![](https://www.nabaz-e-punjab.com/wp-content/uploads/2021/06/Jeeti-Sidhu-3-2.jpg)
ਮੇਅਰ ਜੀਤੀ ਸਿੱਧੂ ਨੇ ਫੇਜ਼-5 ਵਿੱਚ ਸ਼ੁਰੂ ਕਰਵਾਇਆ ਖੁੱਲ੍ਹੇ ਨਾਲੇ ਦੀ ਸਫ਼ਾਈ ਦਾ ਕੰਮ
ਬਰਸਾਤਾਂ ਤੋਂ ਪਹਿਲਾਂ ਰੋਡ ਗਲੀਆਂ ਤੇ ਡਰੇਨਜ ਪਾਈਪਾਂ ਦੀ ਸਫ਼ਾਈ ਦਾ ਕੰਮ ਕੀਤਾ ਜਾਵੇਗਾ: ਜੀਤੀ ਸਿੱਧੂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਜੂਨ:
ਬਰਸਾਤਾਂ ਦੇ ਮੌਸਮ ਵਿੱਚ ਬਰਸਾਤੀ ਪਾਣੀ ਦੀ ਮਾਰ ਤੋਂ ਲੋਕਾਂ ਨੂੰ ਬਚਾਉਣ ਲਈ ਅਤੇ ਡਰੇਨੇਜ ਦਾ ਪ੍ਰਬੰਧ ਕਰਨ ਲਈ ਨਗਰ ਨਿਗਮ ਮੁਹਾਲੀ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਇਸ ਸਬੰਧੀ ਪੂਰੇ ਮੁਹਾਲੀ ਵਿੱਚ ਰੋੜ੍ਹ ਗਲੀਆਂ ਦੀ ਸਫਾਈ ਕਰਵਾਈ ਜਾ ਰਹੀ ਹੈ ਅਤੇ ਡਰੇਨੇਜ ਸਿਸਟਮ ਨੂੰ ਚੁਸਤ ਦਰੁਸਤ ਕੀਤਾ ਜਾ ਰਿਹਾ ਹੈ। ਇਹ ਗੱਲ ਮੁਹਾਲੀ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਫੇਜ਼-5 ਵਿੱਚ ਖੁੱਲ੍ਹੇ ਨਾਲੇ ਦੀ ਸਫਾਈ ਦਾ ਕੰਮ ਸ਼ੁਰੂ ਕਰਵਾਉਣ ਸਮੇਂ ਕਹੀ।
ਸ੍ਰੀ ਜੀਤੀ ਸਿੱਧੂ ਨੇ ਕਿਹਾ ਕਿ ਜਿੱਥੇ ਕਿਤੇ ਵੀ ਰੋਡ ਗਲੀਆਂ ਯਾਦ ਡਰੇਨੇਜ ਨਾਲਿਆਂ ਦੀ ਸਫਾਈ ਦੀ ਲੋੜ ਹੈ ਉੱਥੇ ਸਫ਼ਾਈ ਕਰਵਾ ਜਾ ਰਹੀ ਹੈ ਅਤੇ ਜਿਥੇ ਰਿਪੇਅਰ ਦੀ ਲੋੜ ਹੈ ਉੱਥੇ ਰਿਪੇਅਰ ਵੀ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਬਰਸਾਤਾਂ ਤੋਂ ਪਹਿਲਾਂ ਇਹ ਸਾਰਾ ਕੰਮ ਮੁਕੰਮਲ ਕਰਵਾ ਦਿੱਤਾ ਜਾਵੇਗਾ। ਇਸ ਮੌਕੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਵਿਸ਼ੇਸ਼ ਤੌਰ ਤੇ ਉਨ੍ਹਾਂ ਦੇ ਨਾਲ ਸਨ।
ਚੇਤੇ ਰਹੇ ਕਿ ਇਹ ਖੁੱਲ੍ਹਾ ਨਾਲਾ ਫੇਜ਼-5, ਸ਼ਾਹੀ ਮਾਜਰਾ ਅਤੇ ਸਨਅਤੀ ਖੇਤਰ ਦੇ ਵਿਚਕਾਰੋਂ ਲੰਘਦਾ ਹੈ। ਫੇਜ਼-5 ਅਤੇ ਫੇਜ਼-3ਬੀ2 ਬਰਸਾਤੀ ਪਾਣੀ ਦੇ ਕਾਰਨ ਮਾਰ ਹੇਠ ਆਉਣ ਵਾਲੇ ਦੋ ਅਹਿਮ ਇਲਾਕੇ ਹਨ ਜਿਨ੍ਹਾਂ ਵਿਚ ਸਮਾਂ ਰਹਿੰਦੇ ਬਰਸਾਤੀ ਪਾਣੀ ਦਾ ਨਿਕਾਸ ਕਰਵਾਉਣ ਨਾਲ ਇੱਥੇ ਦੇ ਲੋਕਾਂ ਨੂੰ ਰਾਹਤ ਮਿਲਦੀ ਹੈ। ਇਸੇ ਤਰ੍ਹਾਂ ਸ਼ਾਹੀ ਮਾਜਰਾ ਦੇ ਲੋਕਾਂ ਨੂੰ ਇਸ ਖੁੱਲ੍ਹੇ ਨਾਲ ਵੀ ਸਫ਼ਾਈ ਨਾਲ ਕਾਫੀ ਰਾਹਤ ਮਿਲੇਗੀ।
ਇਸ ਮੌਕੇ ਮੇਅਰ ਨੇ ਕਿਹਾ ਕਿ ਇਸ ਤੋਂ ਪਹਿਲਾਂ ਨਵੇਂ ਸੈਕਟਰਾਂ ਵਿੱਚ ਰੋਡ ਗਲੀਆਂ ਦੀ ਮੁਕੰਮਲ ਸਫ਼ਾਈ ਕਰਵਾਈ ਗਈ ਹੈ ਅਤੇ ਜਿੱਥੇ ਕਿਤੇ ਲੋੜ ਪਈ ਉੱਥੇ ਨਵੀਆਂ ਰੋਡ ਗਲੀਆਂ ਵੀ ਬਣਾਈਆਂ ਗਈਆਂ ਹਨ ਅਤੇ ਪੁਰਾਣੀਆਂ ਰੋਡ ਗਲੀਆਂ ਦੀ ਮੁਰੰਮਤ ਵੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਮੋਹਾਲੀ ਨਗਰ ਨਿਗਮ ਵਿਸ਼ੇਸ਼ ਉਪਰਾਲੇ ਕਰ ਰਹੀ ਹੈ ਜਿਸਦੇ ਤਹਿਤ ਮੋਹਾਲੀ ਦੀ ਐਨ ਚੋਅ ਦੀ ਸਫਾਈ ਵੀ ਕਰਵਾਈ ਗਈ ਹੈ ਤਾਂ ਕਿ ਫੇਜ਼-9 ਅਤੇ ਨਾਈਪਰ ਵਾਲੇ ਪਾਸੇ ਪਾਣੀ ਦੀ ਨਿਕਾਸੀ ਸਹੀ ਢੰਗ ਨਾਲ ਹੋ ਸਕੇ। ਉਨ੍ਹਾਂ ਕਿਹਾ ਕਿ ਐਨਚੋਅ ਦਾ ਲਗਪਗ 6 ਕਿੱਲੋਮੀਟਰ ਦਾ ਏਰੀਆ ਸਾਫ ਕਰਵਾਇਆ ਗਿਆ ਹੈ।
![](https://www.nabaz-e-punjab.com/wp-content/uploads/2021/06/Jeeti-Sidhu-3-A.jpg)
ਇਸ ਤੋਂ ਇਲਾਵਾ ਜਨ ਸਿਹਤ ਵਿਭਾਗ ਵੱਲੋਂ ਜਿੱਥੇ ਵੀ ਕਿਤੇ ਡਰੇਨੇਜ ਵਿੱਚ ਸਮੱਸਿਆ ਦੱਸੀ ਗਈ ਹੈ ਉਥੇ ਮਸ਼ੀਨਾਂ ਰਾਹੀਂ ਡ੍ਰੇਨੇਜ ਦੀ ਸਫ਼ਾਈ ਕਰਵਾਈ ਗਈ ਹੈ ਅਤੇ ਜਿੱਥੇ ਕਿਤੇ ਵਿਭਾਗ ਨੇ ਮੁਰੰਮਤ ਵਾਸਤੇ ਕਿਹਾ ਹੈ ਉਥੇ ਮੁਰੰਮਤ ਵੀ ਕਰਵਾਈ ਗਈ ਹੈ। ਉਨ੍ਹਾਂ ਕਿਹਾ ਕਿ ਇਹ ਮੋਹਾਲੀ ਦੇ ਲੋਕਾਂ ਦੀ ਸੇਵਾ ਲਈ ਵਚਨਬੱਧ ਹਨ ਅਤੇ ਮੁਹਾਲੀ ਦੇ ਵਿਕਾਸ ਵਿੱਚ ਕਿਸੇ ਵੀ ਤਰ੍ਹਾਂ ਦੀ ਖੜੋਤ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਕੌਂਸਲਰ ਬਲਜੀਤ ਕੌਰ, ਕੌਂਸਲਰ ਜਗਦੀਸ਼ ਸਿੰਘ ਜੱਗਾ, ਨਗਰ ਨਿਗਮ ਦੇ ਐਕਸੀਅਨ ਹਰਪ੍ਰੀਤ ਸਿੰਘ, ਐਸਡੀਓ ਨੰਦਲ ਬਾਂਸਲ ਹਾਜ਼ਰ ਸਨ।