
ਮੇਅਰ ਜੀਤੀ ਸਿੱਧੂ ਨੇ ਫਾਇਰ ਬ੍ਰਿਗੇਡ ਦਫ਼ਤਰ ਵਿੱਚ ਅੱਗ ਬੁਝਾਊ ਯੰਤਰਾਂ ਦਾ ਲਿਆ ਜਾਇਜ਼ਾ
ਫਾਇਰ ਬ੍ਰਿਗੇਡ ਦਫ਼ਤਰ ਵਿੱਚ ਸਟਾਫ਼ ਦੀ ਘਾਟ ਨੂੰ ਜਲਦ ਪੂਰਾ ਕੀਤਾ ਜਾਵੇਗਾ: ਜੀਤੀ ਸਿੱਧੂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਅਪਰੈਲ:
ਫਾਇਰ ਸੇਫ਼ਟੀ ਸਪਤਾਹ ਦੇ ਅੱਜ ਅਖੀਰਲੇ ਦਿਨ ਨਗਰ ਨਿਗਮ ਮੁਹਾਲੀ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਵੱਲੋਂ ਫੇਜ਼-1 ਸਥਿਤ ਫਾਇਰ ਬ੍ਰਿਗੇਡ ਦਫ਼ਤਰ ਪਹੁੰਚ ਕੇ ਅੱਗ ਬੁਝਾਊ ਯੰਤਰਾਂ ਅਤੇ ਸੇਫ਼ਟੀ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਨਿਗਮ ਕਮਿਸ਼ਨਰ ਕਮਲ ਗਰਗ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਵੀ ਉਨ੍ਹਾਂ ਦੇ ਨਾਲ ਸਨ। ਫਾਇਰ ਬ੍ਰਿਗੇਡ ਦੇ ਸਟਾਫ਼ ਵੱਲੋਂ ਮੌਕ ਡਰਿੱਲ ਵੀ ਕੀਤੀ ਗਈ ਜਿਸ ਵਿੱਚ ਸਟਾਫ਼ ਵੱਲੋਂ ਯੰਤਰਾਂ ਦਾ ਇਸਤੇਮਾਲ ਕਰਕੇ ਅੱਗ ਬੁਝਾਉਣ ਵਾਲੇ ਸਾਜੋ ਸਮਾਨ ਦਾ ਪ੍ਰਦਰਸ਼ਨ ਵੀ ਕੀਤਾ। ਫਾਇਰ ਅਫ਼ਸਰ ਨੇ ਬ੍ਰਿਗੇਡ ਦਫ਼ਤਰ ਵਿੱਚ ਮੌਜੂਦ ਹਰ ਪ੍ਰਕਾਰ ਦੀ ਮਸ਼ੀਨਰੀ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਬਾਰੇ ਜਾਣਕਾਰੀ ਦਿੱਤੀ।
ਸਹਾਇਕ ਮੰਡਲ ਫਾਇਰ ਅਫ਼ਸਰ ਮੋਹਨ ਲਾਲ ਵਰਮਾ ਨੇ ਮੇਅਰ ਜੀਤੀ ਸਿੱਧੂ ਨੂੰ ਦੱਸਿਆ ਕਿ ਪੂਰੇ ਪੰਜਾਬ ਵਿੱਚ ਮੁਹਾਲੀ ਦਾ ਇਕਲੌਤਾ ਫਾਇਰ ਬ੍ਰਿਗੇਡ ਹੈ ਜਿੱਥੇ ਕਿ ਵਰਾਂਟੋ ਸਕਾਈ ਲਿਫ਼ਟ ਮੌਜੂਦ ਹੈ। ਇਸ ਮਸ਼ੀਨ ਨਾਲ 54 ਮੀਟਰ ਦੀ ਉੱਚਾਈ ਤੱਕ ਇਮਾਰਤ ਦੀ ਅੱਗ ਬੁਝਾਈ ਜਾ ਸਕਦੀ ਹੈ ਅਤੇ ਇਮਾਰਤ ਵਿੱਚੋਂ ਲੋਕਾਂ ਨੂੰ ਬਾਹਰ ਵੀ ਕੱਢਿਆ ਜਾ ਸਕਦਾ ਹੈ। ਇੱਕ ਰੈਸਕਿਯੂ ਫਾਇਰ ਟੈਂਡਰ ਹੈ ਜੋ ਸਿਰਫ਼ ਬਚਾਅ ਕਾਰਜਾਂ ਲਈ ਵਰਤਿਆ ਜਾ ਸਕਦਾ ਹੈ। ਇੱਕ ਨੋਮੈਟਿਕ ਜੈੱਕ ਵੀ ਫਾਇਰ ਬ੍ਰਿਗੇਡ ਮੋਹਾਲੀ ਕੋਲ ਮੌਜੂਦ ਹੈ ਜਿਸ ਨੂੰ ਕਿਸੇ ਇਮਾਰਤ ਦਾ ਡਿੱਗਿਆ ਹੋਇਆ ਲੈਂਟਰ ਆਦਿ ਚੁੱਕਣ ਲਈ ਵਰਤਿਆ ਜਾਂਦਾ ਹੈ ਜੋ ਕਿ 10 ਟਨ ਤੱਕ ਵਜ਼ਨ ਚੁੱਕ ਸਕਦਾ ਹੈ। ਢਹਿ ਢੇਰੀ ਹੋਈ ਇਮਾਰਤ ਦੇ ਹੇਠ ਦਬ ਚੁੱਕੇ ਲੋਕਾਂ ਨੂੰੂ ਕੱਢਣ ਲਈ ਵੀ ਉਚਿੱਤ ਅੌਜ਼ਾਰ ਹਨ ਜਿਨ੍ਹਾਂ ਵਿੱਚ ਲੋਹੇ ਦੀਆਂ ਗਰਿੱਲਾਂ ਆਦਿ ਕੱਟਣ ਲਈ ਕਟਿੰਗ ਟੂਲ ਅਤੇ ਬੀਮ ਆਦਿ ਤੋੜਨ ਲਈ ਵੀ ਅੌਜ਼ਾਰ ਮੌਜੂਦ ਹਨ। ਤੰਗ ਥਾਵਾਂ ’ਤੇ ਪਹੁੰਚ ਕਰਨ ਲਈ ਮਿਸਡ ਫਾਇਰ ਮੋਟਰ ਸਾਈਕਲ ਵਰਤੇ ਜਾਂਦੇ ਹਨ। ਸਭ ਤੋਂ ਮਹੱਤਵਪੂਰਨ ਮਸ਼ੀਨਰੀ ਇਹ ਕਿ ਕਿਸੇ ਚੱਲਦੇ ਜਾ ਰਹੇ ਵਹੀਕਲ ਨੂੰ ਲੱਗੀ ਅੱਗ ਬੁਝਾਉਣ ਲਈ ਮੁਹਾਲੀ ਫਾਇਰ ਬ੍ਰਿਗੇਡ ਕੋਲ ਅਲਟਰਾ ਹਾਈ ਪ੍ਰੈਸ਼ਰ ਜੀਪ ਹੈ ਜੋ ਕਿ ਫੋਮ ਅਤੇ ਪਾਣੀ ਨਾਲ ਲੈਸ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਬ੍ਰਿਗੇਡ ਦਾ ਦਫ਼ਤਰ ਸਾਜੋ ਸਮਾਨ ਨਾਲ ਪੂਰੀ ਤਰ੍ਹਾਂ ਲੈਸ ਹੈ ਪ੍ਰੰਤੂ ਇੱਥੇ ਸਟਾਫ਼ ਦੀ ਕਮੀ ਹੈ ਜਿਸ ਨੂੰ ਪੂਰਾ ਕੀਤਾ ਜਾਣਾ ਚਾਹੀਦਾ ਹੈ।
ਮੇਅਰ ਜੀਤੀ ਸਿੱਧੂ ਨੇ ਬ੍ਰਿਗੇਡ ਦੇ ਸਟਾਫ਼ ਦੇ ਕੰਮ ਅਤੇ ਸਾਜੋ ਸਮਾਨ ਬਾਰੇ ਪੂਰੀ ਜਾਣਕਾਰੀ ਹਾਸਿਲ ਕਰਨ ਉਪਰੰਤ ਤਸੱਲੀ ਪ੍ਰਗਟਾਉਂਦਿਆਂ ਕਿਹਾ ਕਿ ਇਸ ਦਫ਼ਤਰ ਵਿੱਚ ਅੱਗ ਬੁਝਾਉਣ ਦੇ ਹਰ ਪ੍ਰਕਾਰ ਦੇ ਯੰਤਰ ਮੌਜੂਦ ਹਨ। ਉਨ੍ਹਾਂ ਕਿਹਾ ਕਿ ਫਾਇਰ ਬ੍ਰਿਗੇਡ ਦਫ਼ਤਰ ਵਿੱਚ ਸਟਾਫ਼ ਦੀ ਕਮੀ ਨੂੰ ਪੂਰਾ ਕਰਨ ਲਈ ਜਲਦ ਤੋਂ ਜਲਦ ਕਦਮ ਚੁੱਕੇ ਜਾਣਗੇ। ਇਸ ਮੌਕੇ ਕੌਂਸਲਰ ਕੰਵਲਜੀਤ ਸਿੰਘ ਬੰਨੀ, ਰਾਜਾ ਕੰਵਰਜੋਤ ਸਿੰਘ ਮੋਹਾਲੀ, ਵਿਕਟਰ ਸੱਭਰਵਾਲ ਆਦਿ ਵੀ ਮੌਜੂਦ ਸਨ।