾ ਕਿ ਸ਼ਹਿਰ ਵਿੱਚ 22 ਕਰੋੜੀ ਸੀਵਰੇਜ ਪ੍ਰਾਜੈਕਟ ਦਾ ਕੰਮ ਚਾਲੂ ਕਰਨ ਕਰਕੇ ਬਾਵਾ ਵਾਈਟ ਹਾਊਸ ਤੋਂ ਲੈ ਕੇ ਸੈਕਟਰ-57 ਤੱਕ ਸੜਕ ਪੁੱਟੇ ਜਾਣ ਕਾਰਨ ਲੋਕਾਂ ਨੂੰ ਆਵਾਜਾਈ ਸਬੰਧੀ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਸੜਕ ਨੂੰ ਪੜਾਅਵਾਰ ਨਵੇਂ ਸਿਰਿਓਂ ਬਣਾਉਣ ਲਈ ਭਲਕੇ 18 ਮਈ ਨੂੰ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਸੜਕ ਦਾ ਨਿਰਮਾਣ ਸ਼ੁਰੂ ਕਰਵਾਉਣਗੇ। ਇਸ ਕੰਮ ਲਈ 20 ਕਰੋੜ ਰੁਪਏ ਦੇ ਟੈਂਡਰ ਜਾਰੀ ਕੀਤੇ ਗਏ ਹਨ। ਠੇਕੇਦਾਰ ਨੂੰ 2 ਮਹੀਨੇ ਦੇ ਅੰਦਰ-ਅੰਦਰ ਕੰਮ ਮੁਕੰਮਲ ਕਰਨ ਲਈ ਹਦਾਇਤਾਂ ਦਿੱਤੀਆਂ ਗਈਆਂ ਹਨ। ਅਗਲੇ ਪੰਜ ਸਾਲਾਂ ਤੱਕ ਜੇਕਰ ਸੜਕ ਟੁੱਟਦੀ ਹੈ ਤਾਂ ਸਬੰਧਤ ਠੇਕੇਦਾਰ ਆਪਣੇ ਖ਼ਰਚੇ ’ਤੇ ਠੀਕ ਕਰਵਾਏਗਾ।
ਮੇਅਰ ਨੇ ਦੱਸਿਆ ਕਿ ਕਰੋਨਾ ਕਾਰਨ ਸ਼ਮਸ਼ਾਨਘਾਟ ਵਿੱਚ ਲਾਸ਼ਾਂ ਦੇ ਅੰਤਿਮ ਸਸਕਾਰ ਕਰਨ ਲਈ ਥਾਂ ਘੱਟ ਗਈ ਹੈ। ਉਨ੍ਹਾਂ ਦੱਸਿਆ ਕਿ ਸ਼ਮਸ਼ਾਨਘਾਟ ਵਿੱਚ ਪਹਿਲਾਂ ਹੀ 20 ਸ਼ੈੱਡ ਬਣੇ ਹੋਏ ਹਨ ਪ੍ਰੰਤੂ ਹੁਣ 12 ਹੋਰ ਸ਼ੈੱਡ ਬਣਾਏ ਜਾਣਗੇ। ਇਸ ਤੋਂ ਇਲਾਵਾ ਇਕ ਨਵੀਂ ਫਿਊਰਨਲ ਵੈਨ ਦੀ ਵਿਵਸਥਾ ਕੀਤੀ ਜਾ ਰਹੀ ਹੈ। ਸ਼ਹਿਰ ਵਾਸੀਆਂ ਨੂੰ ਬਰਸਾਤੀ ਪਾਣੀ ਦੀ ਮਾਰ ਤੋਂ ਬਚਾਉਣ ਲਈ 80 ਲੱਖ ਦੀ ਲਾਗਤ ਨਾਲ ਸਾਰੀਆਂ ਰੋਡ ਗਲੀਆਂ, ਗੰਦੇ ਨਾਲਿਆਂ ਦੀ ਸਫ਼ਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਸ਼ਹਿਰ ਦੀਆਂ ਮਾਰਕੀਟਾਂ ਅਤੇ ਪਾਰਕਾਂ ਦੇ ਨਵੀਨੀਕਰਨ ’ਤੇ 20 ਕਰੋੜ ਰੁਪਏ ਦੇ ਕੰਮ ਪਾਸ ਕੀਤੇ ਗਏ ਹਨ। ਇੰਜ ਹੀ ਲੋਕਾਂ ਦੇ ਘਰਾਂ ਅੱਗੇ ਖੜੇ ਪੁਰਾਣੇ ਲੰਮੇ ਉੱਚੇ ਦਰਖ਼ਤਾਂ ਦੀ ਛੰਗਾਈ ਲਈ ਪਹਿਲਾਂ ਹੀ ਦੋ ਟਰੀ ਪਰੂਨਿੰਗ ਮਸ਼ੀਨਾਂ ਸਨ ਪ੍ਰੰਤੂ ਹੁਣ ਇਕ ਹੋਰ ਨਵੀਂ ਹਾਈ ਡ੍ਰੋਲਿਕ ਮਸ਼ੀਨ ਖ਼ਰੀਦੀ ਗਈ ਹੈ, ਜੋ 60 ਫੁੱਟ ਤੱਕ ਉੱਚੇ ਦਰਖ਼ਤਾਂ ਦੀ ਛੰਗਾਈ ਕਰੇਗੀ।
ਇਸ ਤੋਂ ਪਹਿਲਾਂ ਮੇਅਰ ਜੀਤੀ ਸਿੱਧੂ ਨੇ ਸੈਕਟਰ-71 ਅਤੇ ਇੰਡਸਟਰੀ ਏਰੀਆ ਵਿੱਚ ਸੜਕਾਂ ’ਤੇ ਪ੍ਰੀਮਿਕਸ ਪਾਉਣ ਦਾ ਕੰਮ ਸ਼ੁਰੂ ਕਰਵਾਇਆ। ਉਨ੍ਹਾਂ ਦੱਸਿਆ ਕਿ ਇਸ ਕੰਮ ’ਤੇ 1.80 ਕਰੋੜ ਰੁਪਏ ਖ਼ਰਚੇ ਜਾਣਗੇ। ਇਸ ਫੰਡ ’ਚੋਂ 42 ਲੱਖ ਸੈਕਟਰ-71 ਦੀ ਮਾਰਕੀਟ ਦੀ ਪਾਰਕਿੰਗ ਵਿੱਚ ਪ੍ਰੀਮਿਕਸ ਪਾਉਣ ਅਤੇ 1.38 ਕਰੋੜ ਰੁਪਏ ਇੰਡਸਟਰੀਏਰੀਆ ਦੀਆਂ ਸੜਕਾਂ ’ਤੇ ਖ਼ਰਚ ਹੋਣਗੇ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…