ਮੇਅਰ ਜੀਤੀ ਸਿੱਧੂ ਨੇ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ’ਤੇ ਸ਼ੁਰੂ ਕਰਵਾਏ ਵਿਕਾਸ ਕਾਰਜ

ਸਪੈਸ਼ਲ ਪਾਰਕ ਫੇਜ਼-1 ਨੂੰ ਸੈਰਗਾਹ ਬਣਾਉਣ ਤੇ ਖੋਖਾ ਮਾਰਕੀਟ ਫੇਜ਼-7 ਵਿੱਚ ਢਾਬਿਆਂ ਦੁਆਲੇ ਬਣੇਗੀ ਕੰਧ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਦਸੰਬਰ:
ਮੁਹਾਲੀ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਵੱਲੋਂ ਅੱਜ ਇੱਥੋਂ ਦੇ ਫੇਜ਼-7 ਅਤੇ ਫੇਜ਼-1 ਵਿੱਚ 40 ਲੱਖ ਰੁਪਏ ਦੀ ਲਾਗਤ ਨਾਲ ਹੋਣ ਵਾਲੇ ਵਿਕਾਸ ਸ਼ੁਰੂ ਕਰਵਾਏ ਗਏ। ਉਨ੍ਹਾਂ ਕਿਹਾ ਕਿ ਫੇਜ਼-1 ਵਿੱਚ ਸਪੈਸ਼ਲ ਪਾਰਕ ਨੂੰ ਸੈਰਗਾਹ ਵਜੋਂ ਵਿਕਸਤ ਕੀਤਾ ਜਾਵੇਗਾ ਅਤੇ ਅਤੇ ਖੋਖਾ ਮਾਰਕੀਟ ਫੇਜ਼-7 ਵਿੱਚ ਢਾਬਿਆਂ ਦੇ ਆਲੇ ਦੁਆਲੇ ਕੰਧ ਬਣਾਈ ਜਾਵੇਗੀ। ਇਸ ਮੌਕੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਵੀ ਹਾਜ਼ਰ ਸਨ।
ਮੇਅਰ ਜੀਤੀ ਸਿੱਧੂ ਨੇ ਦੱਸਿਆ ਕਿ ਖੋਖਾ ਮਾਰਕੀਟ ਫੇਜ਼-7 ਦੇ ਪਿਛਲੇ ਪਾਸੇ ਢਾਬੇ ਬਣੇ ਹੋਏ ਹਨ। ਇਨ੍ਹਾਂ ਦੇ ਸਾਹਮਣੇ ਰਿਹਾਇਸ਼ੀ ਖੇਤਰ ਦੇ ਅਕਸਰ ਇਹ ਸ਼ਿਕਾਇਤ ਕਰਦੇ ਸਨ ਕਿ ਢਾਬਿਆਂ ’ਤੇ ਆਉਣ ਵਾਲੇ ਲੋਕ ਨਾਲ ਲਗਦੀ ਪਾਰਕਿੰਗ ਅਤੇ ਸੜਕ ਉੱਤੇ ਨੂੰ ਗੱਡੀਆਂ ਖੜ੍ਹੀਆਂ ਕਰ ਦਿੰਦੇ ਹਨ। ਜਿਸ ਨਾਲ ਇੱਥੇ ਟਰੈਫ਼ਿਕ ਵਿਵਸਥਾ ਬੁਰੀ ਤਰ੍ਹਾਂ ਪ੍ਰਭਾਵਿਤ ਰਹਿੰਦੀ ਹੈ ਅਤੇ ਦੇਰ ਰਾਤ ਤੱਕ ਸ਼ਰਾਰਤੀ ਕਿਸਮ ਦੇ ਲੋਕ ਗੱਡੀਆਂ ਵਿੱਚ ਸ਼ਰਾਬ ਦਾ ਸੇਵਨ ਕਰਕੇ ਖਾਰੂ ਪਾਉਂਦੇ ਰਹਿੰਦੇ ਹਨ। ਜਿਸ ਨਾਲ ਮਾਹੌਲ ਖਰਾਬ ਹੁੰਦਾ ਹੈ।
ਜੀਤੀ ਸਿੱਧੂ ਨੇ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਦਰਪੇਸ਼ ਸਮੱਸਿਆ ਦੇ ਹੱਲ ਲਈ ਢਾਬਿਆਂ ਦੇ ਦੁਆਲੇ ਨਗਰ ਨਿਗਮ ਵੱਲੋਂ ਕੰਧ ਦੀ ਉਸਾਰੀ ਕਰਵਾਈ ਜਾਵੇਗੀ ਤਾਂ ਜੋ ਇਸ ਸਮੱਸਿਆ ਦਾ ਪੱਕਾ ਹੱਲ ਹੋ ਸਕੇ। ਉਨ੍ਹਾਂ ਦੱਸਿਆ ਕਿ ਇੰਜ ਹੀ ਫੇਜ਼-1 ਵਿੱਚ ਸਪੈਸ਼ਲ ਪਾਰਕ ਦਾ ਸੁੰਦਰੀਕਰਨ ਕੀਤਾ ਜਾਵੇਗਾ। ਇੱਥੇ ਫੁੱਟਪਾਥ ਬਣਾਉਣ ਸਮੇਤ ਗਰਿੱਲਾਂ ਦਾ ਕੰਮ ਕੀਤਾ ਜਾਵੇਗਾ। ਬੱਚਿਆਂ ਦੀ ਸਹੂਲਤ ਲਈ ਵਧੀਆ ਝੂਲੇ ਅਤੇ ਲੋਕਾਂ ਦੇ ਬੈਠਣ ਲਈ ਨਵੇਂ ਬੈਂਚ ਲਗਾਏ ਜਾਣਗੇ।

Load More Related Articles

Check Also

ਪੰਜਾਬ ਵਿਜੀਲੈਂਸ ਬਿਊਰੋ ਵੱਲੋਂ 25 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਐਸਐਚਓ ਗ੍ਰਿਫ਼ਤਾਰ

ਪੰਜਾਬ ਵਿਜੀਲੈਂਸ ਬਿਊਰੋ ਵੱਲੋਂ 25 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਐਸਐਚਓ ਗ੍ਰਿਫ਼ਤਾਰ ਸ਼ਿਕਾਇਤਕਰਤਾ ਅਨੁਸਾਰ ਐਸਐਚਓ…