
ਕਰੋਨਾ ਮਹਾਮਾਰੀ ਕਾਰਨ ਮੌਤ ਦਰ ਵਧਣ ਦੇ ਮੱਦੇਨਜ਼ਰ ਮੇਅਰ ਜੀਤੀ ਸਿੱਧੂ ਨੇ ਕੀਤਾ ਸ਼ਮਸ਼ਾਨਘਾਟ ਦਾ ਦੌਰਾ
ਕਰੋਨ ਪੀੜਤ ਮ੍ਰਿਤਕ ਦੇਹਾਂ ਦੇ ਅੰਤਿਮ ਸਸਕਾਰ ਲਈ ਸ਼ਮਸ਼ਾਨਘਾਟ ਵਿੱਚ ਟੈਂਪਰੇਰੀ ਥੜੇ੍ਹ ਬਣਾਏ ਜਾਣਗੇ: ਜੀਤੀ ਸਿੱਧੂ
ਮੁਹਾਲੀ ਇੰਡਸਟਰੀਜ਼ ਐਸੋਸੀਏਸ਼ਨ ਨੂੰ ਇਕ ਹੋਰ ਫਿਊਨਰਲ ਵੈਨ ਮੁਹੱਈਆ ਕਰਵਾਉਣ ਦੀ ਅਪੀਲ
ਨਗਰ ਨਿਗਮ ਨੇ ਸ਼ਮਸ਼ਾਨਘਾਟ ਵਿੱਚ ਪੀਪੀਈ ਕਿੱਟਾਂ, ਸੈਨੇਟਾਈਜ਼ਰ ਅਤੇ ਹੋਰ ਸਮਾਨ ਮੁਹੱਈਆ ਕਰਵਾਇਆ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਅਪਰੈਲ:
ਕਰੋਨਾ ਮਹਾਮਾਰੀ ਕਾਰਨ ਰੋਜ਼ਾਨਾ ਮੌਤ ਦਰ ਵਧਣ ਦੇ ਮੱਦੇਨਜ਼ਰ ਅੱਜ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਨੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਕਮਿਸ਼ਨਰ ਡਾ. ਕਮਲ ਗਰਗ, ਐਸਈ ਸੰਜੇ ਕੰਵਰ, ਐੱਸਡੀਓ ਸੁਖਵਿੰਦਰ ਸਿੰਘ ਆਦਿ ਨੂੰ ਲੈ ਕੇ ਅੱਜ ਮੁਹਾਲੀ ਦੇ ਸ਼ਮਸ਼ਾਨਘਾਟ ਦਾ ਦੌਰਾ ਕੀਤਾ ਅਤੇ ਨਿਗਮ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਕਿ ਮ੍ਰਿਤਕ ਦੇਹਾਂ ਦਾ ਸਸਕਾਰ ਕਰਨ ਸਮੇਂ ਪੀੜਤ ਪਰਿਵਾਰਾਂ ਨੂੰ ਦਰਪੇਸ਼ ਸਮੱਸਿਆਵਾਂ ਫੌਰੀ ਤੌਰ ’ਤੇ ਹੱਲ ਕੀਤੀਆਂ ਜਾਣ।
ਇਸ ਮੌਕੇ ਨਗਰ ਨਿਗਮ ਅਧਿਕਾਰੀਆਂ ਨੇ ਮੇਅਰ ਜੀਤੀ ਸਿੱਧੂ ਦੇ ਧਿਆਨ ਵਿੱਚ ਲਿਆਂਦਾ ਕਿ ਪਹਿਲਾਂ ਸ਼ਮਸ਼ਾਨਘਾਟ ਵਿੱਚ ਰੋਜ਼ਾਨਾ 8 ਮ੍ਰਿਤਕ ਦੇਹਾਂ ਦੇ ਸਸਕਾਰ ਕੀਤੇ ਜਾਂਦੇ ਸਨ ਪ੍ਰੰਤੂ ਕਰੋਨਾ ਮਹਾਮਾਰੀ ਦੌਰਾਨ ਇਹ ਗਿਣਤੀ ਵਧ ਕੇ 18 ਤੋਂ 20 ਹੋ ਗਈ ਹੈ। ਉਨ੍ਹਾਂ ਕਿਹਾ ਕਿ ਦੂਜੇ ਸ਼ਹਿਰਾਂ ਦੇ ਕਰੋਨਾ ਕਾਰਨ ਫੌਤ ਹੋਏ ਮਰੀਜ਼ਾਂ ਦੇ ਸਸਕਾਰ ਵੀ ਮੁਹਾਲੀ ਦੇ ਸ਼ਮਸ਼ਾਨਘਾਟ ਵਿੱਚ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਮੁਹਾਲੀ ਵਿੱਚ ਇਲੈਕਟ੍ਰੀਕਲ ਸ਼ਮਸ਼ਾਨਘਾਟ ਦੀ ਸੁਵਿਧਾ ਹੈ, ਜਿੱਥੇ ਰੋਜ਼ਾਨਾ 4 ਤੋਂ 5 ਲਾਸ਼ਾਂ ਦੇ ਸਸਕਾਰ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਹੋਰ ਆਰਜ਼ੀ ਪ੍ਰਬੰਧਾਂ ਵਜੋਂ ਟੈਂਪਰੇਰੀ ਥੜੇ੍ਹ ਬਣਾਏ ਜਾ ਰਹੇ ਹਨ।
ਮੇਅਰ ਜੀਤੀ ਸਿੱਧੂ ਨੇ ਕਿਹਾ ਕਿ ਸ਼ਮਸ਼ਾਨਘਾਟ ਵਿੱਚ ਸੀਸੀਟੀਵੀ ਕੈਮਰੇ ਲਗਵਾ ਦਿੱਤੇ ਗਏ ਹਨ ਅਤੇ ਮੁਹਾਲੀ ਇੰਡਸਟਰੀਜ਼ ਐਸੋਸੀਏਸ਼ਨ ਨੂੰ ਇਕ ਹੋਰ ਫਿਊਨਰਲ ਵੈਨ ਦੇਣ ਦੀ ਅਪੀਲ ਕੀਤੀ ਹੈ ਤਾਂ ਜੋ ਲਾਸ਼ਾਂ ਨੂੰ ਪੂਰੇ ਸਤਿਕਾਰ ਨਾਲ ਸ਼ਮਸ਼ਾਨਘਾਟ ਵਿੱਚ ਅੰਤਿਮ ਸਸਕਾਰ ਲਈ ਲਿਜਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਨਗਰ ਨਿਗਮ ਵੱਲੋਂ ਸ਼ਮਸ਼ਾਨਘਾਟ ਵਿੱਚ ਪੀਪੀਈ ਕਿੱਟਾਂ, ਸੈਨੇਟਾਈਜ਼ਰ ਅਤੇ ਮਾਸਕ ਮੁਹੱਈਆ ਕਰਵਾਏ ਗਏ ਹਨ ਅਤੇ ਕਰਮਚਾਰੀਆਂ ਨੂੰ ਸਖ਼ਤ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਸਸਕਾਰ ਕਰਵਾਉਣ ਲਈ ਆਉਣ ਵਾਲੇ ਪਰਿਵਾਰ ਨੂੰ ਪੀਪੀਈ ਕਿੱਟਾਂ, ਸੈਨੇਟਾਈਜਰ ਅਤੇ ਮਾਸਕ ਲਿਆਉਣ ਲਈ ਨਾ ਕਿਹਾ ਜਾਵੇ। ਇਸ ਸਬੰਧੀ ਤਾਲਮੇਲ ਲਈ ਨਗਰ ਨਿਗਮ ਦੇ ਮੈਡੀਕਲ ਆਫ਼ੀਸਰ ਨੂੰ ਕੋਆਰਡੀਨੇਟਰ ਲਗਾਇਆ ਗਿਆ ਹੈ।