ਮੇਅਰ ਵੱਲੋਂ ਸੈਕਟਰ-76 ਤੋਂ 80 ਨੂੰ ਹਰਿਆ ਭਰਿਆ ਬਣਾਉਣ ਲਈ ਪੌਦੇ ਲਗਾਓ ਮੁਹਿੰਮ ਦਾ ਆਗਾਜ਼

ਨਵੇਂ ਸੈਕਟਰਾਂ ਦੇ ਰਿਹਾਇਸ਼ੀ ਪਾਰਕਾਂ ਵਿੱਚ 1 ਹਜ਼ਾਰ ਤੋਂ ਵੱਧ ਫੁਲ ਬੂਟੇ ਲਗਾਉਣ ਦਾ ਟੀਚਾ ਮਿਥਿਆ

ਸ਼ਹਿਰ ਨੂੰ ਸਾਫ਼-ਸੁਥਰਾ ਤੇ ਹਰਾ-ਭਰਾ ਰੱਖਣਾ ਹਰ ਨਾਗਰਿਕ ਦਾ ਨੈਤਿਕ ਫਰਜ਼: ਮੇਅਰ ਜੀਤੀ ਸਿੱਧੂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਅਗਸਤ:
ਮੁਹਾਲੀ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਅੱਜ ਇੱਥੋਂ ਦੇ ਸੈਕਟਰ-76 ਤੋਂ 80 ਵਿੱਚ ਜਨਮ ਅਸ਼ਟਮੀ ਦਾ ਤਿਉਹਾਰ ਮਨਾਉਂਦੇ ਹੋਏ ਸਮੁੱਚੇ ਇਲਾਕੇ ਨੂੰ ਹਰਿਆ ਬਣਾਉਣ ਅਤੇ ਵਾਤਾਵਰਨ ਵਿੱਚ ਸ਼ੁੱਧਤਾ ਲਈ ਬੂਟੇ ਲਗਾਓ ਮੁਹਿੰਮ ਦਾ ਆਗਾਜ਼ ਕੀਤਾ। ਇਸ ਮੌਕੇ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਤੇ ਨਗਰ ਨਿਗਮ ਦੇ ਕਮਿਸ਼ਨਰ ਡਾ. ਕਮਲ ਗਰਗ ਵੀ ਹਾਜ਼ਰ ਸਨ। ਮੇਅਰ ਨੇ ਐਲਾਨ ਕੀਤਾ ਕਿ ਨਗਰ ਨਿਗਮ ਵੱਲੋਂ ਨਵੇਂ ਸੈਕਟਰਾਂ ਵਿੱਚ ਲਗਪਗ 1 ਹਜ਼ਾਰ ਫੁਲ ਬੂਟੇ ਲਗਾਉਣ ਦਾ ਟੀਚਾ ਮਿਥਿਆ ਗਿਆ ਹੈ। ਇਸ ਤੋਂ ਇਲਾਵਾ ਮੁਹਾਲੀ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਪਹਿਲਾਂ ਤੋਂ ਲੱਗੇ ਰੁੱਖਾਂ ਦੀ ਸਹੀ ਤਰੀਕੇ ਨਾਲ ਸਾਂਭ-ਸੰਭਾਲ ਨੂੰ ਯਕੀਨੀ ਬਣਾਇਆ ਜਾਵੇਗਾ। ਇਸ ਕੰਮ ਲਈ ਬਾਗਬਾਨੀ ਵਿਭਾਗ ਨੂੰ 4 ਜ਼ੋਨਾਂ ਵਿੱਚ ਵੰਡਿਆ ਗਿਆ ਹੈ।
ਜੀਤੀ ਸਿੱਧੂ ਨੇ ਕਿਹਾ ਕਿ ਸ਼ਹਿਰ ਨੂੰ ਸਾਫ਼-ਸੁਥਰਾ ਅਤੇ ਹਰਿਆ-ਭਰਿਆ ਰੱਖਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਮੁਹਿੰਮ ਨੂੰ ਸਫਲ ਬਣਾਉਣ ਲਈ ਹਰ ਨਾਗਰਿਕ ਤੋਂ ਸਹਿਯੋਗ ਦੀ ਅਪੀਲ ਕੀਤੀ, ਕਿਉਂਕਿ ਕੋਈ ਵੀ ਕੰਮ ਲੋਕਾਂ ਦੀ ਭਾਗੀਦਾਰੀ ਤੋਂ ਬਿਨਾਂ ਨੇਪਰੇ ਨਹੀਂ ਚੜ੍ਹਦਾ ਹੈ। ਉਨ੍ਹਾਂ ਨੇ ਸ਼ਹਿਰ ਵਾਸੀਆਂ ਖਾਸ ਕਰਕੇ ਨੌਜਵਾਨਾਂ ਅਤੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਆਲਾ ਦੁਆਲਾ ਸਾਫ਼ ਰੱਖਣ ਅਤੇ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਆਪਣੇ ਜੀਵਨ ਵਿੱਚ ਘੱਟੋ-ਘੱਟ ਦੋ ਪੌਦੇ ਜ਼ਰੂਰ ਲਗਾਉਣ।
ਇਸ ਮੌਕੇ ਸੁੱਚਾ ਸਿੰਘ ਕਲੌੜ, ਹਰਜੀਤ ਸਿੰਘ ਘੋਲੂ ਤੇ ਕਮਲਪ੍ਰੀਤ ਸਿੰਘ ਬਨੀ (ਤਿੰਨੇ ਕੌਂਸਲਰ), ਨਵਜੋਤ ਸਿੰਘ ਬਾਛਲ, ਕੈਪਟਨ ਜਸਬੀਰ ਸਿੰਘ, ਹੰਸਰਾਜ ਮਾਹੀ, ਡੀਐੱਸਪੀ ਸਤਿੰਦਰ ਸਿੰਘ, ਅਮਿਤ ਮਹਾਜਨ, ਵਿਕਟਰ ਨਿਹੋਲਕਾ, ਕ੍ਰਿਸ਼ਨਾ ਮਿੱਤੂ, ਪ੍ਰਦੀਪ ਸੋਨੀ ਅਤੇ ਹੋਰ ਪਤਵੰਤੇ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਡਿਊਟੀ ਵਿੱਚ ਘੋਰ ਲਾਪਰਵਾਹੀ ਦੇ ਦੋਸ਼ ਵਿੱਚ ਇੰਸਪੈਕਟਰ ਭੁਪਿੰਦਰ ਸਿੰਘ ਮੁਅੱਤਲ

ਡਿਊਟੀ ਵਿੱਚ ਘੋਰ ਲਾਪਰਵਾਹੀ ਦੇ ਦੋਸ਼ ਵਿੱਚ ਇੰਸਪੈਕਟਰ ਭੁਪਿੰਦਰ ਸਿੰਘ ਮੁਅੱਤਲ ਚੈੱਕ ਪੋਸਟ ’ਤੇ ਨਾਈਟ ਡਿਊਟੀ …