
ਡਿਪਟੀ ਮੇਅਰ ਵੱਲੋਂ ਮੁਹਾਲੀ ਵਿੱਚ ਪੱਤਰਕਾਰਾਂ ਦੀ ਸਹੂਲਤ ਲਈ ਆਧੁਨਿਕ ਪ੍ਰੈਸ ਕਲੱਬ ਬਣਾਉਣ ਦੀ ਮੰਗ
ਪੁੱਡਾ ਤੇ ਲੋਕ ਸੰਪਰਕ ਮੰਤਰੀ ਅਮਨ ਅਰੋੜਾ ਨੂੰ ਲਿਖਿਆ ਪੱਤਰ, ਕਿਹਾ ਗਮਾਡਾ ਕਰੇ ਪ੍ਰੈਸ ਕਲੱਬ ਇਮਾਰਤ ਦੀ ਉਸਾਰੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਜੁਲਾਈ:
ਮੁਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਅਤੇ ਲੋਕ ਸੰਪਰਕ ਮੰਤਰੀ ਅਮਨ ਅਰੋੜਾ ਨੂੰ ਪੱਤਰ ਲਿਖ ਕੇ ਮੁਹਾਲੀ ਵਿੱਚ ਪੱਤਰਕਾਰਾਂ ਦੀ ਸਹੂਲਤ ਲਈ ਸਾਂਝੇ ਪ੍ਰੈੱਸ ਕਲੱਬ ਲਈ ਲੋੜੀਂਦੀ ਜ਼ਮੀਨ ਅਲਾਟ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਮੁਹਾਲੀ ਵਿੱਚ ਆਧੁਨਿਕ ਪ੍ਰੈੱਸ ਕਲੱਬ ਦਾ ਹੋਣਾ ਮੌਜੂਦਾ ਸਮੇਂ ਦੀ ਮੁੱਖ ਮੰਗ ਹੈ। ਉਨ੍ਹਾਂ ਕਿਹਾ ਕਿ ਇਹ ਪਹਿਲਾ ਮੌਕਾ ਹੈ ਜਦੋਂ ਪੁੱਡਾ ਅਤੇ ਪਬਲਿਕ ਰਿਲੇਸ਼ਨ ਵਿਭਾਗ ਇੱਕੋ ਮੰਤਰੀ ਕੋਲ ਹਨ। ਜਿਸ ਦਾ ਫ਼ੀਲਡ ਵਿੱਚ ਕੰਮ ਕਰਦੇ ਪੱਤਰਕਾਰਾਂ ਨੂੰ ਪੂਰਾ ਲਾਭ ਮਿਲਣਾ ਚਾਹੀਦਾ ਹੈ।
ਡਿਪਟੀ ਮੇਅਰ ਨੇ ਆਪਣੇ ਪੱਤਰ ਵਿੱਚ ਕਿਹਾ ਕਿ ਮੁਹਾਲੀ ਦਾ ਖੇਤਰਫਲ ਲਗਾਤਾਰ ਵਧ ਰਿਹਾ ਹੈ ਅਤੇ ਇਸ ਨੂੰ ਪੰਜਾਬ ਦੀ ਮਿੰਨੀ ਰਾਜਧਾਨੀ ਵਜੋਂ ਜਾਣਿਆ ਜਾਂਦਾ ਹੈ। ਇੱਥੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੇ ਕਈ ਅਹਿਮ ਵਿਭਾਗਾਂ ਦੇ ਹੈੱਡਕੁਆਰਟਰ ਸਥਾਪਤ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਪ੍ਰੈੱਸ ਕਲੱਬ ਬਣਾਉਣ ਲਈ ਪਿਛਲੀਆਂ ਸਰਕਾਰਾਂ ਨੇ ਕੋਈ ਕਦਮ ਨਹੀਂ ਚੁੱਕਿਆ ਜਦੋਂਕਿ ਪੱਤਰਕਾਰ ਭਾਈਚਾਰਾ ਸ਼ੁਰੂ ਤੋਂ ਪ੍ਰੈੱਸ ਕਲੱਬ ਲਈ ਮੁਹਾਲੀ ਵਿੱਚ ਜ਼ਮੀਨ ਅਲਾਟ ਕਰਨ ਦੀ ਮੰਗ ਕਰਦਾ ਆ ਰਿਹਾ ਹੈ।
ਸ੍ਰੀ ਬੇਦੀ ਨੇ ਕਿਹਾ ਕਿ ਜਿੱਥੇ ਪੱਤਰਕਾਰਾਂ ਦਾ ਇਕ ਪੱਕਾ ਟਿਕਾਣਾ ਨਾ ਹੋਣ ਕਾਰਨ ਇਲੈਕਟ੍ਰੋਨਿਕ ਮੀਡੀਆ ਅਤੇ ਪ੍ਰਿੰਟ ਮੀਡੀਆ ਦੇ ਉਨ੍ਹਾਂ ਪੱਤਰਕਾਰਾਂ ਅਤੇ ਫੋਟੋਗਰਾਫ਼ਰਾਂ ਨੂੰ ਥਾਂ-ਥਾਂ ਧੱਕੇ ਖਾਣੇ ਪੈਂਦੇ ਹਨ, ਜਿਨ੍ਹਾਂ ਕੋਲ ਆਪਣੇ ਦਫ਼ਤਰ ਨਹੀਂ ਹਨ ਅਤੇ ਦੂਜੇ ਪਾਸੇ ਸਿਆਸੀ ਅਤੇ ਸਮਾਜਿਕ ਜਥੇਬੰਦੀਆਂ ਤੇ ਹੋਰਨਾਂ ਲੋਕਾਂ ਨੂੰ ਪੱਤਰਕਾਰ ਸੰਮੇਲਨ ਕਰਨ ਲਈ ਚੰਡੀਗੜ੍ਹ ਵੱਲ ਵੇਖਣਾ ਪੈਂਦਾ ਹੈ ਜਾਂ ਮਹਿੰਗੇ ਹੋਟਲਾਂ ਵਿੱਚ ਕਾਨਫ਼ਰੰਸਾਂ ਕਰਨੀਆਂ ਪੈਂਦੀਆਂ ਹਨ।
ਉਨ੍ਹਾਂ ਕਿਹਾ ਕਿ ਉਹ ਪਿਛਲੇ 30-32 ਸਾਲਾਂ ਤੋਂ ਮੁਹਾਲੀ ਵਿੱਚ ਸਰਗਰਮ ਸਿਆਸੀ ਭੂਮਿਕਾ ਅਦਾ ਕਰ ਰਹੇ ਹਨ, ਪੱਤਰਕਾਰਾਂ ਨਾਲ ਉਨ੍ਹਾਂ ਦਾ ਰੋਜ਼ ਦਾ ਵਾਹ ਹੈ ਅਤੇ ਉਹ ਪੱਤਰਕਾਰਾਂ ਦੀਆਂ ਸਮੱਸਿਆਵਾਂ ਨੂੰ ਵੀ ਭਲੀਭਾਂਤ ਜਾਣਦੇ ਹਨ। ਉਨ੍ਹਾਂ ਕਿਹਾ ਕਿ ਨਗਰ ਨਿਗਮ ਕੋਲ ਆਪਣੀ ਕੋਈ ਪੱਕੀ ਥਾਂ ਨਾ ਹੋਣ ਕਾਰਨ ਨਗਰ ਨਿਗਮ ਅਜਿਹੀ ਕੋਈ ਜਗ੍ਹਾ ਪ੍ਰੈੱਸ ਕਲੱਬ ਲਈ ਅਲਾਟ ਨਹੀਂ ਕਰ ਸਕਦੀ ਅਤੇ ਜੇਕਰ ਕੋਈ ਕਮਿਊਨਿਟੀ ਸੈਂਟਰ ਦਾ ਕਮਰਾ ਪ੍ਰੈੱਸ ਕਲੱਬ ਲਈ ਦੇ ਵੀ ਦਿੱਤਾ ਜਾਵੇ ਤਾਂ ਉਹ ਪੱਤਰਕਾਰਾਂ ਦੀਆਂ ਲੋੜਾਂ ਨੂੰ ਪੂਰਾ ਨਹੀਂ ਕਰਦਾ। ਉਨ੍ਹਾਂ ਕੈਬਨਿਟ ਮੰਤਰੀ ਅਮਨ ਅਰੋੜਾ ਤੋਂ ਮੰਗ ਕੀਤੀ ਕਿ ਨਾ ਸਿਰਫ਼ ਪੱਤਰਕਾਰਾਂ ਲਈ ਪ੍ਰੈੱਸ ਕਲੱਬ ਲਈ ਢੁਕਵੀਂ ਜਗ੍ਹਾ ਅਲਾਟ ਕੀਤੀ ਜਾਵੇ ਸਗੋਂ ਨਵੀਂ ਟੈਕਨਾਲੋਜੀ ਨਾਲ ਲੈਸ ਪ੍ਰੈੱਸ ਕਲੱਬ ਦੀ ਉਸਾਰੀ ਕਰਕੇ ਦਿੱਤੀ ਜਾਵੇ ਤਾਂ ਜੋ ਪੱਤਰਕਾਰ ਉੱਥੇ ਬੈਠ ਕੇ ਖ਼ਬਰਾਂ ਲਿਖ ਸਕਣ। ਇਸ ਨਾਲ ਇਲਾਕੇ ਦੇ ਲੋਕਾਂ ਨੂੰ ਵੀ ਕਾਫ਼ੀ ਲਾਭ ਮਿਲੇਗਾ।