Nabaz-e-punjab.com

ਮੇਅਰ ਕੁਲਵੰਤ ਸਿੰਘ ਨੇ ਅਕਾਲੀ ਕੌਂਸਲਰ ਬੀਬੀ ਕੰਗ ਦੇ ਵਾਰਡ ਵਿੱਚ ਕੀਤਾ ਓਪਨ ਏਅਰ ਜਿੰਮ ਦਾ ਉਦਘਾਟਨ

ਮੁਹਾਲੀ ਨਿਗਮ ਵੱਲੋਂ ਪਾਰਕਾਂ ’ਚ ਲਗਾਏ ਜਾ ਰਹੇ ਓਪਨ ਏਅਰ ਜਿੰਮਾਂ ਦਾ ਵੱਧ ਤੋਂ ਵੱਧ ਲਾਹਾ ਲੈਣ ਸ਼ਹਿਰ ਵਾਸੀ: ਕੁਲਵੰਤ ਸਿੰਘ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਅਗਸਤ:
ਮੁਹਾਲੀ ਦੇ ਮੇਅਰ ਕੁਲਵੰਤ ਸਿੰਘ ਨੇ ਅੱਜ ਇੱਥੋਂ ਦੇ ਫੇਜ਼-4 (ਵਾਰਡ ਨੰਬਰ-10) ਦੇ ਪਾਰਕ ਵਿੱਚ ਓਪਨ ਏਅਰ ਜਿੰਮ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਨਗਰ ਨਿਗਮ ਸ਼ਹਿਰ ਦੇ ਸਰਬਪੱਖੀ ਵਿਕਾਸ ਲਈ ਲਗਾਤਾਰ ਯਤਨਸ਼ੀਲ ਹੈ ਅਤੇ ਇਸ ਸਬੰਧੀ ਅਨੇਕਾਂ ਯੋਜਨਾਵਾਂ ਉਲੀਕੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਮੁਹਾਲੀ ਦੇ ਸਾਰੇ ਵਾਰਡਾਂ ਅਤੇ ਵੱਡੇ ਪਾਰਕਾਂ ਵਿੱਚ 56 ਓਪਨ ਏਅਰ ਜਿੰਮ ਸਥਾਪਿਤ ਕਰਨ ਦਾ ਮਤਾ ਪਾਸ ਕੀਤਾ ਗਿਆ ਸੀ। ਜਿਨ੍ਹਾਂ ’ਚੋਂ ਅਕਾਲੀ ਕੌਂਸਲਰ ਕੁਲਦੀਪ ਕੌਰ ਕੰਗ ਦੀ ਮੰਗ ’ਤੇ ਅੱਜ ਫੇਜ਼-4 ਦੇ ਲੋਕਾਂ ਨੂੰ ਓਪਨ ਜਿੰਮ ਸਮਰਪਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਿੰਮ ਵਿੱਚ ਜਿਹੜੀਆਂ ਮਸ਼ੀਨਾਂ ਲਗਾਈਆਂ ਗਈਆਂ ਹਨ, ਉਨ੍ਹਾਂ ਦੀ ਵਰਤੋਂ ਛੋਟੇ ਬੱਚੇ ਅਤੇ ਬਜ਼ੁਰਗ ਆਸਾਨੀ ਨਾਲ ਕਰ ਸਕਦੇ ਹਨ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੇਅਰ ਕੁਲਵੰਤ ਸਿੰਘ ਨੇ ਕਿਹਾ ਕਿ ਨਗਰ ਨਿਗਮ ਵੱਲੋਂ ਸ਼ਹਿਰ ਵਿੱਚ ਜਿੱਥੇ ਬਿਨਾਂ ਕਿਸੇ ਭੇਦਭਾਵ ਤੋਂ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ, ਉੱਥੇ ਨਾਲ ਹੀ ਵੱਖ ਵੱਖ ਪਾਰਕਾਂ ਵਿੱਚ ਓਪਨ ਏਅਰ ਜਿੰਮ ਸਥਾਪਿਤ ਕਰਕੇ ਲੋਕਾਂ ਦੀ ਸਿਹਤ ਦਾ ਵੀ ਖਿਆਲ ਰੱਖਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਚਲ ਰਹੇ ਵਿਕਾਸ ਕਾਰਜਾਂ ਅਤੇ ਅਧੂਰੇ ਪਏ ਕੰਮਾਂ ਨੂੰ ਮਿਥੇ ਸਮੇਂ ਵਿੱਚ ਮੁਕੰਮਲ ਕਰਨ ਲਈ ਫੰਡਾਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਸ਼ਹਿਰ ਵਾਸੀਆਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕੀਤੀਆਂ ਜਾਣਗੀਆਂ ਅਤੇ ਪਾਰਕਾਂ ਨੂੰ ਸੈਰਗਾਹ ਵਜੋਂ ਵਿਕਸਤ ਕੀਤਾ ਜਾਵੇਗਾ।
ਇਸ ਮੌਕੇ ਅਕਾਲੀ ਕੌਂਸਲਰ ਕੁਲਦੀਪ ਕੌਰ ਕੰਗ ਨੇ ਦੱਸਿਆ ਕਿ ਰਿਹਾਇਸ਼ੀ ਪਾਰਕ ਵਿੱਚ 10 ਲੱਖ ਦੀ ਲਾਗਤ ਨਾਲ ਓਪਨ ਏਅਰ ਜਿੰਮ ਲਗਾਇਆ ਗਿਆ ਹੈ। ਇਸ ਤੋਂ ਪਹਿਲਾਂ ਨਗਰ ਨਿਗਮ ਵੱਲੋਂ 15 ਲੱਖ ਰੁਪਏ ਖ਼ਰਚ ਕੇ ਇਸ ਪਾਰਕ ਨੂੰ ਸੈਰਗਾਹ ਵਜੋਂ ਵਿਕਸਤ ਕੀਤਾ ਗਿਆ ਹੈ। ਪਾਰਕ ਵਿੱਚ ਲੋਕਾਂ ਦੇ ਸੈਰ ਕਰਨ ਲਈ ਟਰੈਕ ਬਣਾਉਣ ਦੇ ਨਾਲ ਨਾਲ ਨਵੇਂ ਬੈਂਚ ਅਤੇ ਬੱਚਿਆਂ ਲਈ ਝੂਲੇ ਲਗਾਏ ਗਏ ਹਨ।
ਇਸ ਮੌਕੇ ਗੁਰਮੁੱਖ ਸਿੰਘ ਸੋਹਲ, ਕਮਲਜੀਤ ਸਿੰਘ ਰੂਬੀ, ਆਰਪੀ ਸ਼ਰਮਾ, ਕਮਲਜੀਤ ਕੌਰ ਅਤੇ ਜਸਵੀਰ ਕੌਰ ਅੱਤਲੀ (ਸਾਰੇ ਅਕਾਲੀ ਕੌਂਸਲਰ), ਐਚਐਮ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਨਰਿੰਦਰ ਸਿੰਘ ਕਲਸੀ, ਵੈਲਫੇਅਰ ਐਸੋਸੀਏਸ਼ਨ ਫੇਜ਼-5 ਦੇ ਪ੍ਰਧਾਨ ਮਹਿੰਦਰ ਸਿੰਘ, ਰਣਜੀਤ ਕੌਰ, ਗੁਰਦੁਆਰਾ ਕਲਗੀਧਰ ਸਾਹਿਬ ਦੇ ਪ੍ਰਧਾਨ ਅਮਰਜੀਤ ਸਿੰਘ ਪਾਹਵਾ, ਯੂਥ ਆਗੂ ਜਗਵਿੰਦਰ ਜੱਗਾ ਅਤੇ ਹੋਰ ਪਤਵੰਤੇ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ ਵਿੱਚ ਤਿੰਨ ਰੋਜ਼ਾ ਸਾਲਾਨਾ ਧਾਰਮਿਕ ਸਮਾਗਮ ਸਮਾਪਤ

ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ ਵਿੱਚ ਤਿੰਨ ਰੋਜ਼ਾ ਸਾਲਾਨਾ ਧਾਰਮਿਕ ਸਮਾਗਮ ਸਮਾਪਤ ਵੱਡੀ ਗਿਣਤੀ ਵਿੱਚ ਸ਼ਖ਼…