ਮੇਅਰ ਜੀਤੀ ਸਿੱਧੂ ਨੇ ਕਾਬਜ਼ ਧਿਰ ਦੇ ਕੌਂਸਲਰਾਂ ਨਾਲ ਮੀਟਿੰਗ ਕਰਕੇ ਕੀਤਾ ਸ਼ਕਤੀ ਪ੍ਰਦਰਸ਼ਨ

ਮੀਟਿੰਗ ਵਿੱਚ ਹਾਜ਼ਰ ਸਾਰੇ ਮੈਂਬਰਾਂ ਨੇ ਬੇਸ਼ੱਕ ਮੇਅਰ ਭਾਜਪਾ ’ਚ ਚਲੇ ਗਏ ਪਰ ਵਿਕਾਸ ਦੇ ਮੁੱਦੇ ’ਤੇ ਉਹ ਇੱਕਜੁੱਟ ਹਨ

ਅਗਲੀ ਮੀਟਿੰਗ ਵਿੱਚ 37 ਕੌਂਸਲਰਾਂ ਦੀ ਥਾਂ 40 ਮੈਂਬਰਾਂ ਦਾ ਬਹੁਮਤ ਹਾਸਲ ਕਰਕੇ ਦਿਖਾਵਾਂਗੇ: ਮੇਅਰ ਜੀਤੀ ਸਿੱਧੂ

ਸ਼ਹਿਰ ਦੇ ਵਿਕਾਸ ਲਈ ਭਵਿੱਖ ਵਿੱਚ ਮੇਅਰ ਦਾ ਸਮਰਥਨ ਰਹੇਗਾ ਜਾਰੀ: ਡਿਪਟੀ ਮੇਅਰ ਬੇਦੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਜੂਨ:
ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਦੇ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਸ਼ਹਿਰ ਵਾਸੀਆਂ ਸਮੇਤ ਕਾਂਗਰਸ ਅਤੇ ਭਾਜਪਾ ਵਰਕਰਾਂ ਵਿੱਚ ਅਜੀਬੋ-ਗਰੀਬ ਸਥਿਤੀ ਬਣੀ ਹੋਈ ਸੀ ਅਤੇ ਕਾਬਜ਼ ਧਿਰ ਦੇ ਮੈਂਬਰ ਵੀ ਬੜੀ ਦੁਚਿੱਤੀ ਵਿੱਚ ਸਨ ਪ੍ਰੰਤੂ ਮੇਅਰ ਜੀਤੀ ਸਿੱਧੂ ਨੇ ਵਿਕਾਸ ਕੰਮਾਂ ਸਬੰਧੀ ਵਿਚਾਰ ਵਟਾਂਦਰਾ ਕਰਨ ਲਈ ਨਗਰ ਨਿਗਮ ਦੇ ਕਾਬਜ਼ ਧਿਰ ਦੀ ਮੀਟਿੰਗ ਸੱਦ ਕੇ ਬੜੀ ਚਲਾਕੀ ਨਾਲ ਬਹੁਮਤ ਸਾਬਤ ਕਰ ਕੇ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ। ਬੰਦ ਕਮਰੇ ਵਿੱਚ ਹੋਈ ਮੀਟਿੰਗ ਵਿੱਚ ਸਾਬਕਾ ਸੀਨੀਅਰ ਡਿਪਟੀ ਮੇਅਰ ਰਿਸਵ ਜੈਨ, ਨਾਰਾਜ਼ ਮੈਂਬਰ ਨਰਪਿੰਦਰ ਸਿੰਘ ਰੰਗੀ ਤੇ ਜਸਪ੍ਰੀਤ ਸਿੰਘ ਗਿੱਲ ਸਮੇਤ 6-7 ਕੌਂਸਲਰਾਂ ਨੂੰ ਛੱਡ ਕੇ ਬਾਕੀ ਸਾਰੇ ਕੌਂਸਲਰ ਹਾਜ਼ਰ ਸਨ। ਜਦੋਂਕਿ ਗੈਰਹਾਜ਼ਰ ਮੈਂਬਰਾਂ ’ਚੋਂ ਤਿੰਨ ਕੌਂਸਲਰਾਂ ਨੇ ਵੀਡੀਓ ਸੰਦੇਸ਼ ਭੇਜ ਕੇ ਮੇਅਰ ਜੀਤੀ ਸਿੱਧੂ ਨਾਲ ਡਟ ਕੇ ਖੜੇ ਰਹਿਣ ਦੀ ਹਾਮੀ ਭਰੀ। ਮੀਟਿੰਗ ਵਿੱਚ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਸਮੇਤ ਕਈ ਆਗੂ ਹਾਜ਼ਰ ਸਨ।
ਮੇਅਰ ਜੀਤੀ ਸਿੱਧੂ ਨੇ ਕਿਹਾ ਕਿ ਉਹ ਕਿਸੇ ਵੀ ਕੌਂਸਲਰ ’ਤੇ ਪਾਰਟੀ ਛੱਡਣ ਦਾ ਦਬਾਅ ਨਹੀਂ ਪਾ ਰਹੇ ਅਤੇ ਨਾ ਹੀ ਕਿਸੇ ਨੂੰ ਭਾਜਪਾ ਵਿੱਚ ਸ਼ਾਮਲ ਹੋਣ ਬਾਰੇ ਕਹਿ ਰਹੇ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਆਪਣੇ ਸਾਥੀ ਕੌਂਸਲਰਾਂ ਦੇ ਨਾਲ ਪਰਿਵਾਰ ਵਾਂਗ ਮਿਲ ਕੇ ਨਗਰ ਨਿਗਮ ਨੂੰ ਚਲਾਉਣਗੇ ਅਤੇ ਕਾਬਜ਼ ਧਿਰ ਦੇ ਮੈਂਬਰ ਪਹਿਲਾਂ ਵਾਂਗ ਉਨ੍ਹਾਂ ਨੂੰ ਸਹਿਯੋਗ ਦੇਣਗੇ। ਮੇਅਰ ਨੇ 37 ’ਚੋਂ 31 ਕੌਂਸਲਰ ਨਾਲ ਹੋਣ ਦਾ ਦਾਅਵਾ ਕਰਦਿਆਂ ਐਲਾਨ ਕੀਤਾ ਕਿ ਕਈ ਮੈਂਬਰ ਜ਼ਰੂਰੀ ਕੰਮਾਂ ਅਤੇ ਨਿੱਜੀ ਰੁਝੇਵਿਆਂ ਕਾਰਨ ਮੀਟਿੰਗ ਵਿੱਚ ਨਹੀਂ ਆ ਸਕੇ ਪਰ ਉਨ੍ਹਾਂ ਨੇ ਵੀ ਵੀਡੀਓ ਸੰਦੇਸ਼ ਭੇਜ ਕੇ ਸਮਰਥਨ ਦੇਣ ਦਾ ਐਲਾਨ ਕੀਤਾ ਹੈ।
ਉਂਜ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮੇਅਰ ਜੀਤੀ ਸਿੱਧੂ ਨੇ ਕਿਹਾ ਕਿ ਉਹ ਹਰ ਮਹੀਨੇ ਆਪਣੇ ਸਾਥੀ ਕੌਂਸਲਰਾਂ ਨਾਲ ਮੀਟਿੰਗ ਕਰਕੇ ਵਿਕਾਸ ਕੰਮਾਂ ਦੀ ਸਮੀਖਿਆ ਕਰਦੇ ਹਨ। ਅੱਜ ਦੀ ਮੀਟਿੰਗ ਵੀ ਉਸੇ ਕੜੀ ਦਾ ਹਿੱਸਾ ਸੀ ਪ੍ਰੰਤੂ ਵਿਰੋਧੀ ਧਿਰ ਨੇ ਮਾਹੌਲ ਖ਼ਰਾਬ ਕਰਨ ਦੇ ਮੰਤਵ ਨਾਲ ਗਲਤ ਗਲਤ ਰੰਗਤ ਦੇ ਕੇ ਆਮ ਲੋਕਾਂ ਅਤੇ ਕੌਂਸਲਰਾਂ ਵਿੱਚ ਭੰਬਲਭੂਸਾ ਪਾਉਣ ਦਾ ਯਤਨ ਕੀਤਾ ਗਿਆ। ਇੱਥੋਂ ਤੱਕ ਨਗਰ ਨਿਗਮ ਦੇ ਕਮਿਸ਼ਨਰ ਨੂੰ ਵੀ ਇਸ ਸੌੜੀ ਰਾਜਨੀਤੀ ਵਿੱਚ ਘੜੀਸਣ ਦੀ ਕੋਸ਼ਿਸ਼ ਕੀਤੀ ਗਈ। ਉਨ੍ਹਾਂ (ਮੇਅਰ) ਦੇ ਭਾਜਪਾ ਵਿੱਚ ਜਾਣ ਤੋਂ ਬਾਅਦ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਵੱਲੋਂ ਉਨ੍ਹਾਂ ਨੂੰ ਅਹੁਦੇ ਤੋਂ ਲਾਂਭੇ ਕਰਨ ਬਾਰੇ ਪੁੱਛੇ ਜਾਣ ’ਤੇ ਜੀਤੀ ਸਿੱਧੂ ਨੇ ਕਿਹਾ ਰਾਜਾ ਵੜਿੰਗ ਉਨ੍ਹਾਂ ਦੇ ਵੱਲੇ ਭਰਾ ਹਨ ਅਤੇ ਉਹ ਕੁਝ ਵੀ ਬੋਲ ਸਕਦੇ ਹਨ ਪਰ ਸਚਾਈ ਇਹ ਹੈ ਕਿ ਮੇਅਰ ਦੀ ਕੁਰਸੀ ਤੋਂ ਉਨ੍ਹਾਂ ਨੂੰ ਉਦੋਂ ਤੱਕ ਕੋਈ ਲਾਹ ਨਹੀਂ ਸਕਦਾ ਜਦੋਂ ਤੱਕ ਸਾਥੀ ਕੌਂਸਲਰ ਚਟਾਨ ਬਣ ਕੇ ਉਨ੍ਹਾਂ ਨਾਲ ਖੜ੍ਹੇ ਹਨ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਅਗਲੀ ਮੀਟਿੰਗ ਵਿੱਚ 37 ਦੀ ਥਾਂ 40 ਮੈਂਬਰ ਉਸ ਦੇ ਨਾਲ ਖੜੇ ਹੋਣਗੇ।
ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਪਿਛਲੀ ਵਾਰ ਕਾਂਗਰਸ ਅਤੇ ਆਜ਼ਾਦ ਗਰੁੱਪ ਨੇ ਮਿਲ ਕੇ ਕੁਲਵੰਤ ਸਿੰਘ ਨੂੰ ਮੁਹਾਲੀ ਦਾ ਪਹਿਲਾ ਮੇਅਰ ਚੁਣਿਆ ਗਿਆ ਸੀ ਪ੍ਰੰਤੂ ਕੁਝ ਸਮੇਂ ਬਾਅਦ ਕੁਲਵੰਤ ਸਿੰਘ ਦੁਬਾਰਾ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਸੀ ਪ੍ਰੰਤੂ ਉਨ੍ਹਾਂ ਨੇ ਗੱਠਜੋੜ ਤੋੜਨ ਦੀ ਥਾਂ ਸ਼ਹਿਰ ਦੇ ਵਿਕਾਸ ਲਈ ਪੰਜ ਸਾਲ ਸਮਰਥਨ ਦਿੱਤਾ ਗਿਆ। ਇੰਜ ਹੀ ਜੇਕਰ ਸਿੱਧੂ ਭਰਾ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ ਤਾਂ ਉਹ ਰਾਜਨੀਤੀ ਤੋਂ ਉੱਪਰ ਉੱਠ ਕੇ ਸ਼ਹਿਰ ਦੇ ਵਿਕਾਸ ਲਈ ਮੇਅਰ ਨਾਲ ਡਟ ਕੇ ਖੜ੍ਹੇ ਹਨ। ਉਨ੍ਹਾਂ ਕਿਹਾ ਉਹ ਕਿਸੇ ਵੀ ਕੀਮਤ ’ਤੇ ਆਮ ਆਦਮੀ ਪਾਰਟੀ ਨੂੰ ਆਪਣਾ ਮੇਅਰ ਬਣਾਉਣ ਦਾ ਸੁਪਨਾ ਪੂਰਾ ਨਹੀਂ ਹੋਣ ਦੇਣਗੇ। ਬੇਦੀ ਨੇ ਕਿਹਾ ਕਿ ਹਾਈ ਕਮਾਨ ਨੂੰ ਗਰਾਊਂਡ ਜ਼ੀਰੋ ਦੀ ਸਥਿਤੀ ਦਾ ਗਿਆਨ ਨਹੀਂ ਹੈ। ਇਸ ਲਈ ਉਹ ਜਲਦੀ ਹੀ ਸੀਨੀਅਰ ਲੀਡਰਸ਼ਿਪ ਨੂੰ ਮੌਜੂਦਾ ਹਾਲਾਤਾਂ ਤੋਂ ਜਾਣੂ ਕਰਵਾਉਣਗੇ। ਸਾਬਕਾ ਪ੍ਰਧਾਨ ਰਜਿੰਦਰ ਸਿੰਘ ਰਾਣਾ ਸਮੇਤ ਕਾਬਜ਼ ਧਿਰ ਦੀ ਕੌਂਸਲਰ ਬਲਜੀਤ ਕੌਰ, ਰੁਪਿੰਦਰ ਕੌਰ ਰੀਨਾ, ਜਸਬੀਰ ਸਿੰਘ ਮਣਕੂ, ਹਰਜੀਤ ਸਿੰਘ ਘੋਲੂ ਅਤੇ ਹੋਰਨਾਂ ਮੈਂਬਰਾਂ ਨੇ ਇਕਸੁਰ ਵਿੱਚ ਕਿਹਾ ਕਿ ਉਹ ਅੱਜ ਵੀ ਮੇਅਰ ਨਾਲ ਚਟਾਨ ਵਾਂਗ ਖੜੇ ਹਨ।

ਉਧਰ, ਮੁਹਾਲੀ ਨਗਰ ਨਿਗਮ ਦੇ ਸਾਬਕਾ ਸੀਨੀਅਰ ਡਿਪਟੀ ਮੇਅਰ ਰਿਸਵ ਜੈਨ, ਮੈਂਬਰ ਰਾਜ ਰਾਣੀ ਜੈਨ, ਨਰਪਿੰਦਰ ਸਿੰਘ ਰੰਗੀ ਅਤੇ ਜਸਪ੍ਰੀਤ ਸਿੰਘ ਗਿੱਲ ਨੇ ਕਿਹਾ ਕਿ ਉਹ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਮੇਅਰ ਜੀਤੀ ਸਿੱਧੂ ਨੂੰ ਕਿਸੇ ਵੀ ਕੀਮਤ ’ਤੇ ਸਮਰਥਨ ਨਹੀਂ ਦੇਣਗੇ। ਉਨ੍ਹਾਂ ਕਿਹਾ ਕਿ ਭਾਜਪਾ ਦੇ ਮੇਅਰ ਦੀ ਮੀਟਿੰਗ ਵਿੱਚ ਅੱਜ ਜਿਹੜੇ ਕਾਬਜ਼ ਧਿਰ ਦੇ ਕੌਂਸਲਰ ਸ਼ਾਮਲ ਹੋਏ ਹਨ, ਉਨ੍ਹਾਂ ਬਾਰੇ ਪਾਰਟੀ ਹਾਈ ਕਮਾਂਡ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ। ਅੱਜ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਮੇਅਰ ਵੱਲੋਂ ਅੱਜ ਸੱਦੀ ਪਹਿਲੀ ਮੀਟਿੰਗ ਵਿੱਚ ਸ਼ਾਮਲ ਹੋ ਕੇ ਸਮਰਥਨ ਦੇਣ ਵਾਲੇ ਕੌਂਸਲਰਾਂ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਇਹ ਕੌਂਸਲਰਾਂ ਦਾ ਨਿੱਜੀ ਫ਼ੈਸਲਾ ਹੋ ਸਕਦਾ ਹੈ ਪਰ ਕਾਂਗਰਸ ਕਦੇ ਵੀ ਭਾਜਪਾ ਮੇਅਰ ਨੂੰ ਅੰਦਰੋਂ ਜਾਂ ਬਾਹਰੋਂ ਸਮਰਥਨ ਨਹੀਂ ਦੇਵੇਗੀ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …