
ਰਾਘਵ ਚੱਢਾ ਨੂੰ ਸਲਾਹਕਾਰ ਕਮੇਟੀ ਦਾ ਚੇਅਰਮੈਨ ਬਣਾਉਣ ਉੱਤੇ ਬੋਲੇ ਆਜ਼ਾਦ ਡਿਪਟੀ ਮੇਅਰ ਕੁਲਜੀਤ ਬੇਦੀ
ਪੰਜਾਬ ’ਤੇ ਦਿੱਲੀ ਦੇ ਕਬਜ਼ੇ ਦੀ ਨੀਅਤ ਨੰਗੇ ਚਿੱਟੇ ਰੂਪ ਵਿੱਚ ਸਾਹਮਣੇ ਆਈ: ਬੇਦੀ
ਰਾਘਵ ਚੱਢਾ ਨੂੰ ਅਜਿਹੇ ਕਿਹੜੇ ‘‘ਸੁਰਖ਼ਾਬ ਦੇ ਪਰ’’ ਲੱਗੇ ਜੋ ਧੜਾਧੜ ਦਿੱਤੇ ਜਾ ਰਹੇ ਹਨ ਅਹਿਮ ਅਹੁਦੇ: ਡਿਪਟੀ ਮੇਅਰ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਜੁਲਾਈ:
ਰਾਜ ਸਭਾ ਦੇ ਮੈਂਬਰ ਅਤੇ ਆਪ ਆਗੂ ਰਾਘਵ ਚੱਢਾ ਨੂੰ ਪੰਜਾਬ ਸਰਕਾਰ ਦੀ ਨਵੀਂ ਸਲਾਹਕਾਰ ਕਮੇਟੀ ਦਾ ਚੇਅਰਮੈਨ ਬਣਾਏ ਜਾਣ ਉੱਤੇ ਪ੍ਰਤੀਕਰਮ ਕਰਦਿਆਂ ਮੁਹਾਲੀ ਨਗਰ ਨਿਗਮ ਦੇ ਆਜ਼ਾਦ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਇਸ ਨਾਲ ਇਹ ਸਾਬਤ ਹੋ ਗਿਆ ਹੈ ਕਿ ਪੰਜਾਬ ਨੂੰ ਪੱਕੇ ਤੌਰ ’ਤੇ ਦਿੱਲੀ ਦੇ ਹਵਾਲੇ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਹ ਕਹਿ ਰਹੀ ਹੈ ਕਿ ਇਹ ਕਮੇਟੀ ਲੋਕ ਹਿੱਤ ਦੇ ਮੁੱਦਿਆਂ ’ਤੇ ਸਰਕਾਰ ਨੂੰ ਸਲਾਹ ਦੇਵੇਗੀ ਪਰ ਅਸਲੀਅਤ ਇਹ ਹੈ ਕਿ ਇਸ ਕਮੇਟੀ ਰਾਹੀਂ ਪਿਛਲੇ ਦਰਵਾਜ਼ੇ ਤੋਂ ਦਿੱਲੀ ਦੀ ਪੰਜਾਬ ਸਰਕਾਰ ਵਿੱਚ ਸਿੱਧੀ ਦਖ਼ਲਅੰਦਾਜ਼ੀ ਹੋਵੇਗੀ। ਉਨ੍ਹਾਂ ਕਿਹਾ ਕਿ ਬਿੱਲੀ ਥੈਲਿਓਂ ਬਾਹਰ ਆ ਗਈ ਹੈ ਅਤੇ ਕੇਜਰੀਵਾਲ ਦੀ ਪੰਜਾਬ ’ਤੇ ਦਿੱਲੀ ਦੇ ਕਬਜ਼ੇ ਦੀ ਨੀਅਤ ਨੰਗੇ ਚਿੱਟੇ ਰੂਪ ਵਿੱਚ ਸਾਹਮਣੇ ਆ ਗਈ ਹੈ।
ਉਨ੍ਹਾਂ ਸਵਾਲ ਕੀਤਾ ਕਿ ਰਾਘਵ ਚੱਢਾ ਨੂੰ ਅਜਿਹੇ ਕਿਹੜੇ ਸੁਰਖ਼ਾਬ ਦੇ ਪਰ ਲੱਗੇ ਹਨ ਜੋ ਪਹਿਲਾਂ ਦਿੱਲੀ ਦੇ ਇਸ ਵਿਧਾਇਕ ਨੂੰ ਪੰਜਾਬ ਤੋਂ ਮੈਂਬਰ ਪਾਰਲੀਮੈਂਟ ਬਣਾਇਆ ਗਿਆ ਅਤੇ ਹੁਣ ਸਲਾਹਕਾਰ ਕਮੇਟੀ ਦਾ ਚੇਅਰਮੈਨ ਬਣਾ ਕੇ ਕੈਬਨਿਟ ਮੰਤਰੀ ਦੇ ਰੈਂਕ ਦਾ ਦਰਜਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਕੋਲ ਹੋਰ ਕੋਈ ਭਰੋਸੇ ਯੋਗ ਆਗੂ ਹੀ ਨਹੀਂ ਬਚਿਆ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਇਹ ਕਹਿ ਰਹੀ ਹੈ ਕਿ ਇਸ ਕਮੇਟੀ ਰਾਹੀਂ ਦਿੱਲੀ ਅਤੇ ਪੰਜਾਬ ਸਰਕਾਰ ਦਰਮਿਆਨ ਗਿਆਨ ਵੰਡ ਸਮਝੌਤੇ ਨੂੰ ਤੇਜ਼ੀ ਨਾਲ ਲਾਗੂ ਕੀਤਾ ਜਾਵੇਗਾ। ਇਸ ਕਮੇਟੀ ਦੇ ਅਹੁਦੇਦਾਰਾਂ ਨੂੰ ਕੋਈ ਵੱਖਰਾ ਭੱਤਾ ਜਾਂ ਲਾਭ ਨਹੀਂ ਮਿਲੇਗਾ। ਉਨ੍ਹਾਂ ਕਿਹਾ ਕਿ ਅਜਿਹਾ ਇਸ ਕਰਕੇ ਕੀਤਾ ਗਿਆ ਹੈ ਕਿਉਂਕਿ ਮੈਂਬਰ ਪਾਰਲੀਮੈਂਟ ਨੂੰ ਕੋਈ ਵੱਖਰਾ ਭੱਤਾ ਜਾਂ ਲਾਭ ਦਿੱਤਾ ਹੀ ਨਹੀਂ ਜਾ ਸਕਦਾ।
ਕੁਲਜੀਤ ਬੇਦੀ ਨੇ ਕਿਹਾ ਕਿ ਵੱਡੀ ਗੱਲ ਇਹ ਹੈ ਕਿ ਇਹ ਗਿਆਨ ਵੰਡ ਸਮਝੌਤਾ ਅਪ੍ਰੈਲ ਵਿਚ ਲਾਗੂ ਹੋਇਆ ਸੀ ਪਰ ਉਸ ਤੋਂ ਬਾਅਦ ਇਸ ਉਤੇ ਡੱਕਾ ਵੀ ਨੂੰ ਤੋੜਿਆ ਗਿਆ। ਉਨ੍ਹਾਂ ਕਿਹਾ ਕਿ ਰਾਘਵ ਚੱਢਾ ਨੂੰ ਸਲਾਹਕਾਰ ਕਮੇਟੀ ਦਾ ਚੇਅਰਮੈਨ ਬਣਾ ਕੇ ਪੰਜਾਬ ਭਗਵੰਤ ਮਾਨ ਸਰਕਾਰ ਨੂੰ ਅਰਵਿੰਦ ਕੇਜਰੀਵਾਲ ਨੇ ਉਸ ਦੀ ਅਸਲੀਅਤ ਦਸ ਦਿੱਤੀ ਹੈ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਵਿੱਚ ਅਰਵਿੰਦ ਕੇਜਰੀਵਾਲ ਦੀ ਰਾਘਵ ਚੱਢਾ ਰਾਹੀਂ ਸਿੱਧੀ ਦਖਲਅੰਦਾਜ਼ੀ ਹੋ ਗਈ ਹੈ ਅਤੇ ਭਗਵੰਤ ਮਾਨ ਦੀ ਸਰਕਾਰ ਦਿੱਲੀ ਦੀ ਅਰਵਿੰਦ ਕੇਜਰੀਵਾਲ ਦੀ ਗੋਡਾ ਟੇਕੂ ਸਰਕਾਰ ਬਣ ਕੇ ਰਹਿ ਗਈ ਹੈ।