
ਮੇਅਰ ਜੀਤੀ ਸਿੱਧੂ ਨੇ ਵੱਖ-ਵੱਖ ਥਾਵਾਂ ’ਤੇ 60 ਲੱਖ ਦੇ ਵਿਕਾਸ ਕੰਮ ਸ਼ੁਰੂ ਕਰਵਾਏ
ਸ਼ਹਿਰ ਵਿੱਚ ਲੋਕਾਂ ਦੀ ਸੁਵਿਧਾ ਲਈ ਲਗਾਏ ਜਾਣਗੇ ਹੋਰ ਓਪਨ ਏਅਰ ਜਿਮ: ਜੀਤੀ ਸਿੱਧੂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਅਗਸਤ:
ਮੁਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਅੱਜ ਇੱਥੋਂ ਦੇ ਫੇਜ਼-1, ਸੈਕਟਰ-70 ਅਤੇ ਸੈਕਟਰ-71 ਵਿੱਚ 60 ਲੱਖ ਰੁਪਏ ਦੀ ਲਾਗਤ ਹੋਣ ਵਾਲੇ ਵਿਕਾਸ ਕਾਰਜ ਸ਼ੁਰੂ ਕਰਵਾਏ ਗਏ। ਇਨ੍ਹਾਂ ਇਲਾਕਿਆਂ ਵਿੱਚ ਪੇਵਰ ਬਲਾਕ ਸਮੇਤ ਹੋਰ ਕੰਮ ਕੀਤੇ ਜਾਣਗੇ ਅਤੇ ਸ਼ਹਿਰ ਵਾਸੀਆਂ ਦੀ ਲੋੜ ਮੁਤਾਬਕ ਹੋਰ ਓਪਨ ਏਅਰ ਜਿਮ ਲਗਾਏ ਜਾਣਗੇ। ਇਸ ਮੌਕੇ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ ਤੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਵੀ ਹਾਜ਼ਰ ਸਨ।
ਮੇਅਰ ਜੀਤੀ ਸਿੱਧੂ ਨੇ ਕਿਹਾ ਕਿ ਉਹ ਮੁਹਾਲੀ ਦੇ ਵਿਕਾਸ ਲਈ ਵਚਨਬੱਧ ਹਨ ਅਤੇ ਨਿਗਮ ਚੋਣਾਂ ਵਿੱਚ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਪੜਾਅਵਾਰ ਪੂਰੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਹਾਲੇ ਉਨ੍ਹਾਂ ਨੂੰ ਮੇਅਰ ਦਾ ਅਹੁਦਾ ਸੰਭਾਲੇ ਨੂੰ ਬਹੁਤ ਘੱਟ ਸਮਾਂ ਹੋਇਆ ਹੈ ਪਰ ਉਹ ਅਤੇ ਉਨ੍ਹਾਂ ਦੀ ਟੀਮ ਵੱਲੋਂ ਵਿਕਾਸ ਨੂੰ ਤਰਜ਼ੀਹ ਦਿੱਤੀ ਜਾ ਰਹੀ ਹੈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਜ਼ੋਰ ਦੇ ਕੇ ਆਖਿਆ ਕਿ ਉਹ ਵਿਕਾਸ ਕਾਰਜਾਂ ਦੀ ਖ਼ੁਦ ਨਜ਼ਰਸਾਨੀ ਕਰਨ ਅਤੇ ਕੁਆਲਿਟੀ ਨਾਲ ਕਿਸੇ ਕਿਸਮ ਦਾ ਸਮਝੌਤਾ ਨਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਵਿਕਾਸ ਕੰਮਾਂ ਦਾ ਮਿਆਰ ਨੂੰ ਯਕੀਨੀ ਬਣਾਉਣ ਲਈ ਅਧਿਕਾਰੀਆਂ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਵੇਗੀ। ਇਸ ਮੌਕੇ ਕੌਂਸਲਰ ਮੀਨਾ ਕੌਂਡਲ, ਗੁਰਦੇਵ ਸਿੰਘ ਚੌਹਾਨ, ਨਵਜੋਤ ਬਾਛਲ, ਗੋਪਾਲ ਸ਼ਰਮਾ, ਦਲਬੀਰ ਸਿੰਘ, ਹੰਸਰਾਜ ਸਾਮਾਂ, ਪ੍ਰੇਮ ਚੰਦ, ਸੀਐਲ ਪ੍ਰੇਮੀ, ਸੁਨੀਤਾ ਸੋਨੀ, ਰਜਨੀਸ਼ ਬਾਂਸਲ, ਪਰਮਿੰਦਰ ਬੰਗਾ, ਪਲਵਿੰਦਰ ਸਿੰਘ, ਅਨੁਰੀਤ ਕੌਰ, ਰਵਿੰਦਰ ਕੌਰ ਅਤੇ ਹੋਰ ਪਤਵੰਤੇ ਹਾਜ਼ਰ ਸਨ।