Share on Facebook Share on Twitter Share on Google+ Share on Pinterest Share on Linkedin ਮੇਅਰ ਜੀਤੀ ਸਿੱਧੂ ਨੇ 16.38 ਕਰੋੜੀ ਵਾਟਰ ਟਰੀਟਮੈਂਟ ਪਲਾਂਟ ਦਾ ਦੌਰਾ ਕਰਕੇ ਲਿਆ ਜਾਇਜ਼ਾ ਮੁਹਾਲੀ ਦੇ ਵਾਟਰ ਟਰੀਟਮੈਂਟ ਪਲਾਂਟਾਂ ਦੀ ਸਾਰੀ ਪੁਰਾਣੀ ਤੇ ਕੰਡਮ ਮਸ਼ੀਨਰੀ ਬਦਲੀ ਜਾਵੇਗੀ: ਜੀਤੀ ਸਿੱਧੂ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ’ਤੇ ਲੱਗਣਗੇ ਪੰਜ ਹੋਰ ਵਾਟਰ ਬੂਸਟਰ ਪਲਾਂਟ ਮੁਹਾਲੀ ਵਾਸੀਆਂ ਨੂੰ ਪੀਣ ਵਾਲੇ ਪਾਣੀ ਦੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ: ਮੇਅਰ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਮਈ: ਮੁਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਮੁਹਾਲੀ ਦੇ ਵਾਟਰ ਟਰੀਟਮੈਂਟ ਪਲਾਂਟਾਂ ਦੀ ਸਾਰੀ ਪੁਰਾਣੀ ਅਤੇ ਕੰਡਮ ਹੋ ਚੁੱਕੀ ਮਸ਼ੀਨਰੀ ਬਦਲੀ ਜਾਵੇਗੀ ਅਤੇ ਸ਼ਹਿਰ ਵਾਸੀਆਂ ਨੂੰ ਪੀਣ ਵਾਲੇ ਪਾਣੀ ਦੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਇਸ ਤੋਂ ਪਹਿਲਾਂ ਉਨ੍ਹਾਂ ਨੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਅਤੇ ਨਿਗਮ ਅਧਿਕਾਰੀਆਂ ਨਾਲ ਇੱਥੋਂ ਦੇ ਫੇਜ਼-6 ਸਥਿਤ ਵਾਟਰ ਟਰੀਟਮੈਂਟ ਪਲਾਂਟ ਦਾ ਦੌਰਾ ਕੀਤਾ ਅਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਮੇਅਰ ਜੀਤੀ ਸਿੱਧੂ ਨੇ ਦੱਸਿਆ ਕਿ ਮੁਹਾਲੀ ਲਈ 16.38 ਕਰੋੜ ਰੁਪਏ ਦਾ ਇਹ ਪ੍ਰਾਜੈਕਟ ਅੰਮ੍ਰਿਤ ਸਕੀਮ ਦੇ ਤਹਿਤ ਮਿਲਿਆ ਹੈ। ਜਿਸ ਦੇ ਟੈਂਡਰ ਹੋ ਚੁੱਕੇ ਹਨ ਅਤੇ ਵਰਕ ਆਰਡਰ ਵੀ ਜਾਰੀ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਪ੍ਰਾਜੈਕਟ ਤਹਿਤ ਕੇਂਦਰ ਸਰਕਾਰ ਨੇ 50 ਫੀਸਦੀ ਰਾਸ਼ੀ ਜਾਰੀ ਕਰ ਦਿੱਤੀ ਹੈ ਅਤੇ 30 ਫੀਸਦੀ ਰਾਸੀ ਸੂਬਾ ਸਰਕਾਰ ਅਤੇ 20 ਫੀਸਦੀ ਰਾਸੀ ਨਗਰ ਨਿਗਮ ਵੱਲੋਂ ਖਰਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਸਕੀਮ ਤਹਿਤ ਇੱਥੋਂ ਦੇ ਫੇਜ਼-6 ਅਤੇ ਸੈਕਟਰ-57 ਵਿੱਚ ਵਾਟਰ ਟਰੀਟਮੈਂਟ ਪਲਾਂਟਾਂ ਦਾ ਨਵੀਨੀਕਰਨ ਕੀਤਾ ਜਾਵੇਗਾ ਅਤੇ ਇੱਥੇ ਨਵੀਂ ਮਸ਼ੀਨਰੀ ਲਗਾਈ ਜਾਵੇਗੀ ਜੋ ਕਿ ਆਟੋਮੇਟਿਡ ਹੋਵੇਗੀ। ਇਨ੍ਹਾਂ ਪਲਾਂਟਾਂ ਰਾਹੀਂ ਕਲੋਰੀਨ ਵੀ ਕੰਪਿਊਟਰਾਈਜ਼ਡ ਤਰੀਕੇ ਨਾਲ ਪਾਣੀ ਵਿੱਚ ਮਿਕਸ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਜੌਲੀ ਤੋਂ ਮੁਹਾਲੀ ਨੂੰ ਮਿਲਣ ਵਾਲਾ ਪਾਣੀ ਨਵੀਂ ਮਸ਼ੀਨਰੀ ਰਾਹੀਂ ਵਧੀਆ ਢੰਗ ਨਾਲ ਸਾਫ ਹੋਵੇਗਾ ਅਤੇ ਲੋਕਾਂ ਨੂੰ ਸਾਫ਼ ਸੁਥਰਾ ਪੀਣ ਵਾਲਾ ਪਾਣੀ ਉਪਲਬਧ ਹੋਵੇਗਾ। ਉਨ੍ਹਾਂ ਕਿਹਾ ਕਿ ਪਹਿਲਾਂ ਲੱਗੀ ਹੋਈ ਮਸ਼ੀਨਰੀ ਬਹੁਤ ਪੁਰਾਣੀ ਵੀ ਹੋ ਚੁੱਕੀ ਹੈ ਅਤੇ ਇਹ ਮੈਨੂਅਲ ਢੰਗ ਨਾਲ ਕੰਮ ਕਰਦੀ ਹੈ ਇਸ ਲਈ ਇਸ ਨੂੰ ਬਦਲਣਾ ਸਮੇਂ ਦੀ ਮੰਗ ਸੀ। ਇਸ ਤੋਂ ਇਲਾਵਾ ਸ਼ਹਿਰ ਵਿੱਚ ਪਾਣੀ ਨੂੰ ਬੂਸਟ ਕਰਨ ਲਈ ਪੰਜ ਯੂਜੀਐਸਆਰ (ਵਾਟਰ ਬੂਸਟਰ ਪਲਾਂਟ) ਲਗਾਏ ਜਾਣੇ ਹਨ। ਇਸ ਮੌਕੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਨਿੱਜੀ ਦਿਲਚਸਪੀ ਅਤੇ ਉਪਰਾਲਿਆਂ ਸਦਕਾ ਇਹ ਪ੍ਰਾਜੈਕਟ ਸੰਭਵ ਹੋ ਸਕਿਆ ਹੈ ਅਤੇ ਹੁਣ ਨਵੇਂ ਮੇਅਰ ਜੀਤੀ ਸਿੱਧੂ ਅਤੇ ਸਮੁੱਚੀ ਟੀਮ ਬਿਨਾਂ ਕੋਈ ਸਮਾਂ ਗੁਆਏ ਮੁਹਾਲੀ ਦੇ ਵਿਕਾਸ ਲਈ ਮਹੱਤਵਪੂਰਨ ਪ੍ਰਾਜੈਕਟ ਸ਼ੁਰੂ ਕਰਵਾਉਣ ਵਿੱਚ ਲੱਗੇ ਹੋਏ ਹਨ। ਇਸ ਮੌਕੇ ਐਕਸੀਅਨ ਹਰਪ੍ਰੀਤ ਸਿੰਘ ਤੇ ਸੁਨੀਲ ਕੁਮਾਰ ਸਮੇਤ ਨਗਰ ਨਿਗਮ ਦੇ ਜਨ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ