ਮੇਅਰ ਜੀਤੀ ਸਿੱਧੂ ਨੇ ਮੁਹਾਲੀ ਨਗਰ ਨਿਗਮ ਦੇ ਸਟੋਰ ਦਾ ਦੌਰਾ ਕਰਕੇ ਜਾਇਜ਼ਾ ਲਿਆ

ਤਹਿ ਬਾਜ਼ਾਰੀ ਸ਼ਾਖਾ ਵੱਲੋਂ ਜ਼ਬਤ ਕੀਤੇ ਸਾਮਾਨ ਲਈ ਹੋਰ ਥਾਂ ਰਾਖਵੀਂ ਕਰਨ ਦੇ ਆਦੇਸ਼

ਕੰਡਮ ਮਸ਼ੀਨਰੀ ਤੇ ਸਟੋਰ ਵਿੱਚ ਪਏ ਕਬਾੜ ਦੇ ਪ੍ਰਬੰਧ ਲਈ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਸਤੰਬਰ:
ਮੁਹਾਲੀ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਅੱਜ ਪਹਿਲੀ ਵਾਰ ਨਗਰ ਨਿਗਮ ਦੇ ਸਟੋਰ ਦਾ ਦੌਰਾ ਕਰਕੇ ਤਹਿ ਬਾਜ਼ਾਰੀ ਸ਼ਾਖਾ ਵੱਲੋਂ ਜ਼ਬਤ ਕੀਤੇ ਸਾਮਾਨ ਅਤੇ ਹੋਰ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਇੱਥੇ ਪਏ ਕਬਾੜ ਅਤੇ ਕੰਡਮ ਮਸ਼ੀਨਰੀ ਨੂੰ ਤੁਰੰਤ ਹਟਾ ਕੇ ਸਫ਼ਾਈ ਕਰਵਾਉਣ ਲਈ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ। ਇਸ ਮੌਕੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਕਮਿਸ਼ਨਰ ਕਮਲ ਗਰਗ ਤੇ ਐਸਈ ਸੰਜੇ ਕੰਵਰ ਵੀ ਹਾਜ਼ਰ ਸਨ।
ਮੇਅਰ ਜੀਤੀ ਸਿੱਧੂ ਨੇ ਕਿਹਾ ਕਿ ਇੱਥੇ ਤਹਿਬਾਜ਼ਾਰੀ ਦਾ ਕਾਫ਼ੀ ਸਾਮਾਨ ਪਿਆ ਹੈ, ਜਿਸ ਵਿੱਚ ਬੋਰਡ, ਫਲੈਕਸਾਂ ਤੇ ਹੋਰ ਸਾਮਾਨ ਇੱਥੇ ਕਬਾੜ ਦੇ ਰੂਪ ਵਿੱਚ ਪਿਆ ਹੈ। ਇੱਥੇ ਖੜੀ ਪੁਰਾਣੀ ਮਸ਼ੀਨਰੀ ਨੂੰ ਜੰਗ ਲੱਗਣ ਕਾਰਨ ਖਰਾਬ ਹੋ ਕੇ ਕਬਾੜ ਬਣ ਚੁੱਕੀ ਹੈ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਇਸ ਪੂਰੇ ਖੇਤਰ ਦੀ ਸਫ਼ਾਈ ਕੀਤੀ ਜਾਵੇ ਅਤੇ ਤਹਿ ਬਾਜ਼ਾਰੀ ਸ਼ਾਖ਼ਾ ਵੱਲੋਂ ਜ਼ਬਤ ਕੀਤੇ ਜਾਂਦੇ ਸਾਮਾਨ ਲਈ ਕੋਈ ਹੋਰ ਥਾਂ ਰਾਖਵੀਂ ਰੱਖੀ ਜਾਵੇ ਅਤੇ ਇਸ ਨੂੰ ਵੀ ਇੱਥੋਂ ਸ਼ਿਫਟ ਕੀਤਾ ਜਾਵੇ। ਉਨ੍ਹਾਂ ਅਧਿਕਾਰੀਆਂ ਨੂੰ ਇਹ ਵੀ ਕਿਹਾ ਕਿ ਇੱਥੇ ਖੜੀ ਜੰਗਲੀ ਬੂਟੀ ਦੀ ਸਫ਼ਾਈ ਕਰਵਾਈ ਜਾਵੇ ਅਤੇ ਭਵਿੱਖ ਵਿੱਚ ਇੱਥੇ ਸਿਰਫ਼ ਚਾਲੂ ਮਸ਼ੀਨਰੀ ਹੀ ਖੜ੍ਹੀ ਕੀਤੇ ਜਾਣ ਵਾਲਾ ਸਟੋਰ ਕਾਇਮ ਕੀਤਾ ਜਾਵੇ।
ਜੀਤੀ ਸਿੱਧੂ ਨੇ ਕਿਹਾ ਕਿ ਇੱਥੇ ਨਾਲ ਹੀ ਗਊਸ਼ਾਲਾ ਹੈ ਅਤੇ ਇੱਥੇ ਕੁੱਤਿਆਂ ਦੇ ਅਪਰੇਸ਼ਨ ਕੀਤੇ ਜਾਂਦੇ ਹਨ। ਇਸ ਲਈ ਇਸ ਪੂਰੀ ਥਾਂ ਦੀ ਸਫ਼ਾਈ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਤਹਿ ਬਾਜ਼ਾਰੀ ਸ਼ਾਖ਼ਾ ਵੱਲੋਂ ਜ਼ਬਤ ਕੀਤੇ ਜਾਂਦੇ ਸਾਮਾਨ ਲਈ ਨਿਗਮ ਅਧਿਕਾਰੀਆਂ ਨੂੰ ਹੋਰ ਢੁਕਵੀਂ ਥਾਂ ਦਾ ਪ੍ਰਬੰਧ ਕਰਨ ਲਈ ਕਿਹਾ ਗਿਆ ਹੈ ਤਾਂ ਜੋ ਇੱਥੇ ਸਿਰਫ਼ ਨਗਰ ਨਿਗਮ ਦੀ ਮਸ਼ੀਨਰੀ ਹੀ ਖੜ੍ਹੀ ਕੀਤੀ ਜਾ ਸਕੇ। ਉਨ੍ਹਾਂ ਅਧਿਕਾਰੀਆਂ ਨੂੰ ਤਾਜ਼ਾ ਹਦਾਇਤਾਂ ’ਤੇ ਫੌਰੀ ਅਮਲ ਕਰਨ ਲਈ ਕਿਹਾ।

ਇੱਥੇ ਜ਼ਿਕਰਯੋਗ ਹੈ ਕਿ ਇਹ ਪਹਿਲੀ ਵਾਰ ਹੈ ਕਿ ਕਿਸੇ ਮੇਅਰ ਨੇ ਮੁਹਾਲੀ ਨਗਰ ਨਿਗਮ ਦੇ ਸਟੋਰ ਦਾ ਦੌਰਾ ਕੀਤਾ ਹੈ। ਇਸ ਸਟੋਰ ਵਿੱਚ ਵਰ੍ਹਿਆਂ ਤੋਂ ਮੁਹਾਲੀ ਨਗਰ ਨਿਗਮ ਵੱਲੋਂ ਵੱਖ-ਵੱਖ ਸਮਿਆਂ ਤੇ ਖਰੀਦ ਕੀਤੀ ਗਈ ਮਸ਼ੀਨਰੀ ਖੜ੍ਹੀ ਖੜ੍ਹੀ ਹੀ ਜੰਗ ਖਾ ਗਈ ਹੈ ਅਤੇ ਪੂਰੀ ਤਰ੍ਹਾਂ ਕਬਾੜ ਹੋ ਚੁੱਕੀ ਹੈ। ਇਥੇ ਹੋਰ ਵੀ ਬਹੁਤ ਕੂੜਾ ਕਬਾੜ ਪਿਆ ਹੈ ਜਿਸ ਵਿੱਚ ਲੋਹੇ ਦੇ ਕਬਾੜ ਜ਼ਿਆਦਾ ਹੈ। ਇਹ ਬਹੁਤ ਵੱਡੀ ਜਗ੍ਹਾ ਹੈ ਅਤੇ ਜੇਕਰ ਇੱਥੇ ਸਾਫ ਸਫਾਈ ਹੋ ਜਾਂਦੀ ਹੈ ਇਸ ਦੀ ਵਧੀਆ ਵਰਤੋਂ ਹੋ ਸਕਦੀ ਹੈ।

Load More Related Articles
Load More By Nabaz-e-Punjab
Load More In General News

Check Also

ਦਿਵਿਆਂਗ ਬੱਚਿਆਂ ਨੂੰ ਪੜਾਉਣ ਵਾਲੇ ਅਧਿਆਪਕਾਂ ਦਾ ਲੜੀਵਾਰ ਧਰਨਾ 59ਵੇਂ ਦਿਨ ’ਚ ਦਾਖ਼ਲ

ਦਿਵਿਆਂਗ ਬੱਚਿਆਂ ਨੂੰ ਪੜਾਉਣ ਵਾਲੇ ਅਧਿਆਪਕਾਂ ਦਾ ਲੜੀਵਾਰ ਧਰਨਾ 59ਵੇਂ ਦਿਨ ’ਚ ਦਾਖ਼ਲ ਨਬਜ਼-ਏ-ਪੰਜਾਬ, ਮੁਹਾਲ…