
ਮੇਅਰ ਜੀਤੀ ਸਿੱਧੂ ਨੇ ਪੈਰਾਪਲੈਜਿਕ ਹੋਮ ਵਿੱਚ ਕੀਤਾ ਓਪਨ ਏਅਰ ਜਿਮ ਦਾ ਉਦਘਾਟਨ
ਦੇਸ਼ ਦੇ ਬਹਾਦਰ ਫ਼ੌਜੀਆਂ ਦੀ ਸੇਵਾ ਲਈ ਹਰ ਤਰ੍ਹਾਂ ਦਾ ਸਹਿਯੋਗ ਕਰਦੇ ਰਹਾਂਗੇ: ਮੇਅਰ ਜੀਤੀ ਸਿੱਧੂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਸਤੰਬਰ:
ਮੁਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਅੱਜ ਇੱਥੋਂ ਦੇ ਫੇਜ਼-6 ਸਥਿਤ ਫੌਜੀ ਜਵਾਨਾਂ ਦੇ ਪੈਰਾਪਲੈਜਿਕ ਹੋਮ ਵਿੱਚ ਓਪਨ ਏਅਰ ਜਿਮ ਦਾ ਉਦਘਾਟਨ ਕੀਤਾ। ਮੇਅਰ ਨੇ ਪੈਰਾਪਲੈਜਿਕ ਹੋਮ ਦੇ ਇਕ ਫੌਜੀ ਤੋਂ ਹੀ ਫੀਤਾ ਕਟਵਾਇਆ। ਇਸ ਮੌਕੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਅਤੇ ਸਮਾਜ ਸੇਵੀ ਲਖਵੀਰ ਸਿੰਘ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਪੈਰਾਪਲੈਜਿਕ ਹੋਮ ਵਿੱਚ ਦੇਸ਼ ਦੇ ਉਹ ਬਹਾਦਰ ਫੌਜੀ ਰਹਿੰਦੇ ਹਨ ਜੋ ਆਪਣੀ ਡਿਊਟੀ ਦੌਰਾਨ ਅੰਗਹੀਣ ਹੋ ਚੁੱਕੇ ਹਨ।
ਇਸ ਮੌਕੇ ਬੋਲਦਿਆਂ ਮੇਅਰ ਜੀਤੀ ਸਿੱਧੂ ਨੇ ਕਿਹਾ ਕਿ ਪੈਰਾਪਲੈਜਿਕ ਹੋਮ 1977 ਵਿੱਚ ਮੁਹਾਲੀ ਵਿੱਚ ਹੋਂਦ ’ਚ ਆਇਆ ਸੀ। ਇੱਥੇ ਰਹਿਣ ਵਾਲੇ ਫੌਜੀ ਆਪਣੀ ਡਿਊਟੀ ਦੌਰਾਨ ਗੰਭੀਰ ਜ਼ਖ਼ਮੀ ਹੋ ਗਏ ਸੀ ਅਤੇ ਉਹ ਕਾਫ਼ੀ ਸਮੇਂ ਤੋਂ ਇਸ ਸੰਸਥਾ ਵਿੱਚ ਰਹਿ ਰਹੇ ਹਨ। ਉਨ੍ਹਾਂ ਵੱਲੋਂ ਕਾਫ਼ੀ ਸਮੇਂ ਤੋਂ ਇੱਥੇ ਓਪਨ ਏਅਰ ਜਿਮ ਲਗਾਉਣ ਦੀ ਮੰਗ ਕੀਤੀ ਜਾ ਰਹੀ ਸੀ, ਜੋ ਹੁਣ ਨਗਰ ਨਿਗਮ ਨੇ ਓਪਨ ਏਅਰ ਜਿਮ ਬਣਾ ਕੇ ਪੂਰੀ ਕਰ ਦਿੱਤੀ ਹੈ। ਉਨ੍ਹਾਂ ਅਧਿਕਾਰੀਆਂ ਤੇ ਇੱਥੇ ਰਹਿਣ ਵਾਲੇ ਫੌਜੀਆਂ ਨੂੰ ਭਰੋਸਾ ਦਿੱਤਾ ਕਿ ਨਗਰ ਨਿਗਮ ਹਮੇਸ਼ਾ ਉਨ੍ਹਾਂ ਦਾ ਸਹਿਯੋਗ ਕਰਦੀ ਰਹੇਗੀ।
ਇਸ ਮੌਕੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਦੇਸ਼ ਦੀਆਂ ਸਰਹੱਦਾਂ ’ਤੇ ਫੌਜੀਆਂ ਵੱਲੋਂ ਸਖ਼ਤ ਪਹਿਰਾ ਦੇਣ ਨਾਲ ਹੀ ਅੱਜ ਦੇਸ਼ ਵਾਸੀ ਚੈਨ ਦੀ ਨੀਂਦ ਸੌਂਦੇ ਹਨ। ਇੱਥੇ ਰਹਿ ਰਹੇ ਫੌਜੀ ਅਫ਼ਸਰ ਅਤੇ ਜਵਾਨ ਦੁਸ਼ਮਣਾਂ ਨਾਲ ਲੋਹਾ ਲੈਂਦੇ ਹੋਏ ਏਨੀ ਬੁਰੀ ਤਰ੍ਹਾਂ ਜ਼ਖ਼ਮੀ ਹੁੰਦੇ ਹਨ ਕਿ ਉਹ ਪੂਰੀ ਜ਼ਿੰਦਗੀ ਲਈ ਅਪਾਹਜ ਹੋ ਗਏ ਹਨ। ਲੇਕਿਨ ਇਸ ਦੇ ਬਾਵਜੂਦ ਉਨ੍ਹਾਂ ਦੇ ਅੰਦਰ ਦੇਸ਼ ਭਗਤੀ ਦਾ ਜਜ਼ਬਾ ਬਰਕਰਾਰ ਹੈ ਅਤੇ ਉਹ ਅੱਜ ਵੀ ਦੇਸ਼ ਲਈ ਮਰ ਮਿੱਟਣ ਨੂੰ ਤਿਆਰ ਹਨ। ਉਨ੍ਹਾਂ ਅੰਗਹੀਣ ਫੌਜੀਆਂ ਦੀ ਸੁਵਿਧਾ ਲਈ ਨਗਰ ਨਿਗਮ ਵੱਲੋਂ ਓਪਨ ਏਅਰ ਜਿਮ ਲਗਾਉਣ ਲਈ ਮੇਅਰ ਦਾ ਧੰਨਵਾਦ ਕੀਤਾ। ਇਸ ਮੌਕੇ ਫੌਜ ਦੇ ਅਧਿਕਾਰੀ ਅਤੇ ਪੈਰਾਪਲੈਜਿਕ ਹੋਮ ਵਿੱਚ ਰਹਿੰਦੇ ਅੰਗਹੀਣ ਫੌਜੀ ਵੱਡੀ ਗਿਣਤੀ ਵਿੱਚ ਮੌਜੂਦ ਸਨ।