ਮੇਅਰ ਤੇ ਵਿਧਾਇਕ ਆਹਮੋ ਸਾਹਮਣੇ: ਆਉਣ ਵਾਲੇ ਦਿਨਾਂ ਦੌਰਾਨ ਵੱਧ ਸਕਦੀ ਹੈ ਮੇਅਰ ਤੇ ਵਿਧਾਇਕ ਵਿਚਾਲੇ ਖਿਚੋਤਾਣ

ਸ਼ਹਿਰ ਦੇ ਵਿਕਾਸ ਕਾਰਜਾਂ ’ਤੇ ਪੈ ਸਕਦਾ ਹੈ ਦੋਵਾਂ ਆਗੂਆਂ ਵਿੱਚ ਪੈਦਾ ਹੋਈ ਕੁੜੱਤਣ ਦਾ ਅਸਰ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਅਪਰੈਲ:
ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨਿਗਮ ਦੇ ਮੇਅਰ ਕੁਲਵੰਤ ਸਿੰਘ ਅਤੇ ਹਲਕਾ ਵਿਧਾਇਕ ਬਲਬੀਰ ਸਿੰਘ ਸਿੱਧੂ ਸਿਆਸੀ ਸਾਂਝ ਨੂੰ ਬੂਰੀ ਨਜ਼ਰ ਲੱਗ ਗਈ ਹੈ। ਦੋਵੇਂ ਆਗੂਆਂ ਦੇ ਆਪਸੀ ਰਿਸ਼ਤਿਆਂ ਵਿੱਚ ਫਿਕ ਪੈਣੀ ਸ਼ੁਰੂ ਹੋ ਗਈ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਇਹ ਕੁੜੱਤਣ ਹੋਰ ਵੀ ਵਧਣ ਦੀ ਸੰਭਾਵਨਾ ਬਣਦੀ ਦਿਖ ਰਹੀ ਹੈ। ਇਨ੍ਹਾਂ ਦੋਵਾਂ ਆਗੂਆਂ ਦੀ ਇਸ ਆਪਸੀ ਖਿਚੋਤਾਣ ਦਾ ਨਿਗਮ ਦੇ ਮੌਜੂਦਾ ਢਾਂਚੇ ਤੇ ਭਾਵੇੱ ਕੋਈ ਅਸਰ ਨਾ ਪਵੇ ਪਰ ਇਸ ਨਾਲ ਸ਼ਹਿਰ ਦੇ ਵਿਕਾਸ ਕਾਰਜਾਂ ਤੇ ਜਰੂਰ ਅਸਰ ਪੈ ਸਕਦਾ ਹੈ।
2 ਸਾਲ ਪਹਿਲਾਂ ਹੋਈ ਨਗਰ ਨਿਗਮ ਦੀ ਚੋਣ ਵੇਲੇ ਮੇਅਰ ਕੁਲਵੰਤ ਸਿੰਘ ਦੀ ਅਗਵਾਈ ਵਿੱਚ ਚੋਣ ਲੜੇ ਆਜਾਦ ਗਰੁੱਪ ਦੇ 11 ਮੈਂਬਰ ਜੇਤੂ ਰਹੇ ਸੀ ਅਤੇ ਉਸ ਵੇਲੇ 2 ਆਜ਼ਾਦ ਮੈਂਬਰਾਂ ਮਨਜੀਤ ਸਿੰਘ ਸੇਠੀ ਅਤੇ ਸ੍ਰੀਮਤੀ ਹਰਵਿੰਦਰ ਕੌਰ ਲੰਗ ਵੱਲੋਂ ਵੀ ਸ੍ਰੀ ਕੁਲਵੰਤ ਸਿੰਘ ਨੂੰ ਆਪਣਾ ਸਮਰਥਨ ਦਿੱਤੇ ਜਾਣ ਨਾਲ ਇਹਨਾਂ ਮੈਂਬਰਾਂ ਦੀ ਗਿਣਤੀ 13 ਹੋ ਰਹੀ ਸੀ। ਉਸ ਵੇਲੇ ਦੀ ਸੂਬੇ ਦੀ ਸੱਤਾਧਾਰੀ ਧਿਰ ਅਕਾਲੀ ਭਾਜਪਾ ਗਠਜੋੜ ਦੇ 23 ਮੈਂਬਰ ਚੋਣ ਜਿਤੇ ਸਨ ਜਦੋਂ ਕਿ ਹਲਕਾ ਵਿਧਾਇਕ ਸ੍ਰੀ ਸਿੱਧੂ ਦੀ ਅਗਵਾਈ ਵਿੱਚ ਚੋਣ ਲੜੀ ਕਾਂਗਰਸ ਪਾਰਟੀ ਦੇ 14 ਮੈਂਬਰ ਜਿੱਤੇ ਸਨ।
ਉਸ ਵੇਲੇ ਅਕਾਲੀ ਭਾਜਪਾ ਗੱਠਜੋੜ ਨੂੰ ਮਾਤ ਦੇਣ ਲਈ ਹਲਕਾ ਵਿਧਾਇਕ ਵੱਲੋਂ ਸ੍ਰ. ਕੁਲਵੰਤ ਸਿੰਘ ਦੇ ਧੜੇ ਨੂੰ ਸਮਰਥਨ ਦੇ ਦਿੱਤਾ ਗਿਆ ਸੀ ਅਤੇ ਇਨ੍ਹਾਂ ਧਿਰਾਂ ਵਿੱਚ ਹੋਏ ਆਪਸੀ ਸਮਝੌਤੇ ਸਦਕਾ ਸ੍ਰ. ਕੁਲਵੰਤ ਸਿੰਘ ਮੇਅਰ ਬਣ ਗਏ ਸਨ ਜਦੋਂ ਕਿ ਕਾਂਗਰਸ ਦੇ ਸ੍ਰੀ ਰਿਸ਼ਵ ਜੈਨ ਸੀਨੀਅਰ ਡਿਪਟੀ ਮੇਅਰ ਅਤੇ ਆਜਾਦ ਮੈਂਬਰ ਮਨਜੀਤ ਸਿੰਘ ਸੇਠੀ ਨੂੰ ਡਿਪਟੀ ਮੇਅਰ ਬਣਾਇਆ ਗਿਆ ਸੀ।
ਮੇਅਰ ਅਤੇ ਹਲਕਾ ਵਿਧਾਇਕ ਦੇ ਰਿਸ਼ਤਿਆਂ ਵਿੱਚ ਫਿੱਕ ਪੈਣ ਦਾ ਦੌਰ ਉਦੋਂ ਆਰੰਭ ਹੋਇਆ ਸੀ ਜਦੋਂ ਪਿਛਲੇ ਸਾਲ ਮੇਅਰ ਆਪਣੇ ਸਾਥੀ ਕੌਂਸਲਰਾਂ ਦੇ ਨਾਲ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਸਨ। ਮੇਅਰ ਦੀ ਇਸ ਕਾਰਵਾਈ ਤੋਂ ਬਾਅਦ ਹਲਕਾ ਵਿਧਾਇਕ (ਕਾਂਗਰਸ) ਨੇ ਮੇਅਰ ਤੋਂ ਆਪਣਾ ਸਮਰਥਨ ਵਾਪਿਸ ਲੈ ਲਿਆ ਸੀ ਪ੍ਰੰਤੂ ਇਸ ਦੇ ਬਾਵਜੂਦ ਸ੍ਰੀ ਰਿਸ਼ਵ ਜੈਨ ਸੀਨੀਅਰ ਡਿਪਟੀ ਮੇਅਰ ਬਣੇ ਰਹੇ ਸਨ, ਜੋ ਹੁਣ ਵੀ ਅਹੁਦੇ ’ਤੇ ਵਿਰਾਜਮਾਣ ਹਨ। ਹੁਣ ਜਦੋਂ ਪੰਜਾਬ ਵਿਧਾਨ ਸਭਾ ਚੋਣਾਂ ਤੋੱ ਬਾਅਦ ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣ ਗਈ ਹੈ ਤਾਂ ਇਹਨਾਂ ਦੋਵਾਂ ਆਗੂਆਂ ਵਿਚਾਲੇ ਆਪਸੀ ਖਿਚੋਤਾਣ ਵੀ ਵਧਦੀ ਦਿਖ ਰਹੀ ਹੈ। ਹਾਲਾਂਕਿ ਹਲਕਾ ਵਿਧਾਇਕ ਦੇ ਚੋਣ ਜਿੱਤਣ ਤੋਂ ਬਾਅਦ ਪਹਿਲੀ ਵਾਰ ਨਿਗਮ ਦੀ ਮੀਟਿੰਗ ਵਿਚ ਭਾਗ ਲੈਣ ਵੇਲੇ ਮੇਅਰ ਦੀ ਅਗਵਾਈ ਵਿਚ ਹਲਕਾ ਵਿਧਾਇਕ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ ਸੀ ਅਤੇ ਦੋਵੇਂ ਆਗੂ ਇੱਕ ਦੂਜੇ ਨਾਲ ਗਲਵਕੜੀਆਂ ਪਾਉੱਦੇ ਵੀ ਦਿਖੇ ਸੀ। ਪਰੰਤੂ ਜਿਵੇਂ ਜਿਵੇਂ ਨਿਗਮ ਦੀ ਰੁਟੀਨ ਕੰਮਾਂ ਵਿਚ ਵਿਧਾਇਕ ਦਾ ਦਖਲ ਵਧ ਰਿਹਾ ਹੈ। ਉਹਨਾਂ ਦੋਹਾਂ ਆਗੂਆਂ ਵਿਚ ਆਪਸੀ ਖਿਚੋਤਾਣ ਵੀ ਵਧ ਰਹੀ ਹੈ।
ਇਸ ਦੌਰਾਨ ਮੇਅਰ ਕੁਲਵੰਤ ਸਿੰਘ ਦੀ ਕੰਪਨੀ ਜੇਐਲਪੀਐਲ ਵੱਲੋਂ ਵਿਕਸਿਤ ਕੀਤੇ ਸੈਕਟਰ 82 ਦੇ ਉਦਯੋਗਪਤੀਆਂ ਵੱਲੋਂ ਆਪਣੀਆਂ ਮੰਗਾਂ ਲਈ ਹਲਕਾ ਵਿਧਾਇਕ ਨੂੰ ਮੰਗ ਪੱਤਰ ਦੇਣ ਮੌਕੇ ਇਸ ਤਰੀਕੇ ਨਾਲ ਵਿਧਾਇਕ ਵਲੋੱ ਇਹਨਾਂ ਉਦਯੋਗਪਤੀਆਂ ਨੂੰ ਥਾਪੜਾ ਦਿੱਤਾ ਗਿਆ ਹੈ। ਉਸ ਨਾਲ ਜਾਹਿਰ ਹੋ ਰਿਹਾ ਹੈ ਕਿ ਇਹਨਾਂ ਦੋਵਾਂ ਆਗੂਆਂ ਦੇ ਰਿਸ਼ਤਿਆਂ ਵਿਚ ਪਹਿਲਾਂ ਵਰਗੀ ਸਿਫਤ ਬਾਕੀ ਨਹੀਂ ਰਹੀ ਹੈ। ਇਹ ਵੀ ਚਰਚਾ ਹੈ ਕਿ ਹਲਕਾ ਵਿਧਾਇਕ ਵੱਲੋਂ ਨਿਗਮ ਦੇ ਕੁਝ ਅਜਿਹੇ ਅਫਸਰਾਂ ਅਤੇ ਮੁਲਾਜਮਾਂ ਦੀ ਇੱਥੋਂ ਬਦਲੀ ਕਰਵਾਉਣ ਦੀ ਵੀ ਅੰਦਰ ਖਾਤੇ ਸਿਫਾਰਸ਼ ਕੀਤੀ ਜਾ ਚੁੱਕੀ ਹੈ ਜਿਹੜੇ ਮੇਅਰ ਦੇ ਨਜਦੀਕੀ ਸਮਝੇ ਜਾਂਦੇ ਹਨ ਅਤੇ ਇਹਨਾਂ ਦੀਆਂ ਬਦਲੀਆਂ ਵੀ ਛੇਤੀ ਹੀ ਹੋ ਸਕਦੀਆਂ ਹਨ।
ਹਾਲਾਂਕਿ ਇਸ ਸਾਰੇ ਕੁਝ ਦਾ ਮੇਅਰ ਦੀ ਕੁਰਸੀ ਤੇ ਕੋਈ ਅਸਰ ਪਵੇਗਾ ਇਸ ਦੀ ਸੰਭਾਵਨਾ ਘੱਟ ਹੀ ਹੈ। ਇਸਦਾ ਕਾਰਨ ਇਹ ਹੈ ਕਿ ਮੇਅਰ ਨੂੰ ਬਣਾਉਣ ਲਈ ਭਾਵੇੱ ਅੱਧੇ ਤੋੱ ਵੱਧ ਮੈਂਬਰਾਂ ਦਾ ਸਮਰਥਨ ਹੋਣਾ ਜਰੂਰੀ ਹੁੰਦਾ ਹੈ ਪ੍ਰੰਤੂ ਮੇਅਰ ਦੇ ਖਿਲਾਫ ਬੇਵਿਸਾਹੀ ਤੇ ਮਤੇ ਲਈ ਦੋ ਤਿਹਾਈ ਬਹੁਮਤ ਹੋਣਾ ਜਰੂਰੀ ਹੁੰਦਾ ਹੈ ਅਤੇ ਇਹ ਗਿਣਤੀ 34 ਮੈਂਬਰਾਂ ਦੀ ਬਣਦੀ ਹੈ ਜਦੋਂ ਕਿ ਨਿਗਮ ਵਿੱਚ ਕਾਂਗਰਸ ਦੇ ਸਿਰਫ 14 ਮੈਂਬਰ ਹਨ। ਅਕਾਲੀ-ਭਾਜਪਾ ਗਠਜੋੜ ਦੇ ਕੁਝ ਮੈਂਬਰ ਜਰੂਰ ਮੇਅਰ ਤੋਂ ਦੂਰੀ ਬਣਾ ਕੇ ਚਲਦੇ ਹਨ ਪ੍ਰੰਤੂ ਜੇਕਰ ਉਹ ਵੀ ਕਾਂਗਰਸੀ ਮੈਂਬਰਾਂ ਦੇ ਨਾਲ ਮਿਲਕੇ ਮੇਅਰ ਦੇ ਖਿਲਾਫ ਹੋ ਜਾਣ ਤਾਂ ਵੀ ਮੇਅਰ ਦੀ ਕੁਰਸੀ ਨੂੰ ਹਾਲ ਫਿਲਹਾਲ ਕੋਈ ਖਤਰਾ ਨਹੀਂ ਹੈ। ਇੰਨਾ ਜਰੂਰ ਹੈ ਕਿ ਇਹਨਾਂ ਦੋਵਾਂ ਆਗੂਆਂ ਵਿੱਚ ਹੋਣ ਵਾਲੀ ਇਸ ਖਿਚੋਤਾਣ ਦਾ ਅਸਰ ਸ਼ਹਿਰ ਦੇ ਵਿਕਾਸ ਕਾਰਜਾਂ ਤੇ ਪੈ ਸਕਦਾ ਹੈ ਵੇਖਣਾ ਇਹ ਹੈ ਕਿ ਆਉਣ ਵਾਲੇ ਸਮੇੱ ਵਿੱਚ ਇਸਦਾ ਕੀ ਨਤੀਜਾ ਨਿਕਲ ਕੇ ਆਉੱਦਾ ਹੈ।

Load More Related Articles
Load More By Nabaz-e-Punjab
Load More In General News

Check Also

ਮੇਅਰ ਵੱਲੋਂ ਸਮੱਸਿਆਵਾਂ ਹੱਲ ਕਰਨ ਦਾ ਭਰੋਸਾ, ਐਸਐਚਓ ਨੇ ਚੋਰ ਜਲਦੀ ਫੜਨ ਦੀ ਗੱਲ ਕਹੀ

ਮੇਅਰ ਵੱਲੋਂ ਸਮੱਸਿਆਵਾਂ ਹੱਲ ਕਰਨ ਦਾ ਭਰੋਸਾ, ਐਸਐਚਓ ਨੇ ਚੋਰ ਜਲਦੀ ਫੜਨ ਦੀ ਗੱਲ ਕਹੀ ਵੈੱਲਫੇਅਰ ਐਸੋਸੀਏਸ਼ਨ …