
ਸੀਵਰੇਜ ਪਾਉਣ ਤੇ ਸੜਕ ਬਣਾਉਣ ਵਾਲੀ ਕੰਪਨੀਆਂ ਦੇ ਨੁਮਾਇੰਦਿਆਂ ਨਾਲ ਮੇਅਰ ਨੇ ਕੀਤੀ ਮੀਟਿੰਗ
20 ਦਿਨਾਂ ਵਿੱਚ ਕੁੰਭੜਾ ਚੌਕ ਤੱਕ ਸੜਕ ਬਣਾ ਕੇ ਲੋਕਾਂ ਲਈ ਖੋਲ੍ਹਣ ਦੇ ਹੁਕਮ
ਬਾਕੀ ਸੜਕ ਦੀ ਉਸਾਰੀ ਦਾ ਕੰਮ ਦੋ ਮਹੀਨਿਆਂ ’ਚ ਮੁਕੰਮਲ ਕਰਨ ਦੀਆਂ ਜਾਰੀ ਕੀਤੀਆਂ ਹਦਾਇਤਾਂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਸਤੰਬਰ:
ਮੁਹਾਲੀ ਨਗਰ ਨਿਗਮ ਵੱਲੋਂ ਸ਼ਹਿਰ ਵਾਸੀਆਂ ਦੀ ਸਹੂਲਤ ਲਈ ਚਾਰ ਦਹਾਕੇ ਪੁਰਾਣੀ ਸੀਵਰੇਜ ਪਾਈਪਲਾਈਨ ਬਦਲ ਕੇ ਨਵੇਂ ਸਿਰਿਓਂ ਸੀਵਰੇਜ ਪਾਇਆ ਗਿਆ ਹੈ। ਇਸ ਸਬੰਧੀ ਇੱਥੋਂ ਦੇ ਫੇਜ਼-11 ਸਥਿਤ ਬਾਵਾ ਵਾਈਟ ਹਾਊਸ ਤੋਂ ਬਲੌਂਗੀ ਮੁੱਖ ਸੜਕ ਇਕ ਪਾਸੇ ਤੋਂ ਪੂਰੀ ਤਰ੍ਹਾਂ ਪੁੱਟ ਦਿੱਤੀ ਗਈ ਹੈ। ਹਾਲਾਂਕਿ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਮੇਅਰ ਅਮਰਜੀਤ ਸਿੰਘ ਸਿੱਧੂ ਵੱਲੋਂ ਕੁੱਝ ਦਿਨ ਪਹਿਲਾਂ ਸੀਵਰੇਜ ਕਾਰਨ ਪੁੱਟੀ ਗਈ ਸੜਕ ਨੂੰ ਦੁਬਾਰਾ ਬਣਾਉਣ ਦੇ ਵੱਖ-ਵੱਖ ਥਾਵਾਂ ’ਤੇ ਨੀਂਹ ਪੱਥਰ ਰੱਖੇ ਗਏ ਸਨ ਅਤੇ ਬਰਸਾਤ ਤੋਂ ਪਹਿਲਾਂ ਸੜਕ ਬਣਾਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ ਪ੍ਰੰਤੂ ਹੁਣ ਤੱਕ ਇਹ ਸੜਕ ਨਹੀਂ ਬਣ ਸਕੀ। ਜਿਸ ਕਾਰਨ ਮੁਹਾਲੀ ਵਾਸੀਆਂ ਅਤੇ ਰਾਹਗੀਰਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਅੱਜ ਮੇਅਰ ਜੀਤੀ ਸਿੱਧੂ ਨੇ ਸੀਵਰੇਜ ਪਾਉਣ ਵਾਲੀ ਕੰਪਨੀ ਅਤੇ ਸੜਕ ਬਣਾਉਣ ਵਾਲੀ ਕੰਪਨੀ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ। ਜਿਸ ਵਿੱਚ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਅਤੇ ਐਕਸੀਅਨ ਹਰਪ੍ਰੀਤ ਸਿੰਘ ਵੀ ਹਾਜ਼ਰ ਸਨ। ਉਨ੍ਹਾਂ ਨੇ ਸੜਕ ਬਣਾਉਣ ਦੇ ਕੰਮ ਵਿੱਚ ਦੇਰੀ ਦਾ ਗੰਭੀਰ ਨੋਟਿਸ ਲੈਂਦਿਆਂ ਦੋਵੇਂ ਕੰਪਨੀਆਂ ਦੇ ਨੁਮਾਇੰਦਿਆਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਕਿ 20 ਦਿਨਾਂ ਦੇ ਅੰਦਰ ਅੰਦਰ ਕੁੰਭੜਾ ਚੌਕ ਤੱਕ ਸੜਕ ਬਣਾਈ ਜਾਵੇ ਤਾਂ ਜੋ ਸੜਕ ਨੂੰ ਲੋਕਾਂ ਦੀ ਆਵਾਜਾਈ ਲਈ ਖੋਲ੍ਹਿਆਂ ਜਾ ਸਕੇ। ਉਨ੍ਹਾਂ ਨੇ ਇਹ ਵੀ ਹਦਾਇਤ ਦਿੱਤੀ ਕਿ ਅਗਲੇ ਦੋ ਮਹੀਨਿਆਂ ਤੱਕ ਬਾਕੀ ਸੜਕ ਅਤੇ ਸੀਵਰੇਜ ਪ੍ਰਾਜੈਕਟ ਦਾ ਸਾਰਾ ਕੰਮ ਮੁਕੰਮਲ ਕੀਤਾ ਜਾਵੇ। ਮੇਅਰ ਨੇ ਕੰਪਨੀਆਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਕਿ ਇਹ ਦੋਵੇਂ ਕੰਮ ਸਮਾਂਬੱਧ ਹਨ। ਜੇਕਰ ਇਸ ਕੰਮ ਨੂੰ ਹੋਰ ਲਟਕਾਇਆ ਗਿਆ ਤਾਂ ਉਨ੍ਹਾਂ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਸੀਵਰੇਜ ਸਿਸਟਮ ਚਾਲੂ ਹੋਣ ਨਾਲ ਸ਼ਹਿਰ ਵਾਸੀਆਂ ਨੂੰ ਸਾਲਾਂਬੱਧੀ ਸੀਵਰੇਜ ਜਾਮ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ।