Nabazepunjab.com

ਵਿਕਾਸ ਕਾਰਜਾਂ ਦੀ ਝੜੀ ਲਗਾ ਕੇ ਆਪਣੀ ਸਥਿਤੀ ਲਗਾਤਾਰ ਮਜ਼ਬੂਤ ਕਰ ਰਹੇ ਹਨ ਮੇਅਰ ਕੁਲਵੰਤ ਸਿੰਘ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਅਕਤੂਬਰ:
ਮੁਹਾਲੀ ਨਗਰ ਨਿਗਮ ਦਾ ਕਾਰਜਕਾਲ ਭਾਵੇਂ ਅਪਰੈਲ 2020 ਵਿੱਚ ਖ਼ਤਮ ਹੋਣਾ ਹੈ ਲੇਕਿਨ ਇਨੀਂ ਦਿਨੀਂ ਇਹ ਆਮ ਚਰਚਾ ਛਿੜੀ ਹੋਈ ਹੈ ਕਿ ਨਗਰ ਨਿਗਮ ਦੀਆਂ ਚੋਣਾਂ ਫਰਵਰੀ 2020 ਜਾਂ ਮਾਰਚ ਵਿੱਚ ਕਰਵਾਈਆਂ ਜਾ ਸਕਦੀਆਂ ਹਨ ਅਤੇ ਇਸ ਦੇ ਨਾਲ ਹੀ ਨਗਰ ਨਿਗਮ ਚੋਣਾਂ ਲੜਣ ਦੇ ਚਾਹਵਾਨ ਉਮੀਦਵਾਰਾਂ ਦੀਆਂ ਸਰਗੋਸ਼ੀਆਂ ਵੀ ਆਰੰਭ ਹੋਣ ਲੱਗ ਗਈਆਂ ਹਨ। ਵੱਖ ਵੱਖ ਫੇਜ਼ਾਂ ਵਿੱਚ ਅੱਜ ਕੱਲ੍ਹ ਅਜਿਹੇ ਕਈ ਆਪੋ ਬਣੇ ਆਗੂ ਜਨਤਕ ਮੁੱਦਿਆਂ ’ਤੇ ਬਿਆਨਬਾਜੀ ਕਰਦੇ ਨਜ਼ਰ ਆ ਰਹੇ ਹਨ। ਜਿਹੜੇ ਪਹਿਲਾਂ ਕਦੇ ਵੀ ਕਿਤੇ ਬਹੁਤ ਸਰਗਰਮ ਨਜ਼ਰ ਨਹੀਂ ਆਉਂਦੇ ਸਨ ਅਤੇ ਜਾਹਰ ਹੈ ਕਿ ਉਹਨਾਂ ਵੱਲੋਂ ਇਹ ਸਾਰੀ ਕਸਰਤ ਨਗਰ ਨਿਗਮ ਦੀਆਂ ਆਉਣ ਵਾਲੀਆਂ ਚੋਣਾਂ ਨੂੰ ਲੈ ਕੇ ਹੀ ਕੀਤੀ ਜਾ ਰਹੀ ਹੈ ਕਿਉਂਕਿ ਅਜਿਹੇ ਆਪੋ ਬਣੇ ਆਗੂਆਂ ਨੂੰ ਇਹ ਲੱਗਦਾ ਹੈ ਜਨਹਿੱਤ ਵਿੱਚ ਕੀਤੀ ਜਾਣ ਵਾਲੀ ਅਜਿਹੀ ਬਿਆਨਬਾਜ਼ੀ ਨਾਲ ਉਹ ਆਪਣੇ ਖੇਤਰ ਦੇ ਲੀਡਰ ਦਾ ਦਰਜਾ ਹਾਸਿਲ ਕਰ ਸਕਦੇ ਹਨ। ਨਗਰ ਨਿਗਮ ’ਤੇ ਕਾਬਜ ਧਿਰ ਅਤੇ ਵਿਰੋਧੀ ਧਿਰ ਨੇ ਚੋਣਾਂ ਨੂੰ ਲੈ ਕੇ ਹੁਣੇ ਤੋਂ ਰਣਨੀਤੀ ਤਿਆਰ ਕਰਨੀ ਸ਼ੁਰੂ ਕਰ ਦਿੱਤੀ ਹੈ।
ਮੇਅਰ ਕੁਲਵੰਤ ਸਿੰਘ ਦੀ ਅਗਵਾਈ ਵਿੱਚ ਅਕਾਲੀ ਭਾਜਪਾ ਗਠਜੋੜ ਵਲੋੱ ਜਿੱਥੇ ਨਗਰ ਨਿਗਮ ਦੀਆਂ ਮੀਟਿੰਗਾਂ ਦੌਰਾਨ ਇੱਕ ਤੋੱ ਬਾਅਦ ਇੱਕ ਵਿਕਾਸ ਦੇ ਕਾਰਜਾਂ ਨੂੰ ਮੰਜੂਰੀ ਦਿੱਤੀ ਜਾ ਰਹੀ ਹੈ ਉੱਥੇ ਮੇਅਰ ਦੀ ਅਗਵਾਈ ਵਾਲੀ ਵਿੱਤ ਅਤੇ ਠੇਕਾ ਕਮੇਟੀ ਵਲੋੱ ਵੀ ਵੱਖ ਵੱਖ ਵਿਕਾਸ ਕਾਰਜਾਂ ਬਾਰੇ ਲਗਾਤਾਰ ਮਤੇ ਪਾਸ ਕੀਤੇ ਜਾ ਰਹੇ ਹਨ। ਕੁੱਝ ਦਿਨ ਪਹਿਲਾਂ ਹੋਈ ਵਿੱਤ ਅਤੇ ਠੇਕਾ ਕਮੇਟੀ ਦੀ ਮੀਟਿੰਗ ਵਿੱਚ ਵੀ ਲਗਭਗ 10 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦੇ ਮਤਿਆਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਜਿਨ੍ਹਾਂ ਵਿੱਚ ਹਰੇਕ ਵਾਰਡ ਵਿੱਚ ਇਕ ਓਪਨ ਏਅਰ ਜਿਮ ਸਥਾਪਿਤ ਕਰਨਾ ਅਤੇ ਕੌਂਸਲਰਾਂ ਦੀ ਮੰਗ ਅਨੁਸਾਰ ਹੋਰ ਜਿਮ ਲਗਾਉਣ ਦਾ ਮਤਾ ਵੀ ਸ਼ਾਮਲ ਹੈ।
ਇਹ ਵੀ ਚਰਚਾ ਪੁਰੇ ਜ਼ੋਰਾਂ ’ਤੇ ਹੈ ਕਿ ਅਕਾਲੀ ਭਾਜਪਾ ਗੱਠਜੋੜ ਵੱਲੋਂ ਨਗਰ ਨਿਗਮ ਚੋਣਾਂ ਮੇਅਰ ਕੁਲਵੰਤ ਸਿੰਘ ਦੀ ਯੋਗ ਅਗਵਾਈ ਵਿੱਚ ਹੀ ਲੜੀਆਂ ਜਾਣਗੀਆਂ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਮੇਅਰ ਕੁਲਵੰਤ ਸਿੰਘ ਨੂੰ ਮੁਹਾਲੀ ਤੋਂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਮੁਕਾਬਲੇ ਚੋਣ ਲੜਾਉਣਾ ਚਾਹੁੰਦੇ ਹਨ। ਜਿਸ ਕਾਰਨ ਨਗਰ ਨਿਗਮ ਦੀਆਂ ਇਹ ਚੋਣਾਂ ਮੇਅਰ ਦੀ ਅਗਵਾਈ ਵਿੱਚ ਕਰਵਾਉਣਾ ਤੈਅ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਉਮੀਦਵਾਰਾਂ ਨੂੰ ਟਿਕਟਾਂ ਵੀ ਮੇਅਰ ਦੀ ਮਰਜੀ ਨਾਲ ਹੀ ਦਿੱਤੀਆਂ ਜਾਣਗੀਆਂ। ਸੂਤਰ ਦੱਸਦੇ ਹਨ ਕਿ ਨਗਰ ਨਿਗਮ ਚੋਣਾਂ ਵਿੱਚ ਬਹੁਮਤ ਹਾਸਲ ਕਰਨ ਲਈ ਐਤਕੀਂ ਕੁਝ ਪੁਰਾਣੇ ਕੌਂਸਲਰਾਂ ਦਾ ਪੱਤਾ ਕੱਟ ਕੇ ਨਵੇਂ ਚਿਹਰੇ ਮੈਦਾਨ ਵਿੱਚ ਉਤਾਰੇ ਜਾ ਸਕਦੇ ਹਨ।
ਜੇਕਰ ਮੇਅਰ ਕੁਲਵੰਤ ਸਿੰਘ ਦੀ ਗੱਲ ਕੀਤੀ ਜਾਵੇ ਤਾਂ ਉਹ ਇਸ ਵੇਲੇ ਪੂਰੇ ਆਤਮ ਵਿਸ਼ਵਾਸ਼ ਵਿੱਚ ਦਿਖਦੇ ਹਨ ਅਤੇ ਉਹਨਾਂ ਵੱਲੋਂ ਸ਼ਹਿਰ ਦੇ ਵਿਕਾਸ ਕਾਰਜਾਂ ਦੇ ਇੱਕ ਤੋਂ ਬਾਅਦ ਇੱਕ ਉਦਘਾਟਨ ਕੀਤੇ ਜਾ ਰਹੇ ਹਨ। ਇਸ ਦੌਰਾਨ ਉਹਨਾਂ ਵੱਲੋਂ ਸ਼ਹਿਰ ਦਾ ਸਰਬਪੱਖੀ ਵਿਕਾਸ ਕਰਨ ਅਤੇ ਸ਼ਹਿਰ ਵਾਸੀਆਂ ਨੂੰ ਮਿਆਰੀ ਸੁਵਿਧਾਵਾ ਮੁਹਈਆ ਕਰਵਾਉਣ ਤੇ ਹੀ ਜੋਰ ਦਿੱਤਾ ਜਾਂਦਾ ਹੈ ਅਤੇ ਸ਼ਹਿਰ ਵਾਸੀਆਂ ਵਿੱਚ ਉਹਨਾਂ ਦੀ ਲਗਾਤਾਰ ਵੱਧਦੀ ਤਾਕਤ ਨੇ ਉਹਨਾਂ ਦੇ ਸਿਆਸੀ ਵਿਰੋਧੀਆਂ ਦੀ ਨੀਂਦ ਉੜਾਈ ਹੋਈ ਹੈ।
ਉਧਰ, ਦੂਜੇ ਪਾਸੇ ਜੇਕਰ ਨਿਗਮ ਦੀ ਵਿਰੋਧੀ ਧਿਰ ਦੀ ਗੱਲ ਕੀਤੀ ਜਾਵੇ ਤਾਂ ਕਾਂਗਰਸ ਪਾਰਟੀ ਭਾਵੇਂ ਪੰਜਾਬ ਦੀ ਸੱਤਾ ਦਾ ਸੁਖ ਮਾਣ ਰਹੀ ਹੈ ਅਤੇ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਦੀ ਕੁਰਸੀ ਵੀ ਕਾਂਗਰਸ ਪਾਰਟੀ ਦੇ ਕੌਂਸਲਰ ਰਿਸ਼ਵ ਜੈਨ ਕੋਲ ਹੈ ਪ੍ਰੰਤੂ ਇਸਦੇ ਬਾਵਜੂਦ ਕਾਂਗਰਸ ਪਾਰਟੀ ਦੀ ਨਗਰ ਨਿਗਮ ਤੇ ਪਕੜ ਕਾਇਮ ਨਹੀਂ ਹੋ ਪਾਈ ਹੈ। ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਵੀ ਸਮੇਂ ਸਮੇਂ ’ਤੇ ਸ਼ਹਿਰ ਦੇ ਵਿਕਾਸ ਕਾਰਜਾਂ ਲਈ ਸਰਕਾਰ ਤੋਂ ਗਰਾਂਟਾਂ ਦਿਵਾਉਣ ਦੀ ਗੱਲ ਵੀ ਕੀਤੀ ਜਾਂਦੀ ਹੈ ਪ੍ਰੰਤੂ ਇਸ ਦੇ ਉਲਟ ਮੇਅਰ ਕੁਲਵੰਤ ਸਿੰਘ ਧੜੇ ਦਾ ਨਗਰ ਨਿਗਮ ’ਤੇ ਕਾਬਜ਼ ਹੋਣ ਕਾਰਨ ਸ਼ਹਿਰ ਵਿੱਚ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਦਾ ਜ਼ਿਆਦਾ ਕ੍ਰੈਡਿਟ ਮੇਅਰ ਨੂੰ ਹੀ ਮਿਲਦਾ ਹੈ।
ਸ੍ਰੀ ਸਿੱਧੂ ਵੱਲੋਂ ਸਮੇਂ ਸਮੇਂ ’ਤੇ ਨਗਰ ਨਿਗਮ ਵੱਲੋਂ ਕਾਂਗਰਸੀ ਕੌਂਸਲਰਾਂ ਦੇ ਵਾਰਡਾਂ ਵਿੱਚ ਕਰਵਾਏ ਜਾਣ ਵਾਲੇ ਵਿਕਾਸ ਕਾਰਜਾਂ ਦੇ ਉਦਘਾਟਨ ਵੀ ਕੀਤੇ ਜਾਂਦੇ ਹਨ। ਇਸ ਦੌਰਾਨ ਉਹਨਾਂ ਵੱਲੋਂ ਮੇਅਰ ਕੁਲਵੰਤ ਸਿੰਘ ਦਾ ਨਾਮ ਲਏ ਬਿਨਾਂ ਉਹਨਾਂ ਦੀ ਕਾਰਗੁਜਾਰੀ ਤੇ ਸਵਾਲ ਵੀ ਚੁੱਕੇ ਜਾਂਦੇ ਹਨ ਅਤੇ ਸ਼ਹਿਰ ਦੇ ਵਿਕਾਸ ਕਾਰਜਾਂ ਦਾ ਸਿਹਰਾ ਪੰਜਾਬ ਸਰਕਾਰ ਸਿਰ ਬੰਨਣ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਹੈ। ਦੂਜੇ ਪਾਸੇ ਮੇਅਰ ਕੁਲਵੰਤ ਸਿੰਘ ਵਲੋੱ ਅਕਾਲੀ ਭਾਜਪਾ ਗੱਠਜੋੜ ਦੇ ਕੌਂਸਲਰਾਂ ਦੇ ਵਾਰਡਾਂ ਵਿੱਚ ਆਏ ਦਿਨ ਕਿਸੇ ਨਾ ਕਿਸੇ ਕੰਮ ਦਾ ਉਦਘਾਟਨ ਕਰ ਦਿੱਤਾ ਜਾਦਾ ਹੈ ਅਤੇ ਜਿਆਦਾ ਕ੍ਰੈਡਿਟ ਉਨ੍ਹਾਂ ਦੇ ਖਾਤੇ ਲੈ ਜਾਂਦੇ ਹਨ।
ਸ਼ਹਿਰ ਵਿੱਚ ਇਹ ਆਮ ਚਰਚਾ ਹੈ ਕਿ ਇਹ ਦੋਵੇਂ ਧਿਰਾਂ ਸ਼ਹਿਰ ਵਿੱਚ ਵੱਧ ਤੋਂ ਵੱਧ ਵਿਕਾਸ ਕਾਰਜ ਕਰਵਾ ਕੇ ਉਸਦਾ ਕ੍ਰੈਡਿਟ ਲੈਣ ਦੀ ਦੌੜ ਵਿੱਚ ਹਨ ਅਤੇ ਇਸ ਦੌੜ ਵਿੱਚ ਮੇਅਰ ਕੁਲਵੰਤ ਸਿੰਘ ਥੋੜ੍ਹਾ ਅੱਗੇ ਦਿਖਦੇ ਹਨ। ਬੀਤੇ ਦਿਨੀਂ ਮੇਅਰ ਵੱਲੋਂ ਵਿੱਤ ਅਤੇ ਠੇਕਾ ਕਮੇਟੀ ਰਾਂਹੀ ਸ਼ਹਿਰ ਦੇ ਸਮੂਹ ਵਾਰਡਾਂ ਦੇ ਕੰਮ ਪਾਸ ਕੀਤੇ ਗਏ ਹਨ ਅਤੇ ਇਨ੍ਹਾਂ ਕੰਮਾਂ ਦੇ ਟੈਂਡਰ ਵੀ ਛੇਤੀ ਹੀ ਲੱਗ ਜਾਣੇ ਹਨ। ਕੁਲ ਮਿਲਾ ਕੇ ਸ਼ਹਿਰ ਦੇ ਵਿਕਾਸ ਕਾਰਜਾਂ ਦੀ ਇਸ ਹੋੜ ਵਿੱਚ ਸ਼ਹਿਰ ਵਾਸੀਆਂ ਦੇ ਕੰਮ ਤਾਂ ਹੋ ਰਹੇ ਹਨ ਇਸਦਾ ਪਤਾ ਤਾਂ ਨਿਗਮ ਦੀ ਚੋਣਾਂ ਤੋਂ ਬਾਅਦ ਹੀ ਲੱਗਣਾ ਹੈ ਕਿ ਸ਼ਹਿਰ ਵਾਸੀ ਨਿਗਮ ਵੱਲੋਂ ਕਰਵਾਏ ਜਾਣ ਵਾਲੇ ਇਹਨਾਂ ਕੰਮਾਂ ਦਾ ਕ੍ਰੈਡਿਟ ਕਿਸ ਨੂੰ ਦਿੰਦੇ ਹਨ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …