ਮੇਅਰ ਜੀਤੀ ਸਿੱਧੂ ਨੇ ਸਰਕਾਰੀ ਐਲੀਮੈਂਟਰੀ ਸਕੂਲ ਕੁੰਭੜਾ ਦਾ ਦੌਰਾ ਕਰਕੇ ਸਮੱਸਿਆਵਾਂ ਸੁਣੀਆਂ

ਸਕੂਲੀ ਬੱਚਿਆਂ ਤੇ ਸਟਾਫ਼ ਨੂੰ ਦਰਪੇਸ਼ ਮੁਸ਼ਕਲਾਂ ਬਾਰੇ ਪਿੰਡ ਵਾਸੀਆਂ ਤੇ ਮਾਪਿਆਂ ਨੇ ਮੇਅਰ ਨੂੰ ਦਿੱਤਾ ਮੰਗ ਪੱਤਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਅਗਸਤ:
ਮੁਹਾਲੀ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਸਕੂਲੀ ਬੱਚਿਆਂ ਦੇ ਮਾਪਿਆਂ ਅਤੇ ਪਿੰਡ ਵਾਸੀਆਂ ਦੀ ਸ਼ਿਕਾਇਤ ’ਤੇ ਸੋਮਵਾਰ ਨੂੰ ਸਰਕਾਰੀ ਐਲੀਮੈਂਟਰੀ ਸਕੂਲ ਕੁੰਭੜਾ ਦਾ ਦੌਰਾ ਕਰਕੇ ਸਮੱਸਿਆ ਸੁਣੀਆਂ। ਪਿੰਡ ਵਾਸੀਆਂ ਅਤੇ ਅਧਿਆਪਕਾਂ ਨੇ ਮੇਅਰ ਨੂੰ ਦੱਸਿਆ ਬਰਸਾਤ ਦੇ ਦਿਨਾਂ ਵਿੱਚ ਸੀਵਰੇਜ ਦਾ ਗੰਦਾ ਪਾਣੀ ਓਵਰਫਲੋ ਹੋ ਕੇ ਕਲਾਸ-ਰੂਮਾਂ ਵਿੱਚ ਦਾਖ਼ਲ ਹੋ ਜਾਂਦਾ ਹੈ। ਜਿਸ ਕਾਰਨ ਬੱਚਿਆਂ ਦੀ ਪੜ੍ਹਾਈ ਪ੍ਰਭਾਵਿਤ ਹੁੰਦੀ ਹੈ ਅਤੇ ਇੱਥੇ ਬੀਮਾਰੀ ਫੈਲਣ ਦਾ ਖ਼ਦਸ਼ਾ ਹੈ। ਪਿੰਡ ਵਾਸੀਆਂ ਨੇ ਖੇਡ ਦੇ ਮੈਦਾਨ ਦਾ ਮੁੱਦਾ ਚੁੱਕਦਿਆਂ ਮੇਅਰ ਨੂੰ ਦੱਸਿਆ ਕਿ ਅਧਿਆਪਕਾਂ ਦੀ ਮਿਹਨਤ ਸਦਕਾ ਹਰੇਕ ਸਾਲ ਬੱਚਿਆਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ ਅਤੇ ਅਜੋਕੇ ਸਮੇਂ ਵਿੱਚ ਕੁੰਭੜਾ ਸਕੂਲ ਵਿੱਚ ਕਰੀਬ 550 ਬੱਚੇ ਪੜ੍ਹਦੇ ਹਨ ਪ੍ਰੰਤੂ ਥਾਂ ਘੱਟ ਹੋਣ ਕਾਰਨ ਬੱਚਿਆਂ ਨੂੰ ਸਵੇਰੇ ਦੋ ਸ਼ਿਫ਼ਟਾਂ ਵਿੱਚ ਪ੍ਰਾਰਥਨਾ ਸਭਾ ਕਰਵਾਉਂਦੀ ਪੈਂਦੀ ਹੈ।
ਇਸ ਮੌਕੇ ਮੇਅਰ ਜੀਤੀ ਸਿੱਧੂ ਨੇ ਪਿੰਡ ਵਾਸੀਆਂ, ਮਾਪਿਆਂ ਅਤੇ ਅਧਿਆਪਕਾਂ ਨੂੰ ਭਰੋਸਾ ਦਿੱਤਾ ਕਿ ਸੀਵਰੇਜ ਦੀ ਸਮੱਸਿਆ ਦਾ ਪੱਕਾ ਹੱਲ ਕੀਤਾ ਜਾਵੇਗਾ ਅਤੇ ਸਕੂਲ ਦੇ ਸਾਹਮਣੇ ਪਈ ਸਰਕਾਰੀ ਜ਼ਮੀਨ ਖੇਡ ਮੈਦਾਨ ਵਜੋਂ ਵਰਤਨ ਲਈ ਦਿੱਤੀ ਜਾਵੇਗੀ। ਮੇਅਰ ਨੇ ਮੌਕੇ ’ਤੇ ਹੀ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਸੀਵਰੇਜ ਲਾਈਨ ਚੈੱਕ ਕਰਵਾਈ ਜਾਵੇ ਅਤੇ ਗੰਦੇ ਪਾਣੀ ਦੀ ਨਿਕਾਸੀ ਦੇ ਯੋਗ ਪ੍ਰਬੰਧ ਕੀਤੇ ਜਾਣ ਤਾਂ ਜੋ ਬੱਚਿਆਂ ਅਤੇ ਅਧਿਆਪਕਾਂ ਨੂੰ ਕੋਈ ਮੁਸ਼ਕਲ ਪੇਸ਼ ਨਾ ਆਵੇ।
ਮੇਅਰ ਜੀਤੀ ਸਿੱਧੂ ਨੇ ਬੱਚਿਆਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਭਰੋਸਾ ਦਿੱਤਾ ਕਿ ਕੁੰਭੜਾ ਸਕੂਲ ਦੀ ਹੋਂਦ ਬਚਾਉਣ ਲਈ ਸਿੱਖਿਆ ਵਿਭਾਗ ਅਤੇ ਸਕੂਲ ਪ੍ਰਸ਼ਾਸਨ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ। ਵਾਰਸਾਂ ਵੱਲੋਂ ਜ਼ਮੀਨ ਵਾਪਸ ਲੈਣ ਲਈ ਮੁਹਾਲੀ ਅਦਾਲਤ ਵਿੱਚ ਦਾਇਰ ਪਟੀਸ਼ਨ ’ਤੇ ਸੁਣਵਾਈ ਦੌਰਾਨ ਮਜ਼ਬੂਤ ਪੱਖ ਰੱਖਿਆ ਜਾਵੇਗਾ ਅਤੇ ਸਕੂਲ ਵਿੱਚ ਪੜ੍ਹਦੇ 500 ਤੋਂ ਵੱਧ ਗਰੀਬ ਬੱਚਿਆਂ ਦੇ ਭਵਿੱਖ ਨੂੰ ਦੇਖਦੇ ਹੋਏ ਕਾਨੂੰਨੀ ਚਾਰਾਜੋਈ ਕੀਤੀ ਜਾਵੇਗੀ।

ਇਸ ਮੌਕੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਕੌਂਸਲਰ ਕਮਲਪ੍ਰੀਤ ਬੰਨੀ, ਅੱਤਿਆਚਾਰ ਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ, ਅਧਿਆਪਕਾ ਹਰਜੋਤ ਕੌਰ ਤੇ ਕਿਰਨਜੋਤ ਕੌਰ ਬਾਜਵਾ ਅਤੇ ਪਿੰਡ ਵਾਸੀ ਮਨਜੀਤ ਸਿੰਘ, ਗੁਰਚਰਨ ਸਿੰਘ, ਗਿਆਨ ਸਿੰਘ, ਜਸਮੇਲ ਸਿੰਘ, ਪੰਡਿਤ ਸੀਤਾ ਰਾਮ, ਨੰਬਰਦਾਰ ਦਲਜੀਤ ਸਿੰਘ, ਨਛੱਤਰ ਸਿੰਘ, ਹਾਜ਼ਰ ਸਨ। ਅਖੀਰ ਵਿੱਚ ਸਕੂਲ ਦੀ ਮੁੱਖ ਅਧਿਆਪਕਾ ਸੁਖਦੀਪ ਕੌਰ ਨੇ ਮੇਅਰ ਅਤੇ ਹੋਰਨਾਂ ਮਹਿਮਾਨਾਂ ਦਾ ਧੰਨਵਾਦ ਕੀਤਾ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …